ਲੋਕ ਸਭਾ ਚੋਣਾਂ ‘ਚ ਸਰਕਾਰ ਖਿਲਾਫ ਭੰਡੀ ਪ੍ਰਚਾਰ ਕਰਨਗੇ ਅਧਿਆਪਕ

Teachers, Campaigning, Government, Elections

13 ਲੋਕ ਸਭਾ ਹਲਕਿਆਂ ‘ਚ ਪ੍ਰਚਾਰ ਪ੍ਰੋਗਰਾਮ ਸ਼ੁਰੂ ਕਰਨ ਦੀ ਰਣਨੀਤੀ ਘੜਨੀ ਕੀਤੀ ਸ਼ੁਰੂ

ਬਠਿੰਡਾ (ਅਸ਼ੋਕ ਵਰਮਾ) | ਆਪਣੀਆਂ ਮੰਗਾਂ ਨੂੰ ਲੈ ਕੇ ਪਟਿਆਲਾ ਵਿਖੇ ਪੁਲਿਸ ਦੇ ਜਬਰ ਦੇ ਫੱਟ ਖਾ ਕੇ ਅੱਗ ਬਬੂਲਾ ਹੋਏ ਅਧਿਆਪਕਾਂ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਭੰਡੀ ਪ੍ਰਚਾਰ ਮੁਹਿੰਮ ਵਿੱਢਣ ਦਾ ਐਲਾਨ ਕਰ ਦਿੱਤਾ ਹੈ ਇਹ ਪ੍ਰਚਾਰ ਵੋਟਾਂ ਹਾਸਲ ਕਰਨ ਲਈ ਨਹੀਂ ਸਗੋਂ ਹੁਕਮਰਾਨ ਧਿਰ ਦੀਆਂ ਬੇਵਫਾਈਆਂ ਘਰ-ਘਰ ਪਹੰਚਾਉਣ ਅਤੇ ਕਾਂਗਰਸ ਪਾਰਟੀ ਨੂੰ ਸਿਆਸੀ ਸੱਟ ਮਾਰਨ ਲਈ ਕੀਤਾ ਜਾਏਗਾ
ਜਾਣਕਾਰੀ ਅਨੁਸਾਰ ਸਰਕਾਰ ਦੇ ਵਤੀਰੇ ਤੋਂ ਅੱਕੀ ਅਧਿਆਪਕ ਸੰਘਰਸ਼ ਕਮੇਟੀ ਨੇ ਪੰਜਾਬ ਦੇ ਸਾਰੇ 13 ਲੋਕ ਸਭਾ ਹਲਕਿਆਂ ਵਿੱਚ ਆਪਣਾ ਪ੍ਰਚਾਰ ਪ੍ਰੋਗਰਾਮ ਸ਼ੁਰੂ ਕਰਨ ਦੀ ਰਣਨੀਤੀ ਘੜਨੀ ਸ਼ੁਰੂ ਕਰ ਦਿੱਤੀ ਹੈ

ਪਿਛਲੇ ਕਈ ਮਹੀਨਿਆਂ ਤੋਂ ਕੈਪਟਨ ਸਰਕਾਰ ਵਿਰੁੱਧ ਸੰਘਰਸ਼ ਕਰ ਰਹੇ ਅਧਿਆਪਕ ਵਰਗ ਨੇ ਹਾਕਮ ਧਿਰ ਨੂੰ ਵਖਤ ਪਾਉਣ ਦਾ ਜੋ ਫੈਸਲਾ ਲਿਆ ਹੈ ਉਸ ‘ਤੇ ਅਮਲ ਕਰਨ ਲਈ ਪਹਿਲਾਂ ਸਿੱਖਿਆ ਮੰਤਰੀ ਨਾਲ 14 ਫਰਵਰੀ ਤੇ ਉਸ ਮਗਰੋਂ 28 ਫਰਵਰੀ ਨੂੰ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਦੇ ਸਿੱਟਿਆਂ ਦੀ ਉਡੀਕ ਕੀਤੀ ਜਾਏਗੀ ਸਰਕਾਰ ਦੀ ਲਾਰੇ ਵਾਲੀ ਨੀਤੀ ਤੋਂ ਤਪੀਆਂ ਬੈਠੀਆਂ ਅਧਿਆਪਕ ਧਿਰਾਂ ਵੱਲੋਂ ਬਣਾਈ ਅਧਿਆਪਕ ਸੰਘਰਸ਼ ਕਮੇਟੀ ਨੇ ਅਗਲੇ ਪ੍ਰੋਗਰਾਮ ਵਾਸਤੇ ਮੀਟਿੰਗ ਸੱਦ ਲਈ ਹੈ ਸੂਤਰ ਦੱਸਦੇ ਹਨ ਕਿ ਸੰਘਰਸ਼ ਕਮੇਟੀ ਵੱਲੋਂ ਸੰਸਦੀ ਹਲਕਿਆਂ ਵਿਚਲੇ ਅਧਿਆਪਕਾਂ, ਉਨ੍ਹਾਂ ਦੇ ਪਰਿਵਾਰਾਂ, ਰਿਸ਼ਤੇਦਾਰਾਂ ਤੇ ਨਜਦੀਕੀਆਂ ਦੀਆਂ ਸੂਚੀਆਂ ਤਿਆਰ ਕਰਕੇ ਲੋਕ ਸਭਾ ਦੇ ਕਾਂਗਰਸੀ ਉਮੀਦਵਾਰਾਂ ਨੂੰ ਸਿੱਧੀ ਚੁਣੌਤੀ ਦੇਣ ਦਾ ਫਾਰਮੂਲਾ ਲਾਗੂ ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ

ਅਧਿਆਪਕ ਸੂਤਰਾਂ ਮੁਤਾਬਿਕ ਹਰੇਕ ਲੋਕ ਸਭਾ ਹਲਕੇ ‘ਚ ਇੱਕ ਅਜਿਹਾ ਦਫਤਰ ਬਣਾਇਆ ਜਾਏਗਾ ਜਿੱਥੋਂ ਹਲਕੇ ਦੇ ਪਿੰਡਾਂ ਵਿੱਚ ਸਰਕਾਰ ਵਿਰੁੱਧ ਪ੍ਰਚਾਰ ਲਈ ਪ੍ਰੋਗਰਾਮ ਉਲੀਕੇ ਤੇ ਲਾਗੂ ਕੀਤੇ ਜਾਣਗੇ ਸੂਤਰ ਦੱਸਦੇ ਹਨ ਕਿ ਅਧਿਆਪਕਾਂ ਕੋਲ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਦੀ ਵੀਡੀਓ ਰਿਕਾਰਡਿੰਗ ਵੀ ਮੌਜੂਦ ਹੈ ਵਾਅਦਿਆਂ ਦੀਆਂ ਇਨ੍ਹਾਂ ਵੀਡੀਓਜ਼ ਨੂੰ ਪਿੰਡਾਂ ‘ਚ ਸਪਲਾਈ ਕੀਤਾ ਜਾਏਗਾ ਅਤੇ ਹਰ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਕੀਤੀ ਜਾਏਗੀ ਪਤਾ ਲੱਗਾ ਹੈ ਕਿ ਇਨ੍ਹਾਂ ਵੀਡੀਓਜ਼ ਨੂੰ ਪ੍ਰੋਜੈਕਟਰਾਂ ਰਾਹੀਂ ਪਿੰਡਾਂ ਦੀਆਂ ਸੱਥਾਂ ‘ਚ ਦਿਖਾਉਣ ‘ਤੇ ਵਿਚਾਰ ਕੀਤਾ ਜਾਏਗਾ ਜਿਸ ਲਈ ਕਾਨੂੰਨੀ ਅਤੇ ਤਕਨੀਕੀ ਪਹਿਲੂਆਂ ਦੀ ਘੋਖ ਕੀਤੀ ਜਾ ਰਹੀ ਹੈ

ਮਾਲਵੇ ‘ਚ ਸਰਗਰਮ ਇੱਕ ਅਧਿਆਪਕ ਆਗੂ ਨੇ ਦੱਸਿਆ ਕਿ ਪੰਜਾਬ ਦੀਆਂ ਕਿਸਾਨ, ਮਜਦੂਰ, ਵਿਦਿਆਰਥੀ, ਜਨਤਕ ਜਮਹੂਰੀ ਅਤੇ ਮੁਲਾਜਮ ਜੱਥੇਬੰਦੀਆਂ ਦੀ ਉਨ੍ਹਾਂ ਨੂੰ ਹਮਾਇਤ ਪ੍ਰਾਪਤ ਹੈ ਜਿਨ੍ਹਾਂ ਦੀ ਭਰਾਤਰੀ ਹਮਾਇਤ ਨਾਲ ਸਾਂਝੇ ਸੰਘਰਸ਼ ਨੂੰ ਸਿਖਰਾਂ ‘ਤੇ ਲਿਜਾਣ ਦੇ ਯਤਨ ਵੀ ਕੀਤੇ ਜਾਣਗੇ ਕੁਝ ਅਧਿਆਪਕਾਂ ਨੇ ਮੰਨਿਆ ਕਿ ਜੇਕਰ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਕਮੇਟੀ ਨੇ ਕਾਂਗਰਸ ਪਾਰਟੀ ਨਾਲ ਸਿੱਧੇ ਤੌਰ ‘ਤੇ ਦੋ-ਦੋ ਹੱਥ ਕਰਨ ਲਈ ਚੋਣ ਪ੍ਰਚਾਰ ਦੇ ਸਿਖਰਲੇ ਸਮੇਂ ਪਟਿਆਲਾ ਸੰਸਦੀ ਹਲਕੇ ‘ਚ ਸੂਬਾਈ ਰੈਲੀ ਕਰਕੇ ਇੱਥੋਂ ਕੈਪਟਨ ਪਰਿਵਾਰ ਦੀ ਸੰਭਾਵਿਤ ਉਮੀਦਵਾਰ ਨੂੰ ਸਿੱਧਾ ਟੱਕਰਨ ਦਾ ਫੈਸਲਾ ਵੀ ਲਿਆ ਜਾ ਸਕਦਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।