ਜਲ ਸ੍ਰੋਤ ਵਿਭਾਗ ਨੂੰ ਖਤਮ ਕਰਨ ਦੇ ਰਾਹ ਤੁਰੀ ਸਰਕਾਰ

ਫੀਲਡ ਕਾਮਿਆਂ ਵੱਲੋਂ ਸਰਕਾਰ ਖਿਲਾਫ ਤਿੱਖੇ ਸੰਘਰਸ਼ ਦਾ ਐਲਾਨ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਜਲ ਸਰੋਤ ਵਿਭਾਗ ‘ਚ ਅਸਾਮੀਆਂ ਖਤਮ ਕਰਨ ਦੇ ਚੱਲੇ ਸਰਕਾਰੀ ਕੁਹਾੜੇ ਨੇ ਮੁਲਾਜ਼ਮਾਂ ‘ਚ ਰੋਹ ਪੈਦਾ ਕਰ ਦਿੱਤਾ ਹੈ। ਸਰਕਾਰ ਵੱਲੋਂ ਜਿਹੜੀਆਂ 8657 ਪੋਸਟਾਂ ਦਾ ਭੋਗ ਪਾਇਆ ਹੈ ਉਨ੍ਹਾਂ ਵਿੱਚ 1893 ਉਹ ਅਸਾਮੀਆਂ ਹਨ, ਜਿਨ੍ਹਾਂ ‘ਤੇ ਮੌਜੂਦਾ ਸਮੇਂ ਕਰਮਚਾਰੀ ਕੰਮ ਕਰ ਰਹੇ ਹਨ, ਜਿਨ੍ਹਾਂ ਨੂੰ ਪਿਛਲੇ ਕੱਢੇ ਸਰਕਾਰ ਦੇ ਪੱਤਰ ਅਨੁਸਾਰ ਕਦੇ ਵੀ ਘਰ ਤੋਰ ਦਿੱਤਾ ਜਾ ਸਕਦਾ ਹੈ। ਇਕੱਤਰ ਜਾਣਕਾਰੀ ਮੁਤਾਬਿਕ ਸਾਲ 1849 ਵਿੱਚ ਪੁਰਾਣਾ ਸਿੰਚਾਈ ਵਿਭਾਗ ਹੋਂਦ ‘ਚ ਆਇਆ ਸੀ। ਇਸ ਦਾ ਕੰਮ ਡੈਮ, ਨਹਿਰਾਂ, ਸੁਏ ਬਣਾ ਕੇ ਲੋਕਾਂ ਲਈ ਪੀਣ ਵਾਲਾ ਪਾਣੀ ਤੋਂ ਇਲਾਵਾ ਖੇਤੀ ਲਈ ਪਾਣੀ ਦਾ ਪ੍ਰਬੰਧ ਕਰਨਾ ਸੀ।

ਉਸ ਸਮੇਂ ਇਸ ਵਿਭਾਗ ਵੱਲੋਂ ਖੇਤੀ ਦੇ ਹਰੇ ਇਨਕਲਾਬ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ ਸੀ। ਇਸਦੇ ਨਾਲ ਹੀ ਉਕਤ ਵਿਭਾਗ ਮੀਂਹਾਂ ਮੌਕੇ ਨਦੀਆਂ-ਨਾਲਿਆਂ ਦੇ ਰੱਖ ਰਖਾਵ ਦਾ ਆਪਣਾ ਕੰਮ ਸੰਭਾਲਦਾ ਸੀ। ਸਿੰਚਾਈ ਵਿਭਾਗ ਅੰਦਰ ਕੁਝ ਸਮਾਂ ਪਹਿਲਾਂ ਪੰਜ ਵਿੰਗ ਕੰਮ ਕਰਦੇ ਸਨ, ਜਿਨ੍ਹਾਂ ਵਿੱਚ ਡੈਮ, ਨਹਿਰਾਂ, ਲਾਇਨਿੰਗ, ਇਰੀਗੇਸ਼ਨ ਬ੍ਰਾਂਚ ਅਤੇ ਡਰੇਨਜ਼ ਵਿਭਾਗ ਸ਼ਾਮਲ ਸਨ।

ਸਰਕਾਰ ਵੱਲੋਂ ਲਾਇਨਿੰਗ ਵਿਭਾਗ ਨੂੰ ਕੁਝ ਸਮਾਂ ਪਹਿਲਾਂ ਤੋੜ ਕੇ ਖਾਣਾਂ ਤੇ ਭੂ- ਵਿਗਿਆਨ ਵਿਭਾਗ ‘ਚ ਮਰਜ਼ ਕਰ ਦਿੱਤਾ, ਪਰ ਉਸ ਤੋਂ ਬਾਅਦ ਖਾਣਾਂ ਅਤੇ ਭੂ ਵਿਗਿਆਨ ਵਿਭਾਗ ਨੂੰ ਮਿਲਾਕੇ ਜਲ ਸਰੋਤ ਵਿਭਾਗ ਬਣਾ ਦਿੱਤਾ। ਵਾਟਰ ਸਪਲਾਈ ਤੇ ਹੋਰ ਵਿਭਾਗਾਂ ਦੀ ਤਰ੍ਹਾਂ ਇਹ ਵਿਭਾਗ ਵੀ ਸਰਕਾਰ ਦੀ ਭੈੜੀ ਨਜ਼ਰੇ ਚੜ੍ਹ ਗਿਆ। ਲੰਮਾ ਸਮਾਂ 24263 ਅਸਾਮੀਆਂ ਨਾਲ ਕੰਮ ਕਰਨ ਵਾਲੇ ਵਿਭਾਗ ਦੀਆਂ 8657 ਪੋਸਟਾਂ ਬੀਤੇ ਦਿਨੀਂ ਖਤਮ ਕਰ ਦਿੱਤੀਆਂ ਤੇ ਮੌਜੂਦਾ ਗਿਣਤੀ 15606 ਕਰ ਦਿੱਤੀ ਹੈ।

ਪੀਡਬਲਯੂਡੀ ਫ਼ੀਲਡ ਤੇ ਵਰਕਸਾਪ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਦਰਸਨ ਬੇਲੂਮਾਜਰਾ ਦਾ ਕਹਿਣਾ ਹੈ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਵੀ ਵਿਭਾਗ ‘ਚ 17499 ਮੁਲਾਜ਼ਮ ਮੌਜੂਦ ਹਨ। ਦੇਸ਼ ਦੇ ਇਤਿਹਾਸ ਦਾ ਇਹ ਪਹਿਲਾ ਫ਼ੈਸਲਾ ਹੋਵੇਗਾ ਕਿ 1893 ਉਹ ਅਸਾਮੀਆਂ ਹਨ, ਜਿੰਨ੍ਹਾਂ ‘ਤੇ ਕਰਮਚਾਰੀ ਕੰਮ ਕਰਦੇ ਹਨ ਪਰ ਸਰਕਾਰ ਨੇ ਨਿਯਮਾਂ ਨੂੰ ਛਿੱਕੇ ਟੰਗਕੇ ਪੋਸਟਾਂ ਖਤਮ ਕਰ ਦਿੱਤੀਆਂ।

ਇਨ੍ਹਾਂ ਖਤਮ ਹੋਈਆਂ ਪੋਸਟਾਂ ‘ਚ 97 ਪ੍ਰਤੀਸਤ ਪੋਸਟਾਂ ਦਰਜਾਚਾਰ ਕਾਮਿਆਂ ਦੀਆਂ ਹਨ, ਜਦ ਕਿ ਪੰਜਾਬ ਜਲ ਰੇਗੂਲੇਸ਼ਨ ਅਤੇ ਵਿਕਾਸ ਅਥਾਰਟੀ ‘ਚ ਸਿਰਫ਼ 70 ਪੋਸਟਾਂ ਭਰਨ ਦੀ ਪ੍ਰਵਾਨਗੀ ਦਿੱਤੀ ਹੈ, ਉਹ ਵੀ (ਪੀ ਡਬਲਯੂ ਆਰ ਡੀ ਏ) ਇਕਰਾਰਨਾਮੇ, ਡੇਪੂਟੇਸਨ ਦੇ ਅਧਾਰ ‘ਤੇ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਸਰਕਾਰ ਵੱਲੋਂ ਇੱਕ ਪੱਤਰ ਕੱਢਿਆ ਗਿਆ ਸੀ ਕਿ ਜੋ ਮੁਲਾਜ਼ਮ ਨਿਕੰਮੇ ਜਾਂ ਭ੍ਰਿਸ਼ਟਾਚਾਰੀ ਹਨ, ਜਿਨ੍ਹਾਂ ਦੀ ਸੇਵਾ 15, 20, 25 ਜਾਂ 30 ਸਾਲ ਦੀ ਹੈ, ਉਨ੍ਹਾਂ ਨੂੰ ਕਦੇ ਵੀ ਸਰਕਾਰ ਨੌਕਰੀ ਤੋਂ ਫਾਰਗ ਕਰ ਸਕਦੀ ਹੈ। ਇਹ 1893 ਮੁਲਾਜ਼ਮ ਅਜਿਹੀ ਕੈਟਾਗਰੀ ਵਿੱਚ ਆਉਂਦੇ ਹਨ। ਬੇਲੂਮਾਜਰਾ ਦਾ ਕਹਿਣਾ ਹੈ ਕਿ ਜਿਹੜੇ ਵਿਭਾਗ ‘ਚ ਇੱਕ ਮੇਟ ਕੋਲ ਬਹੁਤ ਸਾਰੇ ਬੇਲਦਾਰ ਕੰਮ ਕਰਦੇ ਸਨ ਉਹ ਹੁਣ ਨਹਿਰਾਂ ‘ਤੇ ਨਹੀ ਦਿਖਣਗੇ।

ਵਿਭਾਗ ਦੇ ਵੱਡੇ ਹਿੱਸੇ ਨੂੰ ਸਰਕਾਰ ਠੇਕੇ ‘ਤੇ ਦੇਣ ਦੀ ਤਿਆਰੀ ‘ਚ

ਜੇਕਰ ਸਮੁੱਚੇ ਵਿਭਾਗ ਦੀ ਕਾਰਜਸ਼ੈਲੀ ‘ਤੇ ਨਜਰ ਮਾਰੀਏ ਤਾਂ ਇੱਕ ਜੂਨੀਅਰ ਇੰਜਨੀਅਰ ਕੋਲ ਦੋ ਜਾਂ ਤਿੰਨ ਬੇਲਦਾਰ ਹੀ ਕੰਮ ਕਰਨਗੇ। ਬੇਲੂਮਾਜਰਾ ਨੇ ਕਿਹਾ ਕਿ ਸਰਕਾਰ ਵੱਲੋਂ ਲਏ ਫੈਸਲੇ ਤੋਂ ਇੰਝ ਲੱਗਦਾ ਹੈ ਕਿ ਵਿਭਾਗ ਦਾ ਵੱਡਾ ਹਿੱਸਾ ਸਰਕਾਰ ਠੇਕੇ ‘ਤੇ ਦੇਣ ਦੀ ਤਿਆਰੀ ਕਰ ਰਹੀ ਹੈ। ਸਰਕਾਰ ਦਾ ਇਹ ਫੈਸਲਾ ਬੇਰੁਜ਼ਗਾਰ ਬੱਚਿਆਂ, ਕਿਸਾਨਾਂ ਤੇ ਸਮੁੱਚੇ ਲੋਕਾਂ ਲਈ ਮੰਦਭਾਗਾ ਹੈ।

ਫੈਸਲੇ ਖਿਲਾਫ਼ ਮੁਲਾਜ਼ਮਾਂ ਵੱਲੋਂ ਅਰਥੀ ਸਾੜ ਮੁਜਾਹਰਾ

ਅਸਾਮੀਆਂ ਖਤਮ ਕਰਨ ਦੇ ਮਾਮਲੇ ‘ਚ ਅੱਜ ਮੁਲਾਜ਼ਮਾਂ ਵੱਲੋਂ ਸਰਕਾਰ ਦੀ ਅਰਥੀ ਸਾੜਕੇ ਇਸ ਫੈਸਲੇ ਦਾ ਵਿਰੋਧ ਕੀਤਾ ਗਿਆ। ਆਗੂਆਂ ਦਰਸ਼ਨ ਸਿੰਘ ਬੇਲੂਮਾਜਰਾ, ਜਸਵੀਰ ਖੋਖਰ ਅਤੇ ਰਣਧੀਰ ਸਿੰਘ ਦਾ ਕਹਿਣਾ ਸੀ ਕਿ ਉਹ ਇਸ ਫੈਸਲੇ ਵਿਰੁੱਧ ਪੰਜਾਬ ਅੰਦਰ ਲਾਮਬੰਦੀ ਕਰਨਗੇ ਅਤੇ ਇਸ ਫੈਸਲੇ ਦਾ ਸਖਤ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਅਸਾਮੀਆਂ ‘ਤੇ ਲਗਾਤਾਰ ਕੱਟ ਲਗਾ ਰਹੀ ਹੈ ਤਾਂ ਜੋ ਮੁਲਾਜ਼ਮਾਂ ਦੀਆਂ ਤਨਖਾਹਾਂ ਤੋਂ ਬਚਿਆ ਜਾ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ