ਕਾਕਾ ਰਣਦੀਪ ਨੇ ਮੁੱਖ ਮੰਤਰੀ ਖਿਲਾਫ਼ ਖੋਲ੍ਹਿਆ ਮੋਰਚਾ

Randeep, Opposition, ChiefMinister

ਪ੍ਰਨੀਤ ਕੌਰ ਦੇ ਟਿਕਟ ਮੰਗਣ ‘ਤੇ ਕੀਤਾ ਇਤਰਾਜ਼

ਨਾਭਾ | ਬੀਤੇ ਦਿਨੀਂ ਪਟਿਆਲਾ ਵਿਖੇ ਅਧਿਆਪਕਾਂ ‘ਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ਼ ਦਾ ਮੁੱਦਾ ਕਾਂਗਰਸ ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਜਿੱਥੇ ਇਹ ਮੁੱਦਾ ਵਿਰੋਧੀਆਂ ਲਈ ਸਰਕਾਰ ਖਿਲਾਫ਼ ਰਾਜਨੀਤਿਕ ਹਥਿਆਰ ਬਣ ਗਿਆ ਹੈ, ਉੱਥੇ ਇਸ ‘ਤੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਆਪਣਿਆਂ ਦਾ ਵਿਰੋਧ ਝੱਲਣਾ ਪੈ ਰਿਹਾ ਹੈ। ਅਧਿਆਪਕਾਂ ‘ਤੇ ਹੋਏ ਲਾਠੀਚਾਰਜ਼ ‘ਤੇ ਅਮਲੋਹ ਹਲਕੇ ਦੇ ਕਾਂਗਰਸੀ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਸਵਾਲ ਖੜ੍ਹੇ ਕਰਦਿਆਂ ਅੱਜ ਇੱਥੇ ਸੇਵਾ ਭਵਨ ‘ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਤਾ ਨਹੀਂ ਸਰਕਾਰ ਦੀ ਕੀ ਮਜ਼ਬੂਰੀ ਸੀ ਜੋ ਅਧਿਆਪਕਾਂ ‘ਤੇ ਲਾਠੀਚਾਰਜ਼ ਤੱਕ ਕਰਨਾ ਪੈ ਗਿਆ।

 ਉਨ੍ਹਾਂ ਕਿਹਾ ਕਿ ਅਸੀਂ ਲੋਕਤੰਤਰ ਦੇਸ਼ ‘ਚ ਰਹਿੰਦੇ ਹਾਂ ਅਤੇ ਇਸ ਦੇਸ਼ ‘ਚ ਹਰ ਨਾਗਰਿਕ ਨੂੰ ਆਪਣਾ ਜਮੂਰਹੀਅਤ ਹੱਕ ਲੈਣ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਉਨ੍ਹਾਂ (ਅਧਿਆਪਕਾਂ) ‘ਤੇ ਦਬਾਅ ਬਣਾਵਾਂਗੇ ਤਾਂ ਇਸ ਅੰਦੋਲਨ ਰੂਪੀ ਅੱਗ ਹੋਰ ਭੜਕ ਸਕਦੀ ਹੈ। ਉਨ੍ਹਾਂ ਸਰਕਾਰ ਨੂੰ ਸਲਾਹ ਦਿੱਤੀ ਕਿ ‘ਇੱਕ ਚੁੱਪ ਸੋ ਸੁਖ’ ਦੀ ਕਹਾਵਤ ਅਨੁਸਾਰ ਸਾਨੂੰ ਉਨ੍ਹਾਂ ਨਾਲ ਪਿਆਰ ਨਾਲ ਪੇਸ਼ ਆ ਕੇ ਉਨ੍ਹਾਂ ਨੂੰ ਸਮਝਾਉਣਾ ਚਾਹੀਦਾ ਹੈ ਅਤੇ ਆਪਣੇ ਨਾਲ ਲੈ ਕੇ ਚੱਲਣਾ ਚਾਹੀਦਾ ਹੈ।

 ਇਸ ਮੌਕੇ ਉਨ੍ਹਾਂ ਕੈਪਟਨ ਪਰਿਵਾਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਇੱਕ ਪਾਸੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਖੁਦ ਹੀ ਇੱਕ ਪਰਿਵਾਰ ਵਿੱਚੋਂ ਇੱਕ ਹੀ ਮੈਂਬਰ ਨੂੰ ਹੀ ਟਿਕਟ ਦੇਣ ਦਾ ਐਲਾਨ ਕੀਤਾ ਸੀ ਜਦਕਿ ਹੁਣ ਸਾਰੇ ਹੀ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਲੋਕ ਸਭਾ ਪਟਿਆਲਾ ਹਲਕੇ ਤੋਂ ਮਹਾਰਾਣੀ ਪ੍ਰਨੀਤ ਕੌਰ ਤੋਂ ਇਲਾਵਾ ਇੰਕਾਂ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਵੀ ਦਾਅਵੇਦਾਰੀ ਪੇਸ਼ ਕੀਤੀ ਹੋਈ ਹੈ।

ਉਨ੍ਹਾਂ ਪੁੱਛਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਮਹਾਰਾਣੀ ਪ੍ਰਨੀਤ ਕੌਰ ਕਿਵੇ ਪਟਿਆਲਾ ਲੋਕ ਸਭਾ ਸੀਟ ‘ਤੇ ਦਾਅਵੇਦਾਰੀ ਜਤਾ ਰਹੇ ਹਨ? ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਵੱਲੋਂ ਨਸ਼ੇ ਖਿਲਾਫ ਮੋਰਚਾ ਖੋਲਣ ਸਬੰਧੀ ਉਨ੍ਹਾਂ ਕਿਹਾ ਕਿ ਭਾਵੇਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ ‘ਚ ਲੈ ਕੇ ਨਸ਼ੇ ਖਤਮ ਕਰਨ ਦੀ ਸਹੁੰ ਚੁੱਕੀ ਸੀ ਪਰੰਤੂ ਸੱਚਾਈ ਇਹ ਹੈ ਕਿ ਅਜੇ ਵੀ ਪੰਜਾਬ ‘ਚ ਨਸ਼ਾ ਖਤਮ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਤੇ ਸਮਾਜ ਨੂੰ ਨਾਲ ਲੈ ਕੇ ਹੀ ਨਸ਼ਿਆਂ ਦਾ ਖਾਤਮਾ ਕੀਤਾ ਜਾ ਸਕਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।