ਖੇਤੀ ਮਸਲਾ: ਮੰਡੀਆਂ ’ਚ ਨਰਮੇ ਦੀ ਆਮਦ ਘੱਟ, ਭਾਅ ਵੀ ਹੇਠਾਂ ਡਿੱਗਿਆ

Narma
ਬਠਿੰਡਾ : ਬਠਿੰਡਾ ਦੀ ਅਨਾਜ ਮੰਡੀ ’ਚ ਆਇਆ ਨਰਮਾ ਖਰੀਦਦੇ ਹੋਏ ਵਪਾਰੀ ਤਸਵੀਰ : ਸੱਚ ਕਹੂੰ ਨਿਊਜ਼

‘ਚਿੱਟਾ ਸੋਨਾ’ ਵੀ ਨਹੀਂ ਬਣ ਸਕਿਆ ਕਿਸਾਨਾਂ ਦੀ ਕਬੀਲਦਾਰੀ ਦਾ ਸਹਾਰਾ

(ਸੁਖਜੀਤ ਮਾਨ) ਬਠਿੰਡਾ। ਸਾਉਣੀ ਦੀ ਫਸਲ ਨਰਮੇ ਵੇਲੇ ਅਨਾਜ ਮੰਡੀਆਂ ’ਚ ਵੱਡੇ-ਵੱਡੇ ਢੇਰ ਲੱਗਦੇ ਸੀ ਪਰ ਹੁਣ ਉਹ ਦਿਨ ਨਹੀਂ ਰਹੇ ਗੁਲਾਬੀ ਸੁੰਡੀ ਤੇ ਚਿੱਟੀ ਮੱਖੀ ਨੇ ਖੇਤਾਂ ’ਚ ਖੜ੍ਹਾ ਨਰਮਾ ਚੱਟ ਕਰ ਦਿੱਤਾ ਕਿਸਾਨਾਂ ਨੂੰ ਕਬੀਲਦਾਰੀ ਦਾ ਸਹਾਰਾ ਹਾੜ੍ਹੀ-ਸਾਉਣੀ ਦੀ ਫਸਲ ਤੋਂ ਹੁੰਦਾ ਹੈ ਪਰ ਇਹ ਸਹਾਰੇ ਵੀ ਹੁਣ ਸਾਥ ਨਹੀਂ ਦੇ ਰਹੇ ਜੋ ਕਿਸਾਨ ਮੰਡੀ ’ਚ ਨਰਮਾ ਵੇਚਣ ਲਈ ਆ ਰਹੇ ਹਨ ਉਹ ਫਸਲ ਵੇਚ ਕੇ ਵੀ ਖੁਸ਼ ਦਿਖਾਈ ਨਹੀਂ ਦਿੰਦੇ ਕਿਉਂਕਿ ਹੁਣ ਨਰਮਾ ਬਹੁਤ ਥੋੜ੍ਹਾ ਹੈ ਜਿਸ ਕਾਰਨ ਕੁਝ ਪੱਲੇ ਨਹੀਂ ਪੈ ਰਿਹਾ।

ਬਠਿੰਡਾ ਦੀ ਅਨਾਜ ਮੰਡੀ ’ਚ ਨਰਮਾ ਲੈ ਕੇ ਆਏ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਨਰਮੇ ਦੀ ਫਸਲ ਬਹੁਤ ਘੱਟ ਹੈ ਕਿਉਂਕਿ ਜ਼ਿਆਦਾਤਰ ਕਿਸਾਨਾਂ ਨੇ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੇ ਹਮਲੇ ਕਾਰਨ ਪਹਿਲਾਂ ਹੀ ਨਰਮਾ ਵਾਹ ਦਿੱਤਾ ਸੀ ਨਰਮੇ ਦੀ ਜਦੋਂ ਕੋਈ-ਕੋਈ ਢੇਰੀ ਮੰਡੀ ’ਚ ਆਉਣੀ ਸ਼ੁਰੂ ਹੋਈ ਸੀ ਤਾਂ ਭਾਅ 10 ਹਜ਼ਾਰ ਜਾਂ 10 ਹਜ਼ਾਰ 500 ਰੁਪਏ ਪ੍ਰਤੀ ਕੁਇੰਟਲ ਤੱਕ ਵੀ ਲੱਗਿਆ ਪਰ ਹੁਣ 9 ਹਜ਼ਾਰ ਤੋਂ ਵੀ ਹੇਠਾਂ ਆਉਣ ਲੱਗਿਆ ਹੈ। ਨਰਮਾ ਲੈ ਕੇ ਆਏ ਪਿੰਡ ਗਹਿਰੀ ਭਾਗੀ ਦੇ ਕਿਸਾਨ ਕਾਕਾ ਸਿੰਘ ਨੇ ਦੱਸਿਆ ਕਿ ਰੇਟ ਵਧੀਆ ਨਹੀਂ ਮਿਲ ਰਿਹਾ ਤੇ ਉੱਤੋਂ ਨਰਮਾ ਵੀ ਹੈ ਨਹੀਂ ਸਿਰਫ 5-7 ਮਣ ਹੀ ਕਿੱਲੇ ਦਾ ਨਿੱਕਲ ਰਿਹਾ ਹੈ ।

ਕਿਸਾਨ ਨੇ ਦੱਸਿਆ ਕਿ ਪਹਿਲਾਂ 10 ਹਜ਼ਾਰ ਰੁਪਏ ਨੂੰ ਵੇਚ ਕੇ ਗਏ ਸੀ ਹੁਣ 9 ਹਜ਼ਾਰ ਨੂੰ ਵੀ ਨਹੀਂ ਲੱਗਿਆ। ਉਨ੍ਹਾਂ ਸਰਕਾਰ ਪ੍ਰਤੀ ਗਿਲ੍ਹਾ ਜਾਹਿਰ ਕਰਦਿਆਂ ਆਖਿਆ ਕਿ ਬੀਜ ਅਤੇ ਰੇਹਾਂ-ਸਪ੍ਰੇਆਂ ਚੰਗੇ ਦੇਣ ਦੇ ਵਾਅਦੇ ਤਾਂ ਕੀਤੇ ਗਏ ਸੀ ਪਰ ਉਹੀ ਪਹਿਲਾਂ ਵਾਲਾ ਹੀ ਸਭ ਕੁਝ ਚੱਲ ਰਿਹਾ ਪਿੰਡ ਜੋਧਪੁਰ ਰੋਮਾਣਾ ਦੇ ਇੱਕ ਕਿਸਾਨ ਨੇ ਦੱਸਿਆ ਕਿ ਨਰਮੇ ਦਾ ਭਾਅ ਚੰਗਾ ਨਹੀਂ ਵਧਣ ਦੇ ਆਸਾਰ ਤਾਂ ਹਨ ਪਰ ਹੁਣ 9 ਹਜ਼ਾਰ ਤੋਂ ਵੀ ਘੱਟ ਲੱਗ ਰਿਹਾ ਹੈ।

Narma
ਬਠਿੰਡਾ : ਬਠਿੰਡਾ ਦੀ ਅਨਾਜ ਮੰਡੀ ’ਚ ਆਇਆ ਨਰਮਾ ਖਰੀਦਦੇ ਹੋਏ ਵਪਾਰੀ ਤਸਵੀਰ : ਸੱਚ ਕਹੂੰ ਨਿਊਜ਼

ਘੱਟੋ-ਘੱਟ 15 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤੱਕ ਹੋਣਾ ਚਾਹੀਦਾ ਭਾਅ (Narma)

ਉਨ੍ਹਾਂ ਕਿਹਾ ਕਿ ਘੱਟੋ-ਘੱਟ 15 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤੱਕ ਹੋਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਨਰਮੇ ਦਾ ਇਸ ਵਾਰ ਕੱਦ ਵੀ ਬਹੁਤ ਘੱਟ ਹੋਇਆ ਹੈ ਪਰ ਉਸ ਨੂੰ ਬਚਾਉਣ ਲਈ ਖਰਚਾ ਬਹੁਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਨਰਮੇ ਨੂੰ ਸਿਰੇ ਚਾੜ੍ਹਨ ਲਈ 7 ਸਪੇ੍ਰਆਂ ਕੀਤੀਆਂ ਪਰ ਤੇਲਾ ਫਿਰ ਵੀ ਨਹੀਂ ਮਰਿਆ ਮੰਡੀ ’ਚ ਨਰਮੇ ਦੀ ਖਰੀਦ ਕਰ ਰਹੇ ਇੱਕ ਆੜ੍ਹਤੀਏ ਨੇ ਆਖਿਆ ਕਿ ਨਰਮਾ ਘੱਟ ਹੈ ਪਰ ਕੁਆਲਿਟੀ ਬਹੁਤ ਵਧੀਆ ਹੈ ਉਨ੍ਹਾਂ ਕਿਹਾ ਕਿ ਜੋ ਨਰਮਾ ਮੰਡੀ ’ਚ ਆ ਰਿਹਾ ਹੈ ਉਸ ’ਚ ਕੋਈ ਸੁੰਡੀ ਵਗੈਰਾ ਵੀ ਨਹੀਂ ਹੈ ਉਨ੍ਹਾਂ ਕਿਹਾ ਕਿ 8800 ਤੋਂ ਲੈ ਕੇ 9 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤੱਕ ਨਰਮਾ ਵਿਕ ਰਿਹਾ ਹੈ।

4 ਲੱਖ ਕੁਇੰਟਲ ਨਰਮੇ ਦੀ ਆਮਦ ਦੀ ਸੰਭਾਵਨਾ

ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਜ਼ਿਲ੍ਹੇ ’ਚ ਹੁਣ ਤੱਕ 11 ਹਜ਼ਾਰ 57 ਕੁਇੰਟਲ ਨਰਮੇ ਦੀ ਆਮਦ ਹੋ ਚੁੱਕੀ ਹੈ। ਅੱਜ ਜ਼ਿਲ੍ਹੇ ’ਚ ਨਰਮੇ ਦੀ ਖਰੀਦ ਦਾ ਭਾਅ ਘੱਟੋ ਘੱਟ 8200 ਤੇ ਵੱਧ ਤੋਂ ਵੱਧ 9100 ਰੁਪਏ ਪ੍ਰਤੀ ਕੁਇੰਟਲ ਤੱਕ ਰਿਹਾ ਨਰਮੇ ਦੀ ਇਸ ਸੀਜ਼ਨ ਦੌਰਾਨ ਕੁੱਲ ਆਮਦ ਸਬੰਧੀ ਉਨ੍ਹਾਂ ਦੱਸਿਆ ਕਿ 4 ਲੱਖ ਕੁਇੰਟਲ ਨਰਮਾ ਆਉਣ ਦੀ ਸੰਭਾਵਨਾ ਹੈ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਨਰਮੇ ਦੀ ਆਮਦ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਦੱਸਿਆ ਕਿ ਪਿਛਲੇ ਵਰ੍ਹੇ ਅੱਜ ਦੀ ਤਰੀਖ ਤੱਕ 45 ਹਜ਼ਾਰ ਕੁਇੰਟਲ ਨਰਮਾ ਮੰਡੀਆਂ ’ਚ ਆ ਗਿਆ ਸੀ।

ਕਿਸਾਨਾਂ ਵੱਲੋਂ ਗੁਲਾਬੀ ਸੁੰਡੀ ਜਾਂ ਚਿੱਟੀ ਮੱਖੀ ਦੇ ਹਮਲੇ ਕਾਰਨ ਨਰਮਾ ਵਾਹੇ ਜਾਣ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਨੇ ਆਪਣੇ ਪੱਧਰ ’ਤੇ ਗੁਜਰਾਤੀ ਬੀਜ ਲਿਆਂਦਾ ਸੀ ਉਨ੍ਹਾਂ ਨੂੰ ਨਰਮਾ ਵਾਹੁਣ ਲਈ ਮਜ਼ਬੂਰ ਹੋਣਾ ਪਿਆ ਪਰ ਜੋ ਕਿਸਾਨਾਂ ਨੇ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਨਰਮਾ ਬੀਜਿਆ ਸੀ ਉਹ ਨਰਮਾ ਖੇਤਾਂ ’ਚ ਖੜ੍ਹਾ ਹੈ ਜਿਸਦੀ ਚੁਗਾਈ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ