ਮਕਾਨ ਡਿੱਗਣ ਨਾਲ ਪਤੀ-ਪਤਨੀ ਤੇ ਬੱਚੇ ਦੀ ਮੌਤ, ਬੁੱਢੇ ਨਾਲੇ ਦਾ ਬੰਨ੍ਹ ਟੁੱਟਿਆ

Punjab News

ਚੰਡੀਗੜ੍ਹ। ਅੱਧੇ ਸੂਬੇ ਵਿੱਚ ਭਾਰੀ ਮੀਂਹ ਕਾਰਨ ਹੜ੍ਹਾਂ ਦੇ ਬਣੇ ਹਾਲਾਤ ਨੇ ਜਨ ਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਇਸ ਦੌਰਾਨ ਫਰੀਦਕੋਟ ਦੇ ਕੋਟਕਪੂਰਾ ਤੋਂ ਖ਼ਬਰ ਨਿੱਕਲ ਕੇ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕੋਟਕਪੂਰਾ ਵਿਖੇ ਇੱਕ ਮਕਾਨ ਡਿੱਗਣ ਨਾਲ ਪਤੀ-ਪਤਨੀ ਤੇ ਇੱਕ ਬੱਚੇ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਲੁਧਿਆਣਾ ਤੋਂ ਖ਼ਬਰ ਆ ਰਹੀ ਹੈ ਕਿ ਬੱਢਾ ਨਾਲਾ ਉਫ਼ਾਨ ’ਤੇ ਹੋਣ ਕਾਰਨ ਇਸ ਦਾ ਬੰਨ੍ਹ ਟੁੱਟ ਗਿਆ। ਬੰਨ੍ਹ ਟੁੱਟਣ ਨਾਲ ਨੇੜੇ ਤੇੜੇ ਦੇ ਇਲਾਕਿਆਂ ਵਿੱਚ ਪਾਣੀ ਭਰ ਗਿਆ। ਤਾਜਪੁਰਾ ਰੋਡ ’ਤੇ ਕਈ ਡੇਅਰੀਆਂ ਪਾਣੀ ’ਚ ਡੁੱਬ ਗਈਆਂ। ਪਸ਼ੂ ਪਾਲਕਾਂ ਤੇ ਪਸ਼ੂਆਂ ਨੂੰ ਹੜ੍ਹ ਦੇ ਪਾਣੀ ਵਿੱਚੋਂ ਕੱਢਣ ਲਈ ਪ੍ਰਸ਼ਾਸਨ ਲਗਾਤਾਰ ਲੱਗਿਆ ਹੋਇਆ ਹੈ। (Punjab News)

ਉੱਥੇ ਹੀ ਅੱਜ ਅਤੇ ਭਲਕੇ ਭਾਵ ਵੀਰਵਾਰ ਨੂੰ ਬਿਆਸ ਤੇ ਸਤਲੁਜ ਦਰਿਆਵਾਂ ਵਿੱਚ ਪਾਣੀ ਵਧ ਸਕਦਾ ਹੈ। ਅਸਲ ਵਿੱਚ ਭਾਖੜਾ ਬੰਨ੍ਹ ਮੈਨੇਜ਼ਮੈਂਟ ਨੇ ਅਗਲੇ ਦੋ ਦਿਨ ਪੌਂਗ ਡੈਮ ਤੇ ਭਾਖੜਾ ਬੰਨ੍ਹ ਤੋਂ ਤਕਰੀਬਨ 55 ਕਿਊਸਿਕ ਪਾਣੀ ਛੱਡਣ ਦਾ ਫ਼ੈਸਲਾ ਕੀਤਾ ਗਿਆ ਹੈ। ਚਿੰਤਾ ਦੀ ਗੱਲ ਇਹ ਹੈ ਕਿ ਮੌਸਮ ਵਿਭਾਗ ਨੇ ਅੱਜ ਪੱਛਮੀ ਮਾਲਵਾ ’ਚ ਆਮ ਮੀਂਹ ਅਤੇ ਵੀਰਵਾਰ ਨੂੰ ਪੂਰੇ ਪੰਜਾਬ ’ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਜੇਕਰ ਆਮ ਤੋਂ ਜ਼ਿਆਦਾ ਮੀਂਹ ਪੈਂਦਾ ਹੈ ਤਾਂ ਪੱਛਮੀ ਮਾਲਵਾ ’ਚ ਦਿੱਕਤ ਹੋ ਸਕਦੀ ਹੈ। ਜਾਰੀ ਚੇਤਾਵਨੀ ਦੇ ਅਨੁਸਾਰ ਪੌਂਗ ਡੈਮ ਤੋਂ ਅੱਜ ਸਵੇਰੇ 10 ਵਜੇ 20 ਹਜ਼ਾਰ ਕਿਊਸਿਕ ਅਤੇ ਭਾਖੜਾ ਬੰਨ੍ਹ ਤੋਂ ਵੀਵਰਾਰ ਨੂੰ ਸਵੇਰੇ 10 ਵਜੇ 35 ਕਿਊਸਿਕ ਪਾਣੀ ਛੱਡਿਆ ਜਾਣਾ ਹੈ।

ਪੰਜਾਬ ਦੇ 13 ਜ਼ਿਲ੍ਹਿਆਂ ’ਚ ਹੜ੍ਹ ਦੀ ਮਾਰ | Punjab News

ਪੰਜਾਬ ’ਚ ਹੜ੍ਹ ਨਾਲ ਤਬਾਹੀ ਦਾ ਮੰਜਰ ਅਜੇ ਵੀ ਜਾਰੀ ਹੈ। ਸਰਕਾਰੀ ਅੰਕੜਿਆਂ ਮੁਤਾਬਿਕ ਸੂਬੇ ’ਚ ਹੁਣ ਤੱਕ 8 ਜਣਿਆਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ’ਚ ਮੋਹਾਲੀ, ਰੋਪੜ, ਫਤਿਹਗੜ੍ਹ ਸਾਹਿਬ ’ਚ 2-2 ਅਤੇ ਨਵਾਂ ਸ਼ਹਿਰ ਤੇ ਹੁਸ਼ਿਆਰਪੁਰ ’ਚ 1-1 ਮੌਤ ਹੋਈ ਹੈ। 3 ਜਣੇ ਲਾਪਤਾ ਹੈ। ਜਦੋਂਕਿ 10 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੰੁਚਾਇਆ ਗਿਆ ਹੈ। ਹੜ੍ਹ ਦਾ ਅਸਰ ਪੰਜਾਬ ਦੇ 13 ਜ਼ਿਲ੍ਹਿਆਂ ’ਚ ਹੋ ਰਿਹਾ ਹੈ। ਜਿਸ ’ਚ 479 ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਹ ਪਿੰਡ ਦਰਿਆ ਦੇ ਕੰਢੇ ਅਤੇ ਸਰਹੱਦੀ ਜ਼ਿਲ੍ਹਿਆਂ ’ਚ ਹਨ। ਰਾਹਤ ਤੇ ਬਚਾਅ ਲਈ ਆਰਮੀ ਤੇ ਐੱਨਡੀਆਰਐਫ਼ ਦੀ ਮੱਦਦ ਲਈ ਜਾ ਰਹੀ ਹੈ।

ਇਹ ਵੀ ਪੜ੍ਹੋ : ਸਾਈਬਰ ਸੁਰੱਖਿਆ ਪ੍ਰਤੀ ਜਾਗਰੂਕਤਾ ਅਤਿ ਜ਼ਰੂਰੀ