ਸੁਨੀਲ ਜਾਖੜ ਨੂੰ ਕੀਤਾ ਪਾਸੇ ਤਾਂ ਨਰਾਜ਼ ਹੋਈ ਕਾਂਗਰਸ, ਮੰਗੀ ਹਰਸਿਮਰਤ ਬਾਦਲ ਵਾਲੀ ਥਾਂ

SunilJakhar, Congress, Harsimrat, Badal, landed

ਕਾਂਗਰਸ ਚਾਹੁੰਦੀ ਐ ਧੰਨਵਾਦੀ ਭਾਸ਼ਣ ਦੇਣ ਸੁਨੀਲ ਜਾਖੜ ਪਰ ਕੇਂਦਰ ਸਰਕਾਰ ਨੇ ਕੀਤਾ ਦਰਕਿਨਾਰ

ਚੰਡੀਗੜ੍ਹ, (ਅਸ਼ਵਨੀ ਚਾਵਲਾ) ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਨੂੰ ਲੈ ਕੇ ਕਾਂਗਰਸ ਪਾਰਟੀ ਨਰਾਜ਼ ਹੋ ਗਈ ਹੈ, ਕਿਉਂਕਿ ਉਹ ਚਾਹੁੰਦੀ ਹੈ ਕਿ ਕਰਤਾਰਪੁਰ ਲਾਂਘੇ ਦੇ ਸਮਾਗਮ ਦੌਰਾਨ ਕੇਂਦਰੀ ਮੰਤਰੀ ਹਰਸਿਮਰਤ ਕੌਰ ਨਹੀਂ, ਸਗੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਧੰਨਵਾਦੀ ਭਾਸ਼ਣ ਦੇਣ, ਜਿਸ ਬਾਰੇ ਕੇਂਦਰ ਸਰਕਾਰ ਨੇ ਸੁਣਨ ਤੋਂ ਹੀ ਸਾਫ਼ ਇਨਕਾਰ ਕਰ ਦਿੱਤਾ ਹੈ। ਕਿਉਂਕਿ ਕਾਂਗਰਸ ਪਾਰਟੀ ਪ੍ਰੋਟੋਕਾਲ ਤੋਂ ਬਾਹਰ ਜਾ ਕੇ ਮੰਗ ਕਰ ਰਹੀ ਹੈ। ਸੁਨੀਲ ਜਾਖੜ ਸਿਰਫ਼ ਇੱਕ ਸੰਸਦ ਮੈਂਬਰ ਹਨ ਜਦੋਂ ਕਿ ਹਰਸਿਮਰਤ ਕੌਰ ਬਾਦਲ ਕੇਂਦਰੀ ਕੈਬਨਿਟ ਮੰਤਰੀ ਹੈ, ਇਸ ਲਈ ਸੁਨੀਲ ਜਾਖੜ ਦੀ ਥਾਂ ‘ਤੇ ਹਰਸਿਮਰਤ ਕੌਰ ਬਾਦਲ ਨੂੰ ਹੀ ਜ਼ਿਆਦਾ ਸਨਮਾਨ ਦੇਣਾ ਪ੍ਰੋਟੋਕਾਲ ‘ਚ ਆਉਂਦਾ ਹੈ। ਉਂਜ ਵੀ ਇਹ ਸਮਾਗਮ ਕੇਂਦਰ ਸਰਕਾਰ ਦਾ ਹੈ, ਜਿਸ ਨੂੰ ਕਿ ਕਾਂਗਰਸ ਪਾਰਟੀ ਆਪਣਾ ਸਮਝ ਕੇ ਮੰਗ ਕਰ ਰਹੀ ਹੈ।

ਪੇਂਡੂ ਤੇ ਸ਼ਹਿਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕੇਂਦਰ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਲਈ ਕੀਤੇ ਜਾ ਰਹੇ ਸਮਾਗਮ ਲਈ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ‘ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਦਾ ਇਤਰਾਜ਼ ਹੈ ਕਿ ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਤੇ ਇਲਾਕੇ ਦੇ ਮੰਤਰੀਆਂ ਨੂੰ ਇਸ ਸਮਾਗਮ ਦੌਰਾਨ ਪੂਰੀ ਤਰ੍ਹਾਂ ਅੱਖੋਂ ਪਰੋਖੇ ਕਰ ਦਿੱਤਾ ਗਿਆ ਹੈ। ਇਸ ਸਮਾਗਮ ‘ਚ ਕੱਲ੍ਹ ਭਾਰਤ ਦੇ ਉਪ ਰਾਸ਼ਟਰਪਤੀ ਐੱਮ ਵੈਂਕੱਈਆ ਨਾਇਡੂ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖਣ ਆ ਰਹੇ ਹਨ। ਬਾਜਵਾ ਨੇ ਅੱਜ ਇੱਥੋਂ ਜਾਰੀ ਆਪਣੇ ਇੱਕ ਪ੍ਰੈਸ ਬਿਆਨ ‘ਚ ਕਿਹਾ ਹੈ ਕਿ ਇਸ ਸਮਾਗਮ ‘ਚ ਬੋਲਣ ਵਾਲੇ ਬੁਲਾਰਿਆਂ ਤੇ ਸਟੇਜ ‘ਤੇ ਬੈਠਣ ਵਾਲੇ ਆਗੂਆਂ ਦੇ ਨਾਵਾਂ ਦਾ ਫੈਸਲਾ ਦਿੱਲੀ ‘ਚ ਬੈਠ ਕੇ ਕੀਤਾ ਗਿਆ ਹੈ। ਉਨ੍ਹਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਸਮਾਗਮ ‘ਚ ਧੰਨਵਾਦ ਕਰਨ ਦੀ ਦਿੱਤੀ ਗਈ ਜ਼ਿੰਮੇਵਾਰੀ ‘ਤੇ ਸਖ਼ਤ ਇਤਰਾਜ਼ ਕੀਤਾ ਹੈ।

ਬਾਜਵਾ ਨੇ ਕਿਹਾ ਕਿ ਇਸ ਸਮਾਗਮ ਵਿਚ ਨਾ ਸਿਰਫ਼ ਕਾਂਗਰਸ ਦੀ ਸਥਾਨਕ ਲੀਡਰਸ਼ਿਪ ਨੂੰ ਸਗੋਂ ਇਸ ਇਲਾਕੇ ਦੇ ਮੰਤਰੀਆਂ ਨੂੰ ਵੀ ਸਮਾਗਮ ਤੋਂ ਲਾਂਭੇ ਰੱਖਿਆ ਗਿਆ ਹੈ। ਉਨ੍ਹਾਂ ਨੇ ਖ਼ਦਸ਼ਾ ਪ੍ਰਗਟਾਇਆ ਕਿ ਸਮਾਗਮ ‘ਚ ਅਕਾਲੀ ਆਗੂਆਂ ਖਾਸ ਕਰਕੇ ਬਾਦਲ ਪਰਿਵਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਹਾਜ਼ਰੀ ਸੁਰੱਖਿਆ ਦਾ ਮਾਮਲਾ ਖੜ੍ਹਾ ਕਰ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਲਾਂਘਾ ਬਣਾਉਣ ਦਾ ਲਾਹਾ ਲੈਣ ਦੀ ਦੌੜ ‘ਚ ਨੀਂਹ ਪੱਥਰ ਸਮਾਗਮ ਬਿਨਾਂ ਕਿਸੇ ਤਿਆਰੀ ਤੋਂ ਪਾਕਿਸਤਾਨ ਸਰਕਾਰ ਦੇ ਨੀਂਹ ਪੱਥਰ ਸਮਾਗਮ ਤੋਂ ਦੋ ਦਿਨ ਪਹਿਲਾਂ ਰੱਖ ਲਿਆ ਹੈ, ਜਿਸ ਕਰਕੇ ਹਫੜਾ-ਦਫੜੀ ਪੈਦਾ ਹੋ ਗਈ ਹੈ।

ਤ੍ਰਿਪਤ ਬਾਜਵਾ ਦੇ ਇਸ ਬਿਆਨ ‘ਤੇ ਹੀ ਸ਼੍ਰੋਮਣੀ ਅਕਾਲੀ ਦਲ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਸ਼ਰਮ ਦੀ ਗੱਲ ਇਹ ਹੈ ਕਿ ਪੰਜਾਬ ਦਾ ਇੱਕ ਕੈਬਨਿਟ ਮੰਤਰੀ ਇਹ ਕਹਿ ਰਹੇ ਹਨ ਸੁਰੱਖਿਆ ਇੰਤਜ਼ਾਮ ਕਰਨ ‘ਚ ਦਿੱਕਤ ਆ ਸਕਦੀ ਹੈ। ਅਕਾਲੀ ਦਲ ਨੇ ਪੁੱਛਿਆ ਕਿ ਹੁਣ ਸਰਕਾਰ ਪੰਜਾਬ ‘ਚ ਕਾਨੂੰਨ ਵਿਵਸਥਾ ਵੀ ਕਾਇਮ ਨਹੀਂ ਰੱਖ ਸਕਦੀ ਹੈ, ਉਹ ਵੀ ਇੱਕ ਸਮਾਗਮ ਦੌਰਾਨ।