ਖਜਾਨਾ ਮੰਤਰੀ ਨੇ ਮੁਸਲਿਮ ਭਾਈਚਾਰੇ ਨੂੰ ਆਖਿਆ ਈਦ ਮੁਬਾਰਕ

Treasure, Minister, Said, Muslim, Community, Eid Greetings

ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਹੱਲ ਕੀਤਾ

ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਖਜਾਨਾ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਹਾਜੀ ਰਤਨ ਦਰਗਾਹ ਵਿਖੇ ਪੁੱਜ ਕੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ ਅਤੇ ਮੁਲਕ ਦੀ ਤਰੱਕੀ ਤੇ ਅਮਨ ਸ਼ਾਂਤੀ ਦੀ ਦੁਆ ਮੰਗੀ। ਇਸ ਮੌਕੇ ਆਈ.ਜੀ.ਬਠਿੰਡਾ ਐਮ.ਐਫ.ਫਾਰੂਖੀ ਨੇ ਵੀ ਸਜਦਾ ਕੀਤਾ ਅਤੇ ਭਾਈਚਾਰੇ ਨੂੰ ਵਧਾਈਆਂ ਦਿੱਤੀਆਂ ਵਿੱਤ ਮੰਤਰੀ ਨੇ ਕਿਹਾ ਕਿ ਈਦ-ਉਲ-ਫਿਤਰ ਦੇ ਮੌਕੇ ਨਮਾਜ਼ ਅਦਾ ਕਰਕੇ ਆਪਣੇ ਘਰ ‘ਚ ਮਿਠਾਈਆਂ ਵਰਤਾਉਣ ਤੋਂ ਪਹਿਲਾਂ ਗਰੀਬਾਂ ਦੇ ਬੱਚਿਆਂ ਅਤੇ ਘਰਾਂ ਨੂੰ ਵੀ ਕੁੱਝ ਦਿੱਤਾ ਜਾਵੇ।

ਉਨ੍ਹਾਂ ਕਿਹਾ ਕਿ ਮੁਸਲਿਮ ਭਾਈਚਾਰਾ ਸਾਡੇ ਸਮਾਜ ਦਾ ਇੱਕ ਅਹਿਮ ਅੰਗ ਹੈ ਜਿਸ ਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ ਤੇ ਹੱਲ ਕੀਤੀਆਂ ਜਾਣਗੀਆਂ। ਮਨਪ੍ਰੀਤ ਬਾਦਲ ਨੇ ਈਦਗਾਹ ਵਿਖੇ ਉਸਾਰੀਆਂ ਅਤੇ ਹੋਰ ਵਿਕਾਸ ਕਾਰਜਾਂ ਲਈ ਸਰਕਾਰ ਵੱਲੋਂ 25 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਚੇਅਰਮੇਨ ਮੁਸਲਮਾਨ ਹਿਊਮਨ ਵੈਲਫੇਅਰ ਸੁਸਾਇਟੀ ਸ਼੍ਰੀ ਜਮੀਲ ਅਹਿਮਦ, ਪ੍ਰਧਾਨ ਗਲੀਮ ਖਾਨ, ਡਾ. ਨੂਰ ਮੁਹੰਮਦ ਅਤੇ ਸਾਫ਼ੀ ਮੁਹੰਮਦ ਹਾਜਰ ਸਨ, ਜਿੰਨ੍ਹਾਂ ਖਜਾਨਾ ਮੰਤਰੀ ਨੂੰ ਜੀ ਆਇਆਂ ਵੀ ਆਖਿਆ  ਓਧਰ ਵਿੱਤ ਮੰਤਰੀ ਨੇ ਆਪਣੇ ਦਫ਼ਤਰ ‘ਚ ਬੈਠੇ ਅਤੇ ਸ਼ਹਿਰ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਹੱਲ ਕੀਤਾ।

ਵਿੱਤ ਮੰਤਰੀ ਨੇ ਕਿਹਾ ਸ਼ਹਿਰ ‘ਚ ਪਿਛਲੇ ਲੰਬੇ ਸਮੇਂ ਤੋਂ ਲਟਕ ਰਹੇ ਵਿਕਾਸ ਦੇ ਕੰਮ ਪਹਿਲ ਦੇ ਅਧਾਰ ‘ਤੇ ਕਰਵਾਏ ਜਾਣਗੇ। ਅਕਾਲੀ ਦਲ ਵੱਲੋਂ ਵਿਕਾਸ ਕਾਰਜ ਰੋਕਣ ਦੇ ਮਾਮਲੇ ‘ਚ ਅੱਜ ਦਿੱਤੇ ਧਰਨੇ ਦੇ ਸੰਦਰਭ ‘ਚ ਵਿੱਤ ਮੰਤਰੀ ਨੇ ਵਿਕਾਸ ਦੇ ਕੰਮ ਰੋਕਣ ਦੀ ਬਜਾਏ ਸ਼ਹਿਰ ਦੀ ਤਰੱਕੀ ਲਈ ਸਿਰ ਜੋੜ ਕੇ ਯਤਨ ਕਰਨ ਦੀ ਨਸੀਹਤ ਦਿੱਤੀ। ਉਨ੍ਹਾਂ ਕਿਹਾ ਰਾਜਨੀਤੀ ਕੋਈ ਕੁਸ਼ਤੀ ਦਾ ਮੈਚ ਨਹੀਂ ਸਗੋਂ ਅਸੂਲਾਂ ‘ਤੇ ਚੱਲ ਕੇ ਸ਼ਹਿਰ ਨੂੰ ਅੱਗੇ ਲਿਜਾਣ ਦਾ ਤਰੀਕਾ ਲੱਭਿਆ ਜਾਣਾ ਚਾਹੀਦਾ ਹੈ।

ਵਿੱਤ ਮੰਤਰੀ ਨੇ ਅੱਜ ਇੱਕ ਦੁਕਾਨ ਦਾ ਉਦਘਾਟਨ ਕੀਤਾ ਅਤੇ ਹਾਦਸੇ ‘ਚ ਗੰਭੀਰ ਜਖਮੀ ਹੋਏ ਪੱਤਰਕਾਰ ਰਜਿੰਦਰ ਸਿੰਘ ਦੇ ਸਪੁੱਤਰ ਦਾ ਹਾਲ ਚਾਲ ਪੁੱਛਣ ਵੀ ਗਏ। ਇਸ ਮੌਕੇ ਜੈਜੀਤ ਸਿੰਘ ਜੌਹਲ, ਸ਼ਹਿਰੀ ਪ੍ਰਧਾਨ ਮੋਹਨ ਲਾਲ ਝੁੰਬਾ, ਪੰਜਾਬ ਕਾਂਗਰਸ ਦੇ ਸਕੱਤਰ ਰਾਜਨ ਗਰਗ, ਵਿੱਤ ਮੰਤਰੀ ਦੇ ਓਐਸਡੀ, ਜਗਤਾਰ ਸਿੰਘ ਢਿੱਲੋਂ ਤੇ ਜਸਵੀਰ ਸਿੰਘ, ਮੀਡੀਆ ਸਲਾਹਕਾਰ ਚਮਕੌਰ ਮਾਨ ਤੇ ਹਰਜੋਤ ਸਿੰਘ ਸਿੱਧੂ, ਕੌਂਸਲਰ ਜਗਰੂਪ ਸਿੰਘ ਗਿੱਲ ਆਦਿ ਹਾਜ਼ਰ ਸਨ।