ਗਿਆਨੀ ਜੈਲ ਸਿੰਘ ਦੇ ਪੋਤਰੇ ਵਜੋਂ ਪਛਾਣ ਬਣਾਉਣਾ ਚਾਹੁੰਦੇ ਨੇ ਕੁਲਤਾਰ ਸਿੰਘ ਸੰਧਵਾਂ

Kultar Singh Sandhwan Sachkahoon

ਕੁਲਤਾਰ ਸਿੰਘ ਸੰਧਵਾਂ ਬਣੇ ਪੰਜਾਬ ਵਿਧਾਨ ਸਭਾ ਦੇ ਸਪੀਕਰ

ਸੰਨ 2002 ’ਚ ਰੱਖਿਆ ਸੀ ਸਿਆਸਤ ’ਚ ਪੈਰ, 2003 ਵਿੱਚ ਪਹਿਲੀ ਵਾਰ ਬਣੇ ਪਿੰਡ ਦੇ ਸਰਪੰਚ

(ਅਜੈ ਮਨਚੰਦਾ) ਕੋਟਕਪੂਰਾ। ਪੰਜਾਬ ’ਚ ਨਵੀਂ ਸਰਕਾਰ ਬਣਨ ਤੋਂ ਬਾਅਦ ਅੱਜ ਵਿਧਾਨ ਸਭਾ ਸੈਸ਼ਨ ਦਾ ਦੂਜਾ ਗੇੜ ਚੱਲ ਰਿਹਾ ਹੈ। ਸਵੇਰੇ 11 ਵਜੇ ਵਿਧਾਨ ਸਭਾ ਸੈਸਨ ਦੀ ਕਾਰਵਾਈ ਸ਼ੁਰੂ ਹੋਈ। ਇਸੇ ਦੌਰਾਨ ਕੁਲਤਾਰ ਸਿੰਘ ਸੰਧਵਾਂ ਨੂੰ ਵਿਧਾਨ ਸਭਾ ਦਾ ਸਪੀਕਰ ਚੁਣ ਲਿਆ ਗਿਆ। ਸਰਬ ਸੰਮਤੀ ਨਾਲ ਕੁਲਤਾਰ ਸਿੰਘ ਸੰਧਵਾਂ ਦੀ ਸਪੀਕਰ ਵਜੋਂ ਚੋਣ ਕੀਤੀ ਗਈ ਹੈ। ਇਸ ਦੌਰਾਨ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਲਤਾਰ ਸਿੰਘ ਸੰਧਵਾ ਨੂੰ ਵਧਾਈ ਦਿੱਤੀ। ਜ਼ਿਲ੍ਹਾ ਫਰੀਦਕੋਟ ਦੇ ਪਿੰਡ ਸੰਧਵਾਂ ਪੰਜਾਬ ਸਿਆਸਤ ’ਚ ਵਿਸ਼ੇਸ਼ ਸਥਾਨ ਰੱਖਦਾ ਹੈ।

ਇਸ ਪਿੰਡ ਦੀ ਮਿੱਟੀ ਵਿੱਚ ਪੈਦਾ ਹੋਏ ਵਿਅਕਤੀ ਨੂੰ ਦੇਸ਼ ਦੀ ਸਰਵਉੱਚ ਸ਼ਕਤੀ ਭਾਵ ਰਾਸ਼ਟਰਪਤੀ ਤੱਕ ਪਹੁੰਚਣ ਦਾ ਸੁਭਾਗ ਪ੍ਰਾਪਤ ਹੋਇਆ। ਕੁਲਤਾਰ ਸਿੰਘ ਸੰਧਵਾਂ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਪਰਿਵਾਰ ਨਾਲ ਸਬੰਧਤ ਹਨ। ਸੰਧਵਾਂ ਆਪਣੇ-ਆਪ ਨੂੰ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦਾ ਪੋਤਰਾ ਦੱਸਣਾ ਪਸੰਦ ਕਰਦੇ ਹਨ। ਕੁਲਤਾਰ ਸਿੰਘ ਸੰਧਵਾਂ 2002 ਵਿੱਚ ਸਿਆਸਤ ਵਿੱਚ ਆਏ ਤੇ 2003 ਤੋਂ ਲੈ ਕੇ 2008 ਤੱਕ ਪਿੰਡ ਸੰਧਵਾਂ ਤੋਂ ਸਰਪੰਚ ਚੁਣੇ ਜਾਣ ਅਤੇ ਆਮ ਆਦਮੀ ਪਾਰਟੀ ਦੀ ਟਿਕਟ ਕੋਟਕਪੁਰਾ ਵਿਧਾਨ ਸਭਾ ਹਲਕੇ ’ਚ ਸਾਲ 2017 ’ਚ ਵਿਧਾਇਕ ਬਣੇ, 2022 ’ਚ ਦੂਜੀ ਵਾਰ ਚੁਣੇ ਗਏ।

ਕੁਲਤਾਰ ਸਿੰਘ ਸੰਧਵਾਂ 2017 ’ਚ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਪਹਿਲੀ ਵਾਰ ਕੋਟਕਪੂਰਾ ਵਿਧਾਨ ਸਭਾ ਹਲਕੇ ਤੋਂ 10 ਹਜ਼ਾਰ ਵੋਟਾਂ ਦੇ ਫਰਕ ਨਾਲ ਵਿਧਾਇਕ ਬਣੇ, 2022 ’ਚ ਉਹ 21 ਹਜ਼ਾਰ ਵੋਟਾਂ ਦੇ ਫਰਕ ਨਾਲ ਵਿਧਾਨ ਸਭਾ ’ਚ ਪਹੁੰਚੇ। ਆਮ ਆਦਮੀ ਪਾਰਟੀ ਵਿੱਚ ਆਪਣੀ ਡੂੰਘੀ ਪਕੜ ਕਾਰਨ ਸੰਧਵਾਂ ਨੂੰ ਸੂਬੇ ਦੀ ਨਵੀਂ ਬਣੀ ਸਰਕਾਰ ਵਿੱਚ ਵੱਡਾ ਤੇ ਅਹਿਮ ਅਹੁਦਾ ਮਿਲਣ ਦਾ ਪਹਿਲਾਂ ਹੀ ਭਰੋਸਾ ਸੀ। ਭਾਵੇਂ ਪਾਰਟੀ ਨੇ ਕੁਲਤਾਰ ਸਿੰਘ ਸੰਧਵਾਂ ਨੂੰ ਵਿਧਾਨ ਸਭਾ ਦਾ ਸਪੀਕਰ ਬਣਾਉਣ ਦਾ ਫੈਸਲਾ ਕੀਤਾ ਹੈ, ਹਾਲਾਂਕਿ ਇਸ ਦੌੜ ਵਿੱਚ ਸਰਬਜੀਤ ਕੌਰ ਮਾਣੂਕੇ ਦਾ ਨਾਂਅ ਸਭ ਤੋਂ ਉੱਪਰ ਚੱਲ ਰਿਹਾ ਸੀ ਅਤੇ ਮਨਜੀਤ ਸਿੰਘ ਬਿਲਾਸਪੁਰ ਨੂੰ ਡਿਪਟੀ ਸਪੀਕਰ ਬਣਾਏ ਜਾਣ ਦੀ ਗੱਲ ਵੀ ਕਹੀ ਜਾ ਰਹੀ ਸੀ।

ਦੱਸਣਯੋਗ ਹੈ ਕਿ 16 ਅਪਰੈਲ 1975 ਨੂੰ ਪਿੰਡ ਸੰਧਵਾਂ ਵਿਖੇ ਪਿਤਾ ਜਗਤਾਰ ਸਿੰਘ ਅਤੇ ਮਾਤਾ ਗੁਰਮੇਲ ਕੌਰ ਦੇ ਘਰ ਜਨਮ ਲੈਣ ਵਾਲੇ ਕੁਲਤਾਰ ਸਿੰਘ ਸੰਧਵਾਂ ਦੇ ਦਾਦਾ ਜੰਗੀਰ ਸਿੰਘ ਅਤੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਸਕੇ ਭਰਾ ਸਨ। ਕੁਲਤਾਰ ਸਿੰਘ ਸੰਧਵਾਂ ਨੇ ਪਹਿਲੀ ਤੋਂ ਲੈ ਕੇ 10 ਵੀਂ ਤੱਕ ਸੰਧਵਾਂ ਦੇ ਸਰਕਾਰੀ ਸਕੂਲ ਵਿੱਚ ਹੀ ਪੜ੍ਹੇ ਤੇ 12ਵੀਂ ਚੰਡੀਗੜ੍ਹ ਤੇ ਬੈਚਲਰ ਆਫ ਇੰਜੀਨੀਅਰਿੰਗ (ਬੀ.ਈ.) ਆਟੋਮੋਬਾਈਲ, ਗੁਲਬਰਗਾ ਯੂਨੀਵਰਸਿਟੀ ਅਧੀਨ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਬਿਦਰ (ਕਰਨਾਟਕ) ਤੋਂ 1997 ਵਿੱਚ ਪਾਸ ਕੀਤਾ । ਵਿਧਾਇਕ ਕੁਲਤਾਰ ਸਿੰਘ ਦੇ ਭਰਾ ਐਡਵੋਕੇਟ ਬੀਰ ਦਵਿੰਦਰ ਸਿੰਘ ਮੁਤਾਬਿਕ ਸਰਪੰਚੀ ਤੋਂ ਸਿਆਸੀ ਸਫ਼ਰ ਸ਼ੁਰੂ ਕਰਨ ਵਾਲੇ ਸੰਧਵਾਂ ਨੇ ਛੋਟੀ ਉਮਰੇ ਹੀ ਵੱਡੀਆਂ ਪੁਲਾਂਘਾਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ ਤੇ ਬੇਦਾਗ ਸ਼ਖਸ਼ੀਅਤ ਵਜੋਂ ਉਭਰਦਿਆਂ ਉਨ੍ਹਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਬਣਨ ਤੱਕ ਦਾ ਸ਼ਾਨਦਾਰ ਸਫਰ ਤਹਿ ਕੀਤਾ। ਸਾਲ 1994 ’ਚ ਗਿਆਨੀ ਜ਼ੈਲ ਸਿੰਘ ਦੇ ਵਿਛੋੜੇ ਤੋਂ ਬਾਅਦ ਪਰਿਵਾਰ ਵਿੱਚੋਂ ਉਨ੍ਹਾਂ ਦੀ ਸਿਆਸਤ ਨੂੰ ਅੱਗੇ ਵਧਾਉਣ ਵਿੱਚ ਉਨ੍ਹਾਂ ਦੇ ਪੋਤਰੇ ਕੁਲਤਾਰ ਸਿੰਘ ਸੰਧਵਾਂ ਦਾ ਸ਼ਾਨਦਾਰ ਯੋਗਦਾਨ ਹੈ। ਕਿਆਸ ਲਗਾਈ ਜਾ ਰਹੀ ਸੀ ਕਿ ਕੁਲਤਾਰ ਸਿੰਘ ਸੰਧਵਾਂ ਨੂੰ ਉਪ ਮੁੱਖ ਮੰਤਰੀ ਜਾ ਕੈਬਨਿਟ ਮੰਤਰੀ ਵਿੱਚ ਖੇਤੀ ਬਾੜੀ ਮਹਿਕਮਾ ਜਾ ਕੋਈ ਹੋਰ ਮਹਿਕਮਾ ਮਿਲ ਸਕੇ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ