ਸ਼ਹੀਦ ਊਧਮ ਸਿੰਘ ਦੇ ਸ਼ਰਧਾਂਜਲੀ ਸਮਾਗਮ ‘ਚੋਂ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਦੀ ‘ਹੈਟ੍ਰਿਕ’

Chief Minister, Absence, Tribute Ceremony, Shaheed Udham Singh

ਲਗਾਤਾਰ ਤੀਜੇ ਵਰ੍ਹੇ ਵੀ ਸੁਨਾਮ ਦੇ ਲੋਕ ਆਪਣੇ ਮੁੱਖ ਮੰਤਰੀ ਨੂੰ ਉਡੀਕਦੇ ਰਹੇ | Sunam Udham Singh Wala

  • ਜ਼ਿਲ੍ਹੇ ਦੇ ਦੋਵਾਂ ਮੰਤਰੀਆਂ ‘ਚੋਂ ਕਿਸੇ ਨੇ ਨਾ ਭਰੀ ਹਾਜ਼ਰੀ

ਸੁਨਾਮ ਊਧਮ ਸਿੰਘ ਵਾਲਾ (ਗੁਰਪ੍ਰੀਤ ਸਿੰਘ)। ਭਾਰਤ ਦੀ ਆਜ਼ਾਦੀ ਲਈ ਜਾਨ ਕੁਰਬਾਨ ਕਰਨ ਵਾਲੇ ਦੇਸ਼ ਦੇ ਅਮਰ ਸ਼ਹੀਦ ਸ੍ਰ. ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਤੀਜੀ ਵਾਰ ਫ਼ਿਰ ਮੁੱਖ ਮੰਤਰੀ ਦੀ ਗ਼ੈਰ ਹਾਜ਼ਰੀ ਚਰਚਾ ਦਾ ਵਿਸ਼ਾ ਰਹੀ ਪਿਛਲੇ 2 ਵਰ੍ਹੇ ਵੀ ਕੈਪਟਨ ਸਮਾਗਮ ਮੌਕੇ ਲਗਾਤਾਰ ਗ਼ੈਰ ਹਾਜ਼ਰ ਹੁੰਦੇ ਰਹੇ ਹਨ ਇਸ ਵਾਰ ਵੀ ਮੁੱਖ ਮੰਤਰੀ ਦਾ ਹੈਲੀਕਾਪਟਰ ਖ਼ਰਾਬ ਮੌਸਮ ਵਿੱਚ ਉੱਡ ਨਾ ਸਕਣ ਦੀਆਂ ਗੱਲਾਂ ਸਾਹਮਣੇ ਆਈਆਂ ਹਨ ਸ਼ਹੀਦ ਊਧਮ ਸਿੰਘ ਦਾ ਸ਼ਹਿਰ ਅੱਜ ਵੀ ਕੈਪਟਨ ਅਮਰਿੰਦਰ ਸਿੰਘ ਦੇ ‘ਦਰਸ਼ਨਾਂ’ ਤੋਂ ਵਾਂਝਾ ਰਹਿ ਗਿਆ ਜਦੋਂ ਤੋਂ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸਰਕਾਰ ਬਣੀ ਹੈ, ਹਰ ਸਾਲ ਹੁੰਦੇ ਇਸ ਸ਼ਹੀਦੀ ਸਮਾਗਮ ਵਿੱਚ ਮੁੱਖ ਮੰਤਰੀ ਨਹੀਂ ਪਹੁੰਚੇ ਪਿਛਲੀ ਵਾਰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕੈਪਟਨ ਦੀ ਥਾਂ ਹਾਜ਼ਰੀ ਲਗਵਾਉਣ ਲਈ ਭੇਜਿਆ ਗਿਆ ਸੀ। (Sunam Udham Singh Wala)

ਜਦੋਂ ਪੱਤਰਕਾਰਾਂ ਨੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਤੋਂ ਬਾਅਦ ਸ਼ਹੀਦੀ ਸਮਾਗਮ ਵਿੱਚ ਲਗਾਤਾਰ ਤੀਜੀ ਗ਼ੈਰ ਹਾਜ਼ਰੀ ਬਾਰੇ ਸਵਾਲ ਕੀਤਾ ਤਾਂ ਉਹ ਗੋਲ ਮੋਲ ਜਵਾਬ ਦੇ ਗਏ ਉਨ੍ਹਾਂ ਕਿਹਾ ਕਿ ਮੰਤਰੀ ਮੰਡਲ ਕਾਹਦੇ ਲਈ ਹੁੰਦਾ ਹੈ, ਜੇਕਰ ਮੁੱਖ ਮੰਤਰੀ ਕਿਸੇ ਕਾਰਨ ਕਿਸੇ ਪ੍ਰੋਗਰਾਮ ਵਿੱਚ ਨਾ ਪਹੁੰਚ ਸਕਣ ਤਾਂ ਮੰਤਰੀ ਉਨ੍ਹਾਂ ਦੀ ਥਾਂ ‘ਤੇ ਚਲੇ ਜਾਂਦੇ ਹਨ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦਾ ਪੱਖ ਕਰਦਿਆਂ ਆਖਿਆ ਕਿ ਮੌਸਮ ਖਰਾਬ ਹੋਣ ਕਾਰਨ ਉਨ੍ਹਾਂ ਦਾ ਹੈਲੀਕਾਪਟਰ ਉਡ ਨਹੀਂ ਸਕਿਆ ਜਿਸ ਕਾਰਨ ਉਹ ਸ਼ਹੀਦੀ ਸਮਾਗਮ ਵਿੱਚ ਪਹੁੰਚ ਨਹੀਂ ਸਕੇ।

ਇਹ ਵੀ ਪੜ੍ਹੋ : ਸ਼ੇਰ ਤੇ ਮੱਛਰ : ਪੜ੍ਹ ਕੇ ਤਾਂ ਦੇਖੋ

ਕੈਪਟਨ ਅਮਰਿੰਦਰ ਸਿੰਘ ਦੇ ਨਾ ਆਉਣ ਦੀ ਭਿਣਕ ਸਵੇਰ ਵੇਲੇ ਹੀ ਲੱਗ ਗਈ ਸੀ ਕਿਉਂਕਿ ਸੁਰੱਖਿਆ ਦੇ ਪ੍ਰਬੰਧ ਠੀਕ ਠਾਕ ਸਨ ਪੁਲਿਸ ਅਫ਼ਸਰ ਤੇ ਮੁਲਾਜ਼ਮ ਆਰਾਮ ਨਾਲ ਡਿਊਟੀ ਦੇ ਰਹੇ ਹਨ ਲੋਕ ਸੰਪਰਕ ਅਧਿਕਾਰੀ ਵੱਲੋਂ ਸਟੇਜ ਤੋਂ ਵਾਰ-ਵਾਰ ਸਿਰਫ਼ ਮੁੱਖ ਮਹਿਮਾਨ ਬੋਲਿਆ ਜਾ ਰਿਹਾ ਸੀ, ਮੁੱਖ ਮੰਤਰੀ ਦਾ ਨਾਂਅ ਨਹੀਂ ਲਿਆ ਜਾ ਰਿਹਾ ਸੀ ਜਦੋਂ ਕਿ ਪ੍ਰਸ਼ਾਸਨ ਵੱਲੋਂ ਜਿਹੜੇ ਕਾਰਡ ਛਪਵਾਏ ਗਏ ਸਨ, ਉਨ੍ਹਾਂ ‘ਤੇ ਬਕਾਇਦਾ ਤੌਰ ‘ਤੇ ਮੁੱਖ ਮਹਿਮਾਨ ਕੈਪਟਨ ਅਮਰਿੰਦਰ ਸਿੰਘ ਦਾ ਨਾਂਅ ਵੱਡੇ-ਵੱਡੇ ਅੱਖਰਾਂ ਵਿੱਚ ਲਿਖਿਆ ਗਿਆ ਸੀ ਲੋਕ ਸੰਪਰਕ ਵਿਭਾਗ ਵੱਲੋਂ ਮੀਡੀਆ ਨੂੰ ਜਿਹੜੇ ਸੁਨੇਹੇ ਦਿੱਤੇ ਗਏ ਸਨ ਉਨ੍ਹਾਂ ਵਿੱਚ ਵੀ ਬਕਾਇਦਾ ਤੌਰ ‘ਤੇ ਕਿਹਾ ਗਿਆ ਸੀ ਕਿ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸੂਬਾ ਪੱਧਰੀ ਸਮਾਗਮ ਵਿੱਚ ਮੁੱਖ ਮੰਤਰੀ ਵਿਸ਼ੇਸ਼ ਤੌਰ ‘ਤੇ ਪਹੁੰਚ ਰਹੇ ਹਨ।

‘ਰਾਜਾ ਸਾਹਬ’ ਨੂੰ ਹੁਣ ਕਾਹਨੂੰ ਦਿਸਦੈ ਸੁਨਾਮ

ਮੁੱਖ ਮੰਤਰੀ ਦੀ ਰਾਜ ਪੱਧਰੀ ਸ਼ਹੀਦੀ ਸਮਾਗਮ ਵਿੱਚੋਂ ਗ਼ੈਰ ਹਾਜ਼ਰੀ ਪੰਡਾਲ ਵਿਖੇ ਬੈਠੇ ਲੋਕਾਂ ਨੂੰ ਵੀ ਵੱਡੇ ਪੱਧਰ ‘ਤੇ ਰੜਕੀ ਇੱਕ ਬਜ਼ੁਰਗ ਕਹਿੰਦਾ ਸੁਣਿਆ ਗਿਆ, ‘ਭਾਈ ਰਾਜਾ ਸਾਹਬ ਨੂੰ ਹੁਣ ਕਾਹਨੂੰ ਦਿਸਦੈ ਸੁਨਾਮ, ਵੋਟਾਂ ਵੇਲੇ ਗੇੜੇ ‘ਤੇ ਗੇੜਾ ਰੱਖਦੇ ਨੇ’ ਇੱਕ ਨਾਲ ਬੈਠਾ ਵਿਅਕਤੀ ਵੀ ਆਖ ਰਿਹਾ ਸੀ, ‘ਸਾਨੂੰ ਤਾਂ ਪਹਿਲਾਂ ਹੀ ਪਤਾ ਸੀ, ਵੀ ਕੈਪਟਨ ਨੇ ਕਦੋਂ ਆਉਣਾ’।

ਜ਼ਿਲ੍ਹੇ ਦੇ ਦੋਵੇਂ ਕੈਬਨਿਟ ਮੰਤਰੀਆਂ ‘ਚੋਂ ਕਿਸੇ ਨੇ ਨਾ ਲਵਾਈ ਹਾਜ਼ਰੀ

ਇਸ ਮੌਕੇ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਲੋਕਾਂ ਨੂੰ ਗੈਰ ਹਾਜ਼ਰੀ ਰੜਕੀ, ਉੱਥੇ ਜ਼ਿਲ੍ਹਾ ਸੰਗਰੂਰ ਦੇ ਦੋਵੇਂ ਕੈਬਨਿਟ ਮੰਤਰੀਆਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਤੇ ਜਲ ਸਪਲਾਈ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਨੇ ਵੀ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਆਪਣੀ ਹਾਜਰੀ ਲਗਵਾਉਣੀ ਜ਼ਰੂਰੀ ਨਾ ਸਮਝੀ ਇਹ ਪਤਾ ਲੱਗਾ ਕਿ ਦੋਵੇਂ ਮੰਤਰੀ ਕਿਧਰੇ ਮੀਟਿੰਗਾਂ ਵਿੱਚ ਵਿਅਸਤ ਹਨ, ਜਿਸ ਕਾਰਨ ਉਹ ਆਪਣੇ ਜ਼ਿਲ੍ਹੇ ਦੇ ਮਹਾਨ ਸ਼ਹੀਦ ਦੇ ਸ਼ਹੀਦੀ ਦਿਹਾੜੇ ਮੌਕੇ ਪਹੁੰਚ ਨਹੀਂ ਸਕੇ।

ਲੋਕ ਸਭਾ ਚੋਣਾਂ ਸਮੇਂ ਕੈਪਟਨ ਨੇ ਕਈ ਰੈਲੀਆਂ ਕੀਤੀਆਂ

ਪਿਛਲੇ ਮਹੀਨਿਆਂ ‘ਚ ਪੂਰੀਆਂ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲ੍ਹਾ ਸੰਗਰੂਰ ਵਿੱਚ ਕਈ ਰੈਲੀਆਂ ਕੀਤੀਆਂ ਸਨ ਆਪਣੀ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ‘ਚ ਸੰਗਰੂਰ ਤੇ ਸੁਨਾਮ ‘ਚ ਥੋੜ੍ਹੇ ਵਕਫ਼ੇ ਦੇ ਅੰਦਰ ਹੀ ਰੈਲੀਆਂ ਕਰਕੇ ਗਏ ਸਨ। (Sunam Udham Singh Wala)