ਮਾਰਚ ਮਹੀਨੇ ’ਚ ਹੀ ਤਾਪਮਾਨ ਸਿਖ਼ਰ ਵੱਲ, ਥਰਮਲਾਂ ’ਚ ਹੋਈ ਕੋਲੇ ਦੀ ਘਾਟ

Shortage of Coal Sachkahoon

ਪਿਛਲੇ ਸਾਲ ਨਾਲੋਂ ਬਿਜਲੀ ਦੀ ਮੰਗ ’ਚ ਵੱਡਾ ਵਾਧਾ, ਗਰਮੀ ਬਣੇਗੀ ਪਾਵਰਕੌਮ ਲਈ ਚੁਣੌਤੀ

ਤਲਵੰਡੀ ਸਾਬੋ ਅਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਕੋਲ ਡੇਢ ਤੋਂ ਦੋ ਦਿਨਾਂ ਦਾ ਕੋਲਾ

ਖੁਸ਼ਵੀਰ ਸਿੰਘ ਤੂਰ, ਪਟਿਆਲਾ। ਮਾਰਚ ਮਹੀਨੇ ਵਿੱਚ ਹੀ ਪੈਣ ਲੱਗੀ ਗਰਮੀ ਲੋਕਾਂ ਦੇ ਹੱਥ ਖੜ੍ਹੇ ਕਰਵਾਉਣ ਲੱਗੀ ਹੈ। ਗਰਮੀ ਵਧਣ ਕਾਰਨ ਬਿਜਲੀ ਦੀ ਮੰਗ ਵਿੱਚ ਵੀ ਪਿਛਲੇ ਸਾਲ ਨਾਲੋਂ ਵੱਡਾ ਵਾਧਾ ਹੋ ਰਿਹਾ ਹੈ। ਬਿਜਲੀ ਦੀ ਮੰਗ 8 ਹਜਾਰ ਮੈਗਾਵਾਟ ’ਤੇ ਪੁੱਜ ਗਈ ਹੈ ਜਦਕਿ ਪਿਛਲੇ ਸਾਲ ਬਿਜਲੀ ਦੀ ਮੰਗ 7100 ਮੈਗਾਵਾਟ ਦੇ ਨੇੜੇ ਤੇੜੇ ਸੀ। ਇੱਧਰ ਪਾਵਰਕੌਮ ਸਮੇਤ ਪ੍ਰਾਈਵੇਟ ਥਰਮਲਾਂ ਨੂੰ ਕੋਲੇ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰੀ ਅਤੇ ਪ੍ਰਾਈਵੇਟ ਥਰਮਲ ਪਲਾਂਟ ਆਪਣੇ ਥਰਮਲਾਂ ਵਿੱਚ ਬਣਦਾ ਕੋਲੇ ਦਾ ਸਟਾਕ ਰੱਖਣ ਤੋਂ ਅਸਫ਼ਲ ਹੋ ਰਹੇ ਹਨ, ਜਿਸ ਦਾ ਖਮਿਆਜਾ ਲੋਕਾਂ ਨੂੰ ਕੱਟਾਂ ਦੇ ਰੂਪ ਵਿੱਚ ਭੁਗਤਣਾ ਪੈ ਸਕਦਾ ਹੈ।

ਇਕੱਤਰ ਜਾਣਕਾਰੀ ਮੁਤਾਬਿਕ ਇਸ ਮਾਰਚ ਮਹੀਨੇ ਵਿੱਚ ਹੀ ਤਾਪਮਾਨ ’ਚ ਅਥਾਹ ਵਾਧਾ ਹੋ ਗਿਆ ਹੈ। ਤਾਪਮਾਨ 35 ਡਿਗਰੀ ’ਤੇ ਪੁੱਜ ਗਿਆ ਹੈ ਜਦਕਿ ਪਿਛਲੇ ਸਾਲ 31.8 ਡਿਗਰੀ ਸੀ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਕੁਝ ਦਿਨਾਂ ਵਿੱਚ ਤਾਪਮਾਨ 36, 37 ਡਿਗਰੀ ਤੱਕ ਪੁੱਜ ਸਕਦਾ ਹੈ। ਤਾਪਮਾਨ ਵਧਣ ਕਾਰਨ ਬਿਜਲੀ ਦੀ ਮੰਗ ਵਿੱਚ ਵੀ ਅਗੇਤਾ ਵਾਧਾ ਹੋ ਗਿਆ ਹੈ ਅਤੇ ਬਿਜਲੀ ਦੀ ਮੰਗ 8 ਹਜਾਰ ਮੈਗਾਵਾਟ ਨੂੰ ਪੁੱਜ ਚੁੱਕੀ ਹੈ। ਸੂਬੇ ਅੰਦਰ ਜਿਆਦਾਤਰ ਬਿਜਲੀ ਪੈਦਾਵਾਰ ਪ੍ਰਾਈਵੇਟ ਥਰਮਲਾਂ ਵੱਲੋਂ ਹੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਕੋਲ ਕੋਲੇ ਦੀ ਵੱਡੀ ਘਾਟ ਆ ਰਹੀ ਹੈ। ਪ੍ਰਾਈਵੇਟ ਥਰਮਲ ਤਲਵੰਡੀ ਸਾਬੋ ਕੋਲ ਡੇਢ ਦਿਨ ਦਾ ਕੋਲਾ ਹੈ। ਇਹ ਥਰਮਲ ਪਲਾਂਟ 1200 ਤੋਂ ਵੱਧ ਮੈਗਾਵਾਟ ਬਿਜਲੀ ਉਤਪਾਦਨ ਕਰ ਰਿਹਾ ਹੈ। ਗੋਇਦਵਾਲ ਸਾਹਿਬ ਥਰਮਲ ਪਲਾਂਟ ਕੋਲ 2 ਦਿਨ ਦਾ ਕੋਲਾ ਬਾਕੀ ਹੈ। ਇਸ ਦਾ ਇੱਕ ਯੂਨਿਟ ਕੋਲੇ ਦੀ ਘਾਟ ਕਾਰਨ ਬੰਦ ਕੀਤਾ ਹੋਇਆ ਹੈ। ਇਸ ਦੇ ਇੱਕ ਯੂਨਿਟ ਤੋਂ ਹੀ 217 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ।

ਰਾਜਪੁਰਾ ਥਰਮਲ ਪਲਾਂਟ ਕੋਲ ਸਾਢੇ 7 ਦਿਨਾਂ ਦਾ ਕੋਲਾ ਹੈ ਅਤੇ ਇਹ ਥਰਮਲ ਪਲਾਂਟ 1085 ਮੈਗਾਵਾਟ ਬਿਜਲੀ ਉਤਪਾਦਨ ਕਰ ਰਿਹਾ ਹੈ। ਜੇਕਰ ਸਰਕਾਰੀ ਥਰਮਲ ਪਲਾਂਟਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਕੁਝ ਹੀ ਸਮਰੱਥਾਂ ’ਤੇ ਭਖੇ ਹੋਏ ਹਨ। ਰੋਪੜ ਥਰਮਲ ਪਲਾਂਟ ਕੋਲ 18 ਦਿਨਾਂ ਦਾ ਕੋਲਾ, ਲਹਿਰਾ ਮੁਹੱਬਤ ਥਰਮਲ ਪਲਾਂਟ ਕੋਲ 22 ਦਿਨ ਦਾ ਕੋਲਾ ਹੈ। ਰੋਪੜ ਥਰਮਲ ਪਲਾਂਟ ਦੇ ਦੋ ਯੂਨਿਟ ਜਦਕਿ ਲਹਿਰਾ ਮੁਹੱਬਤ ਥਰਮਲ ਪਲਾਂਟ ਦਾ ਇੱਕ ਯੂਨਿਟ ਚੱਲ ਰਿਹਾ ਹੈ। ਇਨ੍ਹਾਂ ਯੂਨਿਟਾਂ ਤੋਂ ਸਿਰਫ਼ 540 ਮੈਗਾਵਾਟ ਦੇ ਕਰੀਬ ਬਿਜਲੀ ਪ੍ਰਾਪਤ ਹੋ ਰਹੀ ਹੈ। ਪਾਵਰਕੌਮ ਵੱਲੋਂ ਅੱਜ 7 ਰੁਪਏ ਪਰ ਯੂਨਿਟ ਦੇ ਹਿਸਾਬ ਨਾਲ ਐਕਸਚੇਜ਼ ਚੋਂ 1500 ਮੈਗਾਵਾਟ ਦੇ ਕਰੀਬ ਬਿਜਲੀ ਖਰੀਦੀ ਹੈ। ਕੋਲੇ ਦੇ ਰੇਟਾਂ ਵਿੱਚ ਵਾਧਾ ਹੋਣ ਕਾਰਨ ਪ੍ਰਾਈਵੇਟ ਥਰਮਲਾਂ ਨੂੰ ਪੂਰਾ ਕੋਲਾ ਨਹੀਂ ਮਿਲ ਰਿਹਾ ਅਤੇ ਦੂਜਾ ਰੇਲਵੇ ਟਰਾਂਸਪੋਟੇਸ਼ਨ ਵੱਲੋਂ ਰੇਟਾਂ ਦਾ ਵਾਧਾ ਕੀਤਾ ਜਾ ਰਿਹਾ ਹੈ। ਪ੍ਰਾਈਵੇਟ ਥਰਮਲ ਪਲਾਂਟ ਐਗਰੀਮੈਂਟ ਦੇ ਹਿਸਾਬ ਨਾਲ ਹੀ ਕੋਲੇ ਦੀ ਸਪਲਾਈ ਮੰਗ ਰਹੇ ਹਨ।

ਦੱਸਣਯੋਗ ਹੈ ਕਿ ਪਿਛਲੇ ਸਾਲ ਥਰਮਲ ਪਲਾਟਾਂ ਕੋਲ ਮਾਰਚ ਮਹੀਨੇ ਵਿੱਚ 19 ਦਿਨਾਂ ਤੋਂ ਲੈ ਕੇ 40 ਦਿਨਾਂ ਤੱਕ ਦਾ ਕੋਲਾ ਉਪਲੱਬਧ ਸੀ, ਪਰ ਇਸ ਸਾਲ ਗਰਮੀ ਅਤੇ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਹੀ ਥਰਮਲ ਪਲਾਂਟ ਖਾਲੀ ਖੜਕਨ ਲੱਗੇ ਹਨ। ਇੱਕ ਅਧਿਕਾਰੀ ਦਾ ਕਹਿਣਾ ਸੀ ਕਿ ਜੇਕਰ ਕੋਲੇ ਦੀ ਸਪਲਾਈ ਦੇ ਹਾਲਾਤ ਨਾ ਸੁਧਰੇ ਤਾਂ ਇਸ ਵਾਰ ਪੰਜਾਬ ਦੇ ਲੋਕਾਂ ਨੂੰ ਵੱਡੇ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਾਵਰਕੌਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਲੇ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਪਲਾਈ ਆ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ