ਸਰਕਾਰ ਬਦਲੀ ਪਰ ਅਜੇ ਵੀ ਨਹੀਂ ਰੁਕਿਆ ਨੌਜਵਾਨਾਂ ਦਾ ਟਾਵਰਾਂ ’ਤੇ ਚੜ੍ਹਨ ਦਾ ਮੰਦਭਾਗਾ ਸਿਲਸਿਲਾ

Towers

ਜਬਰਦਸਤੀ ਧਰਨਾ ਚੁਕਵਾਉਣ ਦੀ ਕਾਰਵਾਈ ਕਰਨ ’ਤੇ ਹਾਈਵੋਲਟੇਜ ਤਾਰਾਂ ਨੂੰ ਹੱਥ ਲਾਉਣ ਦੀ ਦਿੱਤੀ ਚਿਤਾਵਨੀ | Towers

ਪਟਿਆਲਾ (ਖੁਸਵੀਰ ਸਿੰਘ ਤੂਰ)। ਭਰਤੀ ਦੀ ਮੰਗ ਸਬੰਧੀ ਲੰਮੇ ਸਮੇਂ ਤੋਂ ਧਰਨਾ ਪ੍ਰਦਰਸ਼ਨ ਕਰ ਰਹੇ ਅਪ੍ਰੇਂਟਿਸਸ਼ਿਪ ਲਾਈਨਮੈਨ ਸੰਘਰਸ ਯੂਨੀਅਨ ਦੇ ਕਾਰਕੁੰਨ ਮੁੱਖ ਮੰਤਰੀ ਨਾਲ ਹੋਣ ਵਾਲੀ 29 ਸਤੰਬਰ ਦੀ ਮੀਟਿੰਗ ਮੁਲਤਵੀ ਹੋਣ ਦੇ ਰੋਸ ਵਜੋਂ ਸ਼ਨਿੱਚਰਵਾਰ ਸ਼ਾਮ ਨੂੰ ਮੁੜ ਹਾਈਵੋਲਟੇਜ਼ ਲਾਈਨ ਦੇ ਟਾਵਰ (Towers) ’ਤੇ ਜਾ ਚੜ੍ਹੇ ਹਨ। ਪਾਵਰਕੌਮ ਦੇ ਮੁੱਖ ਦਫਤਰ ਸਾਹਮਣੇ ਪੱਕਾ ਧਰਨਾ ਲਾ ਕੇ ਬੈਠੇ ਇਨ੍ਹਾਂ ਨੌਜਵਾਨਾਂ ਵਿੱਚੋਂ 2 ਦਰਜਨ ਦੇ ਕਰੀਬ ਨੌਜਵਾਨ ਬਡੂੰਗਰ ਸਥਿਤ ਟਾਵਰ ’ਤੇ ਜਾ ਚੜੇ੍ਹ ਅਤੇ ਟਾਵਰ ਦੇ ਸਿਖਰ ’ਤੇ ਬੈਠ ਕੇ ਜਿਲ੍ਹਾ ਪ੍ਰਸਾਸ਼ਨ ਨੂੰ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਧਰਨੇ ਨੂੰ ਜ਼ਬਰੀ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਹਾਈਵੋਲਟੇਜ਼ ਲਾਈਨ ਨੂੰ ਹੱਥ ਲਾ ਲੈਣਗੇ।

ਇਸ ਸਬੰਧੀ ਗੱਲਬਾਤ ਕਰਦਿਆਂ ਅਪ੍ਰੇਂਟਿਸਸ਼ਿਪ ਲਾਈਨਮੈਨ ਸੰਘਰਸ਼ ਯੂਨੀਅਨ ਦੇ ਨੌਜਵਾਨਾਂ ਨੇ ਦੱਸਿਆ ਕਿ ਬੀਤੇ ਦਿਨੀਂ ਜਦੋਂ ਉਹ ਟਾਵਰ ਤੇ ਬੈਠੇ ਸਨ ਤਾਂ ਡਿਪਟੀ ਕਮਿਸ਼ਨਰ ਪਟਿਆਲਾ ਸ਼ਾਕਸੀ ਸ਼ਾਹਨੀ ਨੇ ਲਿਖਤੀ ਭਰੋਸਾ ਦਿੱਤਾ ਸੀ ਕਿ ਯੂਨੀਅਨ ਦੀ ਮੁੱਖ ਮੰਤਰੀ ਨਾਲ 29 ਸਤੰਬਰ ਨੂੰ ਮੀਟਿੰਗ ਕਰਵਾਈ ਜਾਵੇਗੀ ਪਰ ਜਦੋਂ ਮੀਟਿੰਗ ਲਈ ਜਾਣ ਲੱਗੇ ਤਾਂ ਫੋਨ ਆ ਗਿਆ ਕਿ ਮੀਟਿੰਗ ਕੈਂਸਲ ਕਰਕੇ 4 ਅਕਤੂਬਰ ਨੂੰ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ ਜਿਸ ਕਾਰਨ ਵਾਰ ਵਾਰ ਮੀਟਿੰਗ ਦੀ ਤਰੀਕ ਬਦਲ ਕੇ ਲਾਰੇ ਲਾਏ ਜਾ ਰਹੇ ਹਨ। ਯੂਨੀਅਨ ਆਗੂਆਂ ਨੇ ਆਖਿਆ ਕਿ ਉਨ੍ਹਾਂ ਵੱਲੋਂ ਜਿਲ੍ਹਾ ਪ੍ਰਸ਼ਾਸਨ ਨੂੰ ਕਿਹਾ ਗਿਆ ਸੀ ਕਿ ਜੇਕਰ 30 ਸਤੰਬਰ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਨਹੀਂ ਕਰਵਾਈ ਜਾਂਦੀ ਤਾਂ ਉਹ ਵੱਡਾ ਐਕਸ਼ਨ ਲੈਣਗੇ, ਜਿਸ ਦੇ ਰੋਸ ਵਜੋਂ 20 ਤੋ 25 ਨੋਜਵਾਨ ਟਾਵਰ ’ਤੇ ਚੜ੍ਹੇ ਹਨ।

ਉਨ੍ਹਾਂ ਆਖਿਆ ਕਿ ਜਿਲ੍ਹਾ ਪ੍ਰਸਾਸ਼ਨ ਪਾਵਰਕੌਮ ਦੇ ਦਫਤਰ ਸਾਹਮਣੇ ਲਾਇਆ ਧਰਨਾ ਚੁੱਕਣ ਲਈ ਦਬਕੇ ਮਾਰ ਰਿਹਾ ਹੈ ਪਰ ਉਹ ਧਰਨਾ ਕਿਸੇ ਵੀ ਕੀਮਤ ’ਤੇ ਨਹੀ ਚੁੱਕਣਗੇ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਲਾਠੀਚਾਰਜ ਕਰਕੇ ਜਬਰਦਸਤੀ ਧਰਨਾ ਚੁਕਵਾਉਣ ਦੀ ਕਾਰਵਾਈ ਕੀਤੀ ਤਾਂ ਟਾਵਰ ’ਤੇ ਚੜ੍ਹੇ ਨੌਜਵਾਨ ਬਿਜਲੀ ਦੀਆਂ ਤਾਰਾਂ ਨੂੰ ਹੱਥ ਲਗਾ ਲੈਣਗੇ,ਜਿਸਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।

ਇਹ ਵੀ ਪੜ੍ਹੋ ; ਗੁਰੂਹਰਸਹਾਏ ਦੀ ਮੁੱਖ ਅਨਾਜ਼ ਮੰਡੀ ਅੰਦਰ ਬਾਸਮਤੀ ਝੋਨੇ ਦੀ ਆਮਦ ਸ਼ੁਰੂ

ਜ਼ਿਕਰਯੋਗ ਹੈ ਕਿ ਇਹ ਨੌਜਵਾਨ ਅਪ੍ਰੇਂਟਿਸਸ਼ਿਪ ਲਾਈਨਮੈਨ ਸੰਘਰਸ਼ ਯੂਨੀਅਨ ਦੇ ਬੈਨਰ ਹੇਠ 4 ਸਤੰਬਰ ਤੋਂ ਪਾਵਰਕੌਮ ਦੇ ਦਫਤਰ ਸਾਹਮਣੇ ਰੋਸ਼ ਪ੍ਰਦਰਸ਼ਨ ਕਰ ਰਹੇ ਹਨ ਅਤੇ ਇਨ੍ਹਾਂ ਦੀ ਪਾਵਰਕੌਮ ਦੇ ਅਧਿਕਾਰੀਆਂ ਨਾਲ ਬੈਠਕ ਬੇਨਤੀਜਾ ਰਹਿਣ ਉਪਰੰਤ ਪੁਲਿਸ ਨੇ ਇਨ੍ਹਾਂ ਨੂੰ ਜ਼ਬਰੀ ਖਦੇੜ ਦਿੱਤਾ ਸੀ ਅਤੇ ਇਹ ਨੌਜਵਾਨ ਕੁੜੀਆਂ ਸਮੇਤ ਟਾਵਰ ਤੇ ਜਾ ਚੜ੍ਹੇ ਸਨ।