‘ਪੰਜਾਬ ਸਰਕਾਰ ਵੱਲੋਂ ਈਦ-ਉਲ-ਫ਼ਿਤਰ ਦੇ ਪਵਿੱਤਰ ਤਿਓਹਾਰ ਮੌਕੇ ਮੁਸਲਿਮ ਭਾਈਚਾਰੇ ਨੂੰ ਵੱਡਾ ਤੋਹਫ਼ਾ’

Big, Gift, Muslim, Community, Festival, Eid-ul-Fitr, Punjab, Government'

15 ਕਰੋੜ ਦੀ ਲਾਗਤ ਨਾਲ ਹਜ਼ਰਤ ਸ਼ੇਖ ਦਰਗਾਹ

  • ਦੇ ਆਲੇ-ਦੁਆਲੇ ਦਾ ਕਾਇਆ ਕਲਪ ਕੀਤਾ ਜਾਵੇਗਾ: ਸਿੱਧੂ
  • ਮਲੇਰਕੋਟਲਾ ਨੂੰ ‘ਸੈਲਾਨੀ ਕੇਂਦਰ’ ਵਜੋਂ ਵਿਕਸਤ ਕੀਤਾ ਜਾਵੇਗਾ

ਮਾਲੇਰਕੋਟਲਾ/ਸੰਗਰੂਰ, (ਗੁਰਪ੍ਰੀਤ ਸਿੰਘ/ਗੁਰਤੇਜ ਜੋਸ਼ੀ)। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਈਦ-ਉਲ-ਫ਼ਿਤਰ ਦੇ ਪਵਿੱਤਰ ਤਿਓਹਾਰ ਮੌਕੇ ਈਦਗਾਹ ਮਲੇਰਕੋਟਲਾ ਵਿਖੇ ਪੰਜਾਬ ਸਰਕਾਰ ਦੀ ਤਰਫੋਂ ਮੁਸਲਿਮ ਭਾਈਚਾਰੇ ਨੂੰ ਵੱਡਾ ਤੋਹਫ਼ਾ ਭੇਟ ਕਰਦਿਆਂ ਐਲਾਨ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਵੱਲੋਂ ਹਜ਼ਰਤ ਸ਼ੇਖ ਦਰਗਾਹ ਦੇ ਆਲੇ-ਦੁਆਲੇ ਨੂੰ ਖਿੱਚ ਭਰਪੂਰ ਬਣਾਉਣ ਲਈ 15 ਕਰੋੜ ਰੁਪਏ ਦੀ ਲਾਗਤ ਨਾਲ ਕਾÎਇਆ ਕਲਪ ਕੀਤਾ ਜਾਵੇਗਾ। ਪੰਜਾਬ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅਗਲੇ ਡੇਢ ਸਾਲਾਂ ਦੇ ਅੰਦਰ ਦਰਗਾਹ ਦੇ ਨੇੜਲੇ ਖੇਤਰ ਦੀ ਦਿੱਖ ਨੂੰ ਖੂਬਸੂਰਤ ਬਣਾ ਦਿੱਤਾ ਜਾਵੇਗਾ ਅਤੇ ਮਲੇਰਕੋਟਲਾ ਨੂੰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਉਣ ਦੇ ਮਕਸਦ ਨਾਲ ‘ਸੈਲਾਨੀ ਕੇਂਦਰ’ ਵਜੋਂ ਵਿਕਸਤ ਕੀਤਾ  ਜਾਵੇਗਾ।

ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 590 ਕਰੋੜ ਦੀ ਲਾਗਤ ਨਾਲ ਰਾਜ ਦੀਆਂ 30 ਅਹਿਮ ਥਾਵਾਂ ਨੂੰ ‘ਸੈਲਾਨੀ ਕੇਂਦਰ’ ਵਜੋਂ ਵਿਕਸਤ ਕਰਨ ਦਾ ਪ੍ਰੋਜੈਕਟ ਉਲੀਕਿਆ ਗਿਆ ਹੈ। ਉਨਾਂ ਕਿਹਾ ਕਿ ਹਜ਼ਰਤ ਸ਼ੇਖ ਦਰਗਾਹ ਦੇ ਆਲੇ-ਦੁਆਲੇ ਨੂੰ ਮੁਗਲੀਆ ਸਰਕਟ ਜਾਂ ਸੂਫ਼ੀ ਸਰਕਟ ਦੇ ਤਹਿਤ ਖੂਬਸੂਰਤ ਬਣਾਇਆ ਜਾਵੇਗਾ ਅਤੇ ਆਧੁਨਿਕ ਕਿਸਮ ਦੀਆਂ ਸੁਵਿਧਾਵਾਂ ਉਪਲਬਧ ਕਰਵਾਈਆਂ ਜਾਣਗੀਆਂ। ਉਨਾਂ ਕਿਹਾ ਕਿ ਸੂਬੇ ਵਿੱਚ ਸਥਿਤ ਮੁਗਲ ਕਾਲ ਨਾਲ ਸਬੰਧਤ ਇਤਿਹਾਸਕ ਸੈਲਾਨੀ ਥਾਵਾਂ ਨੂੰ ਵਿਕਸਤ ਕਰਨ ਲਈ ‘ਮੁਗਲ ਸਰਕਟ’ ਅਧੀਨ ਵਿਸ਼ੇਸ਼ ਪ੍ਰੋਜੈਕਟ ਬਣਾਇਆ ਗਿਆ ਹੈ।

ਜਦਕਿ ਇਸ ਤੋਂ ਬਾਅਦ ‘ਮਹਾਰਾਜਾ ਸਰਕਟ’ ਅਧੀਨ ਪੰਜਾਬ ਦੇ ਰਿਆਸਤੀ ਸ਼ਹਿਰਾਂ ਲਈ ਇੱਕ ਹੋਰ ਅਹਿਮ ਪ੍ਰੋਜੈਕਟ ਤਿਆਰ ਕੀਤਾ ਜਾਵੇਗਾ। ਕੈਬਨਿਟ ਮੰਤਰੀ ਸ. ਸਿੱਧੂ ਨੇ ਕਿਹਾ ਕਿ ਪਿਛਲੇ ਵਰੇ ਕਾਂਗਰਸ ਸਰਕਾਰ ਵੱਲੋਂ ਆਪਣੇ ਵਾਅਦੇ  ਮੁਤਾਬਕ ਈਦਗਾਹ ਨੇੜਲੇ ਖੇਤਰ ਦੇ ਕਾਇਆ ਕਲਪ ਲਈ ਇੱਕ ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਸੀ ਅਤੇ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਲੇਰਕੋਟਲਾ ਸ਼ਹਿਰ ਲਈ 50 ਲੱਖ ਰੁਪਏ ਹੋਰ ਦੇਣ ਦਾ ਐਲਾਨ ਕੀਤਾ ਗਿਆ ਹੈ ਜਦਕਿ ਉਹ ਆਪਣੇ ਪਹਿਲਾਂ ਕੀਤੇ ਐਲਾਨ ਮੁਤਾਬਕ ਨਿੱਜੀ ਫ਼ੰਡ ਵਿੱਚੋਂ 50 ਲੱਖ  ਰੁਪਏ ਦਾ ਚੈਕ ਲੈ ਕੇ ਆਏ ਹਨ।

ਆਪਣੇ ਪ੍ਰਭਾਵਸ਼ਾਲੀ ਭਾਸ਼ਣ ਦੌਰਾਨ ਈਦ-ਉਲ-ਫ਼ਿਤਰ ਦੀ ਮੁਬਾਰਕਬਾਦ ਭੇਟ ਕਰਦਿਆਂ ਸ. ਸਿੱਧੂ ਨੇ ਵਿਸ਼ਵਾਸ ਦਿਵਾਇਆ ਕਿ ਕਾਂਗਰਸ ਸਰਕਾਰ ਵਿੱਚ ਮੁਸਲਿਮ ਭਾਈਚਾਰੇ ਦਾ ਪੂਰਾ ਮਾਣ-ਸਨਮਾਨ ਯਕੀਨੀ ਬਣਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਈਦ ਦਾ ਪਵਿੱਤਰ ਤਿਓਹਾਰ ਪ੍ਰੇਮ ਅਤੇ ਆਪਸੀ ਭਾਈਚਾਰੇ ਦਾ ਪੈਗਾਮ ਲੈ ਕੇ ਆਉਂਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਮਿਲਵਰਤਨ ਨਾਲ ਰਹਿ ਕੇ ਲੋਕ ਸੇਵਾ ਪ੍ਰਤੀ ਸਮਰਪਿਤ ਹੋਣਾ ਚਾਹੀਦਾ ਹੈ। ਸਭ ਨੂੰ ਇਕੱਠੇ ਹੋਣ, ਅਮਨ-ਅਮਾਨ ਕਾਇਮ ਰੱਖਣ ਅਤੇ ਪਿਆਰ-ਮੁਹੱਬਤ ਦਾ ਸੱਦਾ ਦਿੰਦਿਆਂ ਸ. ਸਿੱਧੂ ਨੇ ਕਿਹਾ ਕਿ ਕਾਂਗਰਸ ਸਰਕਾਰ ‘ਚ ਹਰ ਧਰਮ ਸੁਰੱਖਿਅਤ ਹੈ। ਉਨਾਂ ਕਿਹਾ ਕਿ ਮੁਸਲਿਮ ਭਾਈਚਾਰਾ ਸਾਡਾ ਮਾਣ ਹੈ, ਸਨਮਾਨ ਹੈ ਅਤੇ ਇੱਜਤ ਹੈ।

ਇਸ ਮੌਕੇ ਕੈਬਨਿਟ ਮੰਤਰੀ ਸ਼੍ਰੀਮਤੀ ਰਜ਼ੀਆ ਸੁਲਤਾਨਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਉਨਾਂ ਨੇ ਭਾਈਚਾਰੇ ਨੂੰ ਈਦ-ਉਲ-ਫ਼ਿਤਰ ਦੀ ਮੁਬਾਰਕਬਾਦ ਭੇਟ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਭਾਈਚਾਰੇ ਦੀਆਂ ਅਹਿਮ ਮੰਗਾਂ ਪੂਰੀਆਂ ਕਰਨ ਪ੍ਰਤੀ ਦਿਖਾਏ ਜਾ ਰਹੇ ਉਤਸ਼ਾਹ ਲਈ ਉਹ ਧੰਨਵਾਦੀ ਹਨ। ਉਨਾਂ ਕਿਹਾ ਕਿ ਇਹ ਪਵਿੱਤਰ ਤਿਓਹਾਰ ਭਾਈਚਾਰਕ ਸਾਂਝ ਅਤੇ ਮਿਲਵਰਤਨ ਦਾ ਪ੍ਰਤੀਕ ਹੈ। ਸ਼੍ਰੀਮਤੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਏਨੇ ਥੋੜੇ ਜਿਹੇ ਸਮੇਂ ਅੰਦਰ ਹੀ ਕਾਂਗਰਸ ਸਰਕਾਰ ਨੇ ਮਲੇਰਕੋਟਲਾ ਦੇ ਧਾਰਮਿਕ ਅਸਥਾਨਾਂ ਦੇ ਕਾਇਆ ਕਲਪ ਲਈ 17 ਕਰੋੜ ਰੁਪਏ ਦੇ ਪ੍ਰੋਜੈਕਟਾਂ ਰਾਹੀਂ ਭਾਈਚਾਰੇ ਦੇ ਦਿਲਾਂ ‘ਤੇ ਡੂੰਘਾ ਪ੍ਰਭਾਵ ਪਾਇਆ ਹੈ।