ਮੁਅੱਤਲ ਡੀਐਸਪੀ ਸੇਖੋਂ ਸਪੱਸ਼ਟ ਤੌਰ ‘ਤੇ ਕਰ ਰਿਹਾ ਐ ਸਿਆਸੀ ਵਿਰੋਧੀਆਂ ਦੇ ਇਸ਼ਾਰੇ ‘ਤੇ ਕੰਮ : ਰਵਨੀਤ ਬਿੱਟੂ

ravneet bittu

ਕਿਹਾ, ਡੀਐਸਪੀ ਸੇਖੋਂ ਅਕਾਲੀ-ਭਾਜਪਾ ਆਗੂਆਂ ਦਾ ਮਹਿਜ਼ ਹੱਥਠੋਕਾ ਜੋ ਕਿ ਉਨਾਂ ਦੀ ਮਨਮਰਜ਼ੀਆਂ ਮੁਤਾਬਕ ਹੀ ਕੰਮ ਕਰ ਰਿਹਾ ਹੈ

ਡੀਐਸਪੀ ‘ਤੇ ਕਈ ਮਾਮਲੇ ਦਰਜ ਹਨ ਅਤੇ ਉਹ ਪਿਛਲੇ ਸਮੇਂ ਵਿਚ ਹੋ ਚੁੱਕਾ ਹੈ ਮੁਅੱਤਲ

ਇਮਾਨਦਾਰ ਨੇਤਾ ਭਾਰਤ ਭੂਸ਼ਣ ਆਸ਼ੂ ਦੇ ਅਕਸ ‘ਤੇ ਧੱਬਾ ਲਾਉਣਾ ਹੈ ਮੁੱਖ ਉਦੇਸ਼

ਚੰਡੀਗੜ, (ਅਸ਼ਵਨੀ ਚਾਵਲਾ)। ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅੱਜ ਕਿਹਾ ਹੈ ਕਿ ਮੁਅੱਤਲ ਕੀਤੇ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਸਪੱਸ਼ਟ ਤੌਰ ‘ਤੇ ਆਪਣੇ ਸਿਆਸੀ ਵਿਰੋਧੀਆਂ ਦੇ ਇਸ਼ਾਰੇ’ ਤੇ ਕੰਮ ਕਰ ਰਹੇ ਹਨ। ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਬਿੱਟੂ ਨੇ ਕਿਹਾ ਕਿ ਡੀਐਸਪੀ ਸੇਖੋਂ ਅਕਾਲੀ-ਭਾਜਪਾ ਨੇਤਾਵਾਂ ਦੇ ਹੱਥਾਂ ਦੀ ਕਠਪੁਤਲੀ ਹਨ ਅਤੇ ਉਨਾਂ ਦੀਆਂ ਮਨਮਰਜੀਆਂ ਅਨੁਸਾਰ ਕੰਮ ਕਰ ਰਹੇ ਹਨ।

ਉਨਾਂ ਕਿਹਾ ਕਿ ਡੀਐਸਪੀ ਬਲਵਿੰਦਰ ਸੇਖੋਂ ਦਾ ਇਕ ਹਰਫੀ ਏਜੰਡਾ ਹੈ ਜੋ ਲੁਧਿਆਣਾ ਦਾ ਵਿਕਾਸ ਕਰਨ ਵਾਲੇ ਕਿਸੇ ਵੀ ਵਿਅਕਤੀ ਪ੍ਰਤੀ ਨਕਾਰਾਤਮਕ ਪਹੁੰਚ ਰੱਖਦਾ ਹੈ। ਉਨਾਂ ਕਿਹਾ ਕਿ ਡੀਐਸਪੀ ਸੇਖੋਂ ਦੀ ਪ੍ਰੈਸ ਕਾਨਫਰੰਸ ਅੱਜ ਝੂਠੇ ਬਿਆਨਾਂ ਅਤੇ ਪ੍ਰਚਾਰਾਂ ਨਾਲ ਭਰੀ ਪਈ ਹੈ, ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਮੁਅੱਤਲ ਕੀਤਾ ਡੀਐਸਪੀ ਆਪਣੇ ਆਗੂਆਂ ਤੋਂ ਮਹਿਜ਼ ਭਾਰਤ ਭੂਸ਼ਣ ਆਸ਼ੂ ਨੂੰ ਬਦਨਾਮ ਕਰਨ ਲਈ ਨਿਰਦੇਸ਼ ਲੈ ਰਹੇ ਸਨ। ਜੋ ਕਿ ਵਿਕਾਸ ਪੱਖੀ ਏਜੰਡੇ ਲਈ ਜਾਣੇ ਜਾਂਦੇ ਹਨ।

ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅੱਗੇ ਕਿਹਾ ਕਿ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਵਿਵਾਦਾਂ ਵਿੱਚ ਨਵਾਂ ਨਹੀਂ ਹੈ। ਉਸਦੇ ਵਿਰੁੱਧ ਜਾਅਲੀ ਕਰੰਸੀ ਨੋਟ ਛਾਪਣ, ਜਨਤਕ ਫੰਡਾਂ ਦੀ ਦੁਰਵਰਤੋਂ, ਰਿਸ਼ਵਤ ਲੈਣ ਤੋਂ ਇਲਾਵਾ ਹੋਰ ਮਾਮਲੇ ਵੀ  ਦਰਜ ਹਨ।  ਇਹ ਪਹਿਲੀ ਵਾਰ ਨਹੀਂ ਹੈ ਕਿ ਉਸਨੂੰ ਮੁਅੱਤਲ ਕੀਤਾ ਗਿਆ ਹੈ ਸਗੋਂ ਪਹਿਲਾਂ ਉਸਨੂੰ ਅਹੁਦੇ ਤੋਂ ਬਰਖਾਸਤ ਵੀ ਕੀਤਾ ਗਿਆ ਸੀ।

ਇਥੋਂ ਤਕ ਕਿ ਉਸ ਦਾ ਇੱਕ ਸਾਬਕਾ ਭਾਜਪਾ ਪ੍ਰਦੇਸ਼ ਪ੍ਰਧਾਨ ਨਾਲ ਨੇੜਲਾ ਸੰਬੰਧ ਸੀ ਅਤੇ ਫਿਰੋਜ਼ਪੁਰ ਵਿੱਚ ਉਸ ਭਾਜਪਾ ਨੇਤਾ ਦੇ ਨਿੱਜੀ ਸਹਾਇਕ ਖ਼ਿਲਾਫ਼ ਦਰਜ ਕੀਤੀ ਗਈ ਐਫਆਈਆਰ ਵਿੱਚ ਸਹਿ ਮੁਲਜ਼ਮ ਸੀ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਅਕਾਲੀ-ਭਾਜਪਾ ਨੇਤਾਵਾਂ ਦੇ ਇਸ਼ਾਰੇ ‘ਤੇ ਕੰਮ ਕਰ ਰਿਹਾ ਹੈ ਅਤੇ ਉਨਾਂ ਦੇ ਹੱਥਾਂ ਦਾ ਖਿਡੌਣਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।