ਅਕਾਲੀ ਦਲ ਵੱਲੋਂ ਮੌੜ ਤੋਂ ਬਰਾੜ ਨੂੰ ਹਾਂ, ਮਲੂਕਾ ਨੂੰ ਨਾਂਹ

Assembly Election 2022 Sachkahoon

ਅਕਾਲੀ ਦਲ ਵੱਲੋਂ ਮੌੜ ਤੋਂ ਬਰਾੜ ਨੂੰ ਹਾਂ, ਮਲੂਕਾ ਨੂੰ ਨਾਂਹ

ਜਗਮੀਤ ਬਰਾੜ ਨੂੰ ਐਲਾਨਿਆ ਮੌੜ ਤੋਂ ਉਮੀਦਵਾਰ

(ਸੁਖਜੀਤ ਮਾਨ) ਬਠਿੰਡਾ/ਮੌੜ ਮੰਡੀ। ਵਿਧਾਨ ਸਭਾ ਚੋਣਾਂ 2022 ਲਈ ਉਮੀਦਵਾਰ ਐਲਾਨਣ ਲਈ ਕਾਹਲੇ ਪਏ ਸ੍ਰੋਮਣੀ ਅਕਾਲੀ ਦਲ (ਬ) ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਾਰਟੀ ਨੇ ਹਲਕਾ ਮੌੜ ਤੋਂ ਜਗਮੀਤ ਸਿੰਘ ਬਰਾੜ ਨੂੰ ਉਮੀਦਵਾਰ ਬਣਾਇਆ ਹੈ ਜਦੋਂਕਿ ਇਸ ਹਲਕੇ ਤੋਂ ਸਿਕੰਦਰ ਸਿੰਘ ਮਲੂਕਾ ਚੋਣ ਲੜਨ ਦੀ ਇੱਛਾ ਜਤਾ ਰਹੇ ਸਨ। ਮਲੂਕਾ ਨੇ ਰਾਮਪੁਰਾ ਤੋਂ ਉਮੀਦਵਾਰ ਬਣਾਏ ਜਾਣ ਦੇ ਬਾਵਜੂਦ ਚੋਣ ਲੜਨ ਤੋਂ ਨਾਂਹ ਕੀਤੀ ਹੋਈ ਹੈ ਦੂਜੇ ਪਾਸੇ ਪਾਰਟੀ ਵੱਲੋਂ ਅੱਜ ਮੌੜ ਤੋਂ ਬਰਾੜ ਨੂੰ ਉਮੀਦਵਾਰ ਐਲਾਨਣ ਨਾਲ ਸਿੱਧੇ ਤੌਰ ’ਤੇ ਮਲੂਕਾ ਨੂੰ ਮੌੜ ਤੋਂ ਨਾਂਹ ਕਰ ਦਿੱਤੀ ਹੈ ਅਕਾਲੀ ਸਫਾਂ ’ਚ ਮੋਹਰੀ ਕਤਾਰ ਦੇ ਆਗੂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਅਪੀਲ ਦੇ ਬਾਵਜੂਦ ਬਰਾੜ ਦੇ ਐਲਾਨ ਮਗਰੋਂ ਪਾਰਟੀ ਦੇ ਵਰਕਰਾਂ ’ਚ ਵੀ ਰਲਵਾਂ-ਮਿਲਵਾਂ ਹੁੰਗਾਰਾ ਦੇਖਣ ਨੂੰ ਮਿਲ ਰਿਹਾ ਹੈ।

ਵੇਰਵਿਆਂ ਮੁਤਾਬਿਕ ਸ੍ਰੋਮਣੀ ਅਕਾਲੀ ਦਲ ਵੱਲੋਂ ਅੱਜ ਵਿਧਾਨ ਸਭਾ ਚੋਣਾਂ ਲਈ ਕੁੱਝ ਹਲਕਿਆਂ ਦੇ ਜੋ ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਉਨ੍ਹਾ ’ਚ ਹਲਕਾ ਮੌੜ ਮੰਡੀ ਤੋਂ ਜਗਮੀਤ ਸਿੰਘ ਬਰਾੜ ਸ਼ਾਮਿਲ ਹਨ। ਬਰਾੜ ਦੇ ਐਲਾਨ ਮਗਰੋਂ ਹੀ ਸਿਆਸੀ ਮਾਹਿਰਾਂ ਨੇ ਟੇਵੇ ਲਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਸਿਕੰਦਰ ਸਿੰਘ ਮਲੂਕਾ ਦੀ ਅਪੀਲ ਨੂੰ ਦਰਕਿਨਾਰ ਕਰਨਾ ਪਾਰਟੀ ’ਚ ਪਾਟੋਧਾੜ ਦਾ ਕਾਰਨ ਬਣ ਸਕਦਾ ਹੈ ਅਜਿਹਾ ਅੱਜ ਦਿਖਾਈ ਵੀ ਦਿੱਤਾ ਕਿਉਂਕਿ ਬਰਾੜ ਦੇ ਉਮੀਦਵਾਰੀ ਵਜੋਂ ਐਲਾਨ ਮਗਰੋਂ ਹਲਕੇ ਦੇ ਵਰਕਰਾਂ ’ਚ ਉਹ ਜੋਸ਼ ਦਿਖਾਈ ਨਹੀਂ ਦਿੱਤਾ ਜੋ ਦੋ ਦਿਨ ਪਹਿਲਾਂ ਮਲੂਕਾ ਨੂੰ ਹੀ ਉਮੀਦਵਾਰ ਐਲਾਨਣ ਦੀ ਮੰਗ ਸਬੰਧੀ ਮੀਟਿੰਗ ’ਚ ਸੀ ਪਿਛਲੇ ਕਰੀਬ ਇੱਕ ਸਾਲ ਤੋਂ ਸਿਕੰਦਰ ਸਿੰਘ ਮਲੂਕਾ ਹਲਕਾ ਮੌੜ ’ਚ ਵਿਚਰ ਰਹੇ ਸਨ ਤੇ ਉਨ੍ਹਾਂ ਦੀ ਇੱਛਾ ਮੌੜ ਤੋਂ ਹੀ ਚੋਣ ਲੜਨ ਦੀ ਸੀ ਜਦੋਂ ਪਾਰਟੀ ਨੇ ਉਨ੍ਹਾਂ ਨੂੰ ਰਾਮਪੁਰਾ ਤੋਂ ਉਮੀਦਵਾਰ ਐਲਾਨ ਦਿੱਤਾ ਤਾਂ ਮਲੂਕਾ ਨੇ ਸਪੱਸ਼ਟ ਜਵਾਬ ਦਿੱਤਾ ਸੀ ਕਿ ਰਾਮਪੁਰਾ ਤੋਂ ਉਨ੍ਹਾਂ ਦਾ ਬੇਟਾ ਗੁਰਪ੍ਰੀਤ ਸਿੰਘ ਮਲੂਕਾ ਚੋਣ ਲੜੇਗਾ ਤੇ ਉਹ ਮੌੜ ਤੋਂ ਚੋਣ ਲੜਨਗੇ। ਉਨ੍ਹਾਂ ਦੀ ਇਸ ਟਿੱਪਣੀ ਮਗਰੋਂ ਸਮਝਿਆ ਜਾ ਰਿਹਾ ਸੀ ਕਿ ਅਕਾਲੀ ਦਲ ਹਾਈ ਕਮਾਂਡ ਮਲੂਕਾ ਨੂੰ ਮਿਲਕੇ ਉਮੀਦਵਾਰੀ ਲਈ ਕੋਈ ਫੈਸਲਾ ਲਵੇਗੀ ਪਰ ਇਸਦੇ ਉਲਟ ਅੱਜ ਪਾਰਟੀ ਨੇ ਜਗਮੀਤ ਸਿੰਘ ਬਰਾੜ ਨੂੰ ਉਮੀਦਵਾਰ ਐਲਾਨ ਦਿੱਤਾ।

ਧੱਕੇ ਨਾਲ ਦਿੱਤੀਆਂ ਟਿਕਟਾਂ ਤਾਂ ਪਾਰਟੀ ਦਾ ਹੋਵੇਗਾ ਨੁਕਸਾਨ : ਮਲੂਕਾ

ਪਾਰਟੀ ਦੇ ਇਸ ਫੈਸਲੇ ਪ੍ਰਤੀ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਸਿਕੰਦਰ ਸਿੰਘ ਮਲੂਕਾ ਨੇ ਟਿੱਪਣੀ ਕੀਤੀ ਕਿ ਉਨ੍ਹਾਂ ਦੀ ਪਾਰਟੀ ਨੂੰ ਇਹੋ ਸਲਾਹ ਹੈ ਕਿ ਹਲਕੇ ਦੇ ਲੋਕਾਂ ਦੀ ਰਾਇ ਨਾਲ ਟਿਕਟਾਂ ਦਿੱਤੀਆਂ ਜਾਣ ਉਨ੍ਹਾਂ ਕਿਹਾ ਕਿ ਜੇ ਧੱਕੇ ਨਾਲ ਟਿਕਟਾਂ ਦਿੱਤੀਆਂ ਤਾਂ ਪਾਰਟੀ ਦਾ ਨੁਕਸਾਨ ਹੋਵੇਗਾ ਅਤੇ ਇਸ ਵਾਰ ਨੁਕਸਾਨ ਹੋ ਗਿਆ ਤਾਂ ਕਿਤੇ ਪੈਰ ਨਹੀਂ ਲੱਗਣੇ ਉਨ੍ਹਾਂ ਕਿਹਾ ਕਿ ਉਹ ਤਾਂ ਚਾਹੁੰਦੇ ਹਨ ਕਿ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਬਣਨ ਪਰ ਜੇ ਟਿਕਟਾਂ ਗਲਤ ਦਿੱਤੀਆਂ ਤਾਂ ਫਿਰ ਸਰਕਾਰ ਨਹੀਂ ਬਣਨੀ ਰਾਮਪੁਰਾ ਤੋਂ ਉਨ੍ਹਾਂ ਨੂੰ ਉਮੀਦਵਾਰ ਦੇ ਹੋ ਚੁੱਕੇ ਐਲਾਨ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਦੁਹਰਾਇਆ ਕਿ ਰਾਮਪੁਰਾ ਤੋਂ ਗੁਰਪ੍ਰੀਤ ਮਲੂਕਾ ਹੀ ਚੋਣ ਲੜੇਗਾ ਉਹ ਆਪ ਨਹੀਂ ਲੜਨਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ