ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਗਰਜ਼ੇ

Unemployed, ETT, Tattoo, Teachers

ਪੁਲਿਸ ਦੇ ਬੇਰੀਗੇਟ ਤੋੜ ਕੇ ਕੱਢੀ ਰੈਲੀ

ਪਟਿਆਲਾ, (ਖੁਸ਼ਵੀਰ ਸਿੰਘ ਤੂਰ) । ਮੁੱਖ ਮੰਤਰੀ ਦੇ ਸ਼ਹਿਰ ਅੰਦਰ ਸਾਂਝਾ ਅਧਿਆਪਕ ਮੋਰਚਾ ਤੋਂ ਬਾਅਦ ਹੁਣ ਬੇਰੁਜ਼ਗਾਰ ਈਟੀਟੀ ਅਧਿਆਪਕ ਵੀ ਗਰਜ਼ਨ ਲੱਗੇ ਹਨ। ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਅੱਜ ਕੱਢੀ ਗਈ ਸੂਬਾ ਪੱਧਰੀ ਰੈਲੀ ਦੌਰਾਨ ਪਟਿਆਲਾ ਪੁਲਿਸ ਦੇ ਬੈਰੀਕੇਟ ਤੋੜ ਸ਼ਹਿਰ ਅੰਦਰ ਗੇੜਾ ਦਿੰਦਿਆਂ ਲਾਲ ਸਿੰਘ ਦੀ ਕੋਠੀ ਦਾ ਘਿਰਾਓ ਕੀਤਾ ਗਿਆ। ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਦਾ ਕਹਿਣਾ ਹੈ ਕਿ ਸਰਕਾਰ ਨਵੀਆਂ ਅਸਾਮੀਆਂ ਪੈਦਾ ਕਰਕੇ ਡਿਗਰੀਆਂ ਕਰ ਚੁੱਕੇ ਅਧਿਆਪਕਾਂ ਨੂੰ ਘਰ-ਘਰ ਨੌਕਰੀ ਵਾਲਾ ਵਾਅਦਾ ਪੂਰਾ ਕਰੇ।

ਜਾਣਕਾਰੀ ਅਨੁਸਾਰ ਸਾਂਝਾ ਅਧਿਆਪਕ ਮੋਰਚਾ ਦੇ ਲਾਏ ਪੱਕੇ ਮੋਰਚੇ ਤੋਂ ਬਾਅਦ ਈਟੀਟੀ ਬੇਰੁਜ਼ਗਾਰ ਅਧਿਆਪਕ ਵੀ ਪੱਕੇ ਧਰਨੇ ‘ਤੇ ਡਟੇ ਹੋਏ ਹਨ। ਉਂਜ ਉਨ੍ਹਾਂ ਵੱਲੋਂ ਲਾਇਆ ਗਿਆ ਆਪਣਾ ਪੱਕਾ ਧਰਨਾ ਪਟਿਆਲਾ ਤੋਂ 12 ਕਿੱਲੋਮੀਟਰ ਦੂਰ ਪਿੰਡ ਮਹਿਮਦਪੁਰ ਦੀ ਅਨਾਜ ਮੰਡੀ ਵਿੱਚ ਲਾਇਆ ਹੋਇਆ ਹੈ। ਇਨ੍ਹਾਂ ਅਧਿਆਪਕਾਂ ਦਾ ਕਹਿਣਾ ਹੈ ਕਿ ਪਟਿਆਲਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਆਪਣਾ ਧਰਨਾ ਲਾਉਣ ਲਈ ਆਗਿਆ ਨਹੀਂ ਦਿੱਤੀ ਗਈ।

ਇਨ੍ਹਾਂ ਅਧਿਆਪਕਾਂ ਵੱਲੋਂ ਅੱਜ ਅੱਠਵੇਂ ਦਿਨ ਸ਼ਹਿਰ ਅੰਦਰ ਰੋਸ ਰੈਲੀ ਕੱਢੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਪੰਜਾਬ ਸਰਕਾਰ ਖਿਲਾਫ਼ ਨਾਆਰੇਬਾਜੀ ਕਰਕੇ ਚੋਣਾਂ ਮੌਕੇ ਕੀਤੇ ਮੁੰਗੇਰੀਲਾਲ ਦੇ ਵਾਅਦੇ ਯਾਦ ਕਰਵਾਏ। ਅਧਿਆਪਕਾਂ ਦੀ ਰੈਲੀ ਨੂੰ ਦੇਖਦਿਆਂ ਪੁਲਿਸ ਵੱਲੋਂ ਸਖਤ ਬੈਰੀਗੇਟ ਲਾਏ ਗਏ ਸਨ, ਪਰ ਅਧਿਆਪਕ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਰੈਲੀ ਸ਼ੁਰੂ ਕਰਕੇ ਪਹਿਲਾਂ ਲਾਲ ਸਿੰਘ ਦੀ ਕੋਠੀ ਅੱਗੇ ਲਾਏ ਬੈਰੀਗੇਟ ਤੋੜ ਕੇ ਅੱਗੇ ਵਧੇ ਤੇ ਉਸ ਤੋਂ ਬਾਅਦ ਅੱਗੇ ਲਾਏ ਗਏ ਬੈਰੀਗੇਟ ਤੋੜ ਦਿੱਤੇ ਅਤੇ ਸ਼ਹਿਰ ਅੰਦਰ ਰੈਲੀ ਕੱਢੀ ਗਈ।

ਉਸ ਤੋਂ ਬਾਅਦ ਵਾਪਸੀ ਮੌਕੇ ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਦੀ ਕੋਠੀ ਦਾ ਘਿਰਾਓ ਕੀਤਾ ਗਿਆ ਅਤੇ ਪੁਲਿਸ ਦੇਖਦੀ ਹੀ ਰਹਿ ਗਈ। ਇਸ ਮੌਕੇ ਯੂਨੀਅਨ ਸੂਬਾ ਪ੍ਰਧਾਨ ਦੀਪਕ ਕੰਬੋਜ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਸਰਕਾਰ ਵੱਲੋਂ ਈਟੀਟੀ ਟੈੱਟ ਪਾਸ ਅਧਿਆਪਕਾਂ ਦੀ ਭਰਤੀ ਦਾ ਨੋਟੀਫਿਕੇਸ਼ਨ ਜਲਦੀ ਜਾਰੀ ਨਾ ਕੀਤਾ ਗਿਆ ਤਾਂ ਪਟਿਆਲਾ ‘ਚ ਗੁਪਤ ਐਕਸ਼ਨ ਤੇ ਰੋਡ ਜਾਮ ਕੀਤੇ ਜਾਣਗੇ ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ  ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਗਿਆ ਸੀ ਕਿ ਘਰ ਘਰ ਨੌਕਰੀ ਦਿੱਤੀ ਜਾਵੇਗੀ ਜੋ ਕਿ ਸਭ ਵੋਟਾਂ ਬਟੋਰਨ ਵਾਲਾ ਪੈਂਤੜਾ ਸਾਬਤ ਹੋਇਆ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ‘ਚ ਸਰਕਾਰ ਖਿਲਾਫ਼ ਰੋਸ ਫੈਲ ਰਿਹਾ ਹੈ ਜੋ ਕਿ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਲਈ ਮਾਰੂ ਹੋਵੇਗਾ। ਇਸ ਮੌਕੇ ਤਹਿਸੀਲਦਾਰ ਵੱਲੋਂ ਪੁੱਜ ਕੇ ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਤੋਂ ਮੰਗ ਪੱਤਰ ਲਿਆ ਗਿਆ ਤੇ ਭਰੋਸਾ ਦਿਵਾਇਆ ਕਿ ਉਹ ਸਰਕਾਰ ਕੋਲ ਉਨ੍ਹਾਂ ਦੀ ਮੰਗ ਜ਼ਰੂਰ ਪਹੁੰਚਾਉਣਗੇ। ਇਸ ਮੌਕੇ ਪੁਲਿਸ ਵੱਲੋਂ ਅਧਿਆਪਕਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਪ੍ਰਦਰਸ਼ਨ ਕਰਨ ਵਿੱਚ ਸਫਲ ਹੋ ਗਏ। ਇਸ ਮੌਕੇ ਵੱਡੀ ਗਿਣਤੀ ‘ਚ ਬੁਰਜ਼ਗਾਰ ਅਧਿਆਪਕ ਮੌਜੂਦ ਸਨ।