ਅਕਾਲੀ ਦਲ ਨੇ ਨਕਾਰਿਆ ਬਜਟ

The Akali Dal rejected the budget

ਕਿਸਾਨਾਂ ਨੂੰ 6000 ਨਾਕਾਫ਼ੀ ਦੱਸੇ, 12000 ਰੁਪਏ ਦੀ ਕੀਤੀ ਮੰਗ

ਚੰਡੀਗੜ੍ਰ, (ਅਸ਼ਵਨੀ ਚਾਵਲਾ)।
ਕੇਂਦਰ ਵਿੱਚ ਆਪਣੀ ਹੀ ਭਾਈਵਾਲ ਪਾਰਟੀ ਭਾਜਪਾ ਵੱਲੋਂ ਪੇਸ਼ ਕੀਤੇ ਗਏ ਅੰਤਰਿਮ ਬਜਟ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਨਕਾਰ ਦਿਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰੀ ਬਜਟ ਵਿੱਚ ਕਿਸਾਨਾਂ ਨੂੰ ਦਿੱਤੇ ਗਏ 6 ਹਜ਼ਾਰ ਰੁਪਏ ਸਾਲਾਨਾ ਨੂੰ ਨਾਕਾਫ਼ੀ ਕਰਾਰ ਦਿੰਦੇ ਹੋਏ ਇਸ ਨੂੰ 12 ਹਜ਼ਾਰ ਰੁਪਏ ਕਰਨ ਦੀ ਮੰਗ ਕਰ ਦਿੱਤੀ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਅਤੇ ਸੀਨੀਅਰ ਲੀਡਰ ਜਲਦ ਹੀ ਕੇਂਦਰੀ ਖਜ਼ਾਨਾ ਮੰਤਰੀ ਨੂੰ ਮਿਲਦੇ ਹੋਏ ਇਸ ਮੰਗ ਨੂੰ ਰੱਖਣਗੇ।
ਇਸ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੇ ਨਾਲ ਹੀ ਖੇਤ ਮਜ਼ਦੂਰਾ ਨੂੰ ਵੀ ਸਾਲਾਨਾ ਪੈਨਸ਼ਨ ਦੇਣ ਦੀ ਮੰਗ ਕੀਤੀ ਹੈ, ਜਿਹੜੀ ਕਿ ਘੱਟ ਤੋਂ ਘੱਟ 6 ਹਜ਼ਾਰ ਰੁਪਏ ਹੋਣੀ ਚਾਹੀਦੀ ਹੈ। ਇਹ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਅੱਜ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਭਾਜਪਾ ਖ਼ਿਲਾਫ਼ ਭੜਾਸ ਨਿਕਲਣਾ ਤੈਅ ਸੀ ਪਰ ਮੀਟਿੰਗ ਤੋਂ ਪਹਿਲਾਂ ਹੀ ਮਹਾਰਾਸ਼ਟਰ ਸਰਕਾਰ ਨਾਲ ਚਲ ਰਿਹਾ ਰੇੜਕਾ ਖ਼ਤਮ ਕਰਨ ਦਾ ਭਰੋਸਾ ਮਿਲਣ ਤੋਂ ਬਾਅਦ ਅਕਾਲੀ ਦਲ ਦੀ ਕੋਰ ਕਮੇਟੀ ਨੇ ਆਪਣਾ ਗੁੱਸਾ ਹੋਰ ਪਾਸੇ ਨੂੰ ਮੋੜ ਦਿੱਤਾ ਹੈ।
ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਕਿਸਾਨਾਂ ਦੇ ਮੁੱਦੇ ‘ਤੇ ਭਾਜਪਾ ਨੂੰ ਘੇਰਦੇ ਹੋਏ ਕਿਸਾਨਾਂ ਨੂੰ ਦਿੱਤੇ ਗਏ 6 ਹਜ਼ਾਰ ਰੁਪਏ ਸਲਾਨਾ ਨੂੰ ਰੱਦ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਸਾਫ਼ ਕਿਹਾ ਗਿਆ ਕਿ ਪੰਜਾਬ ਕਿਸਾਨੀ ਸੂਬਾ ਪਰ ਕੇਂਦਰ ਦੀ ਭਾਜਪਾ ਸਰਕਾਰ ਨੇ ਕਿਸਾਨਾਂ ਨੂੰ ਹੁਣ ਤੱਕ ਕੋਈ ਵੀ ਰਾਹਤ ਦੇਣ ਦੀ ਥਾਂ ‘ਤੇ ਸਿਰਫ਼ 6 ਹਜ਼ਾਰ ਰੁਪਏ ਦਿੰਦੇ ਹੋਏ ਮਜ਼ਾਕ ਹੀ ਕੀਤਾ ਹੈ, ਜਿਹੜਾ ਕਿ ਨਾਕਾਫ਼ੀ ਹੈ। ਇਸ ਲਈ ਕੇਂਦਰੀ ਖਜਾਨਾ ਮੰਤਰੀ ਨੂੰ ਅਕਾਲੀ ਦਲ ਦੇ ਸੰਸਦ ਮੈਂਬਰ ਅਤੇ ਸੀਨੀਅਰ ਆਗੂ ਮਿਲ ਕੇ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ 6 ਹਜ਼ਾਰ ਰੁਪਏ ਸਲਾਨਾ ਨੂੰ ਦੋਗੁਣਾ ਕਰਨ ਦੀ ਮੰਗ ਕੀਤੀ ਜਾਏਗੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੀਟਿੰਗ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਕੋਰ ਕਮੇਟੀ ਕੇਂਦਰ ਵਲੋਂ ਦਿੱਤੇ ਗਏ 6 ਹਜ਼ਾਰ ਰੁਪਏ ਸਲਾਨਾ ‘ਤੇ ਖੁਸ ਨਹੀਂ ਹੈ ਅਤੇ ਇਸ ਨੂੰ ਦੁੱਗਣਾ ਕਰਨ ਦੀ ਮੰਗ ਨੂੰ ਲੈ ਕੇ ਉਨਾਂ ਦੀ ਲੀਡਰਸ਼ਿਪ ਦਿੱਲੀ ਜਾ ਕੇ ਅਪੀਲ ਕਰੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।