ਰਾਜਨੀਤੀ ’ਚ ਨਵੇਂ ਚਿਹਰਿਆਂ ’ਤੇ ਸਫ਼ਲ ਦਾਅ

Politics

ਰਾਜਨੀਤੀ ’ਚ ਨਵੇਂ-ਨਵੇਂ ਪ੍ਰਯੋਗ ਕਰਕੇ ਸੱਤਾ ਪ੍ਰਾਪਤੀ ਕਰਨ ’ਚ ਭਾਰਤੀ ਜਨਤਾ ਪਾਰਟੀ ਨੂੰ ਮੁਹਾਰਤ ਹਾਸਲ ਹੈ। ਗੁਜਰਾਤ ’ਚ 2022 ’ਚ ਭਾਜਪਾ ਨੂੰ ਜਦੋਂ ਲੱਗਾ ਕਿ ਵਰਤਮਾਨ ਸਰਕਾਰ ਨੂੰ ਚੋਣਾਂ ’ਚ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰਨਾ ਪਵੇਗਾ ਤਾਂ ਭਾਜਪਾ ਨੇ ਮੁੱਖ ਮੰਤਰੀ ਸਮੇਤ ਪੂਰੀ ਕੈਬਨਿਟ ਹੀ ਬਦਲ ਦਿੱਤੀ ਜੋ ਕਿ ਇੱਕ ਬਹੁਤ ਵੱਡਾ ਪ੍ਰਯੋਗ ਸੀ। ਇਹ ਪ੍ਰਯੋਗ ਪੂਰੀ ਤਰ੍ਹਾਂ ਸਫ਼ਲ ਰਿਹਾ। ਭਾਜਪਾ ਪੂਰਨ ਬਹੁਮਤ ਨਾਲ ਇੱਕ ਵਾਰ ਫਿਰ ਸਰਕਾਰ ਬਣਾਉਣ ’ਚ ਸਫ਼ਲ ਰਹੀ। (Politics)

ਉੱਤਰ ਪ੍ਰਦੇਸ਼ ’ਚ ਵੀ ਯੋਗੀ ਆਦਿੱਤਿਆਨਾਥ ਨੂੰ ਅਚਾਨਕ ਮੁੱਖ ਮੰਤਰੀ ਬਣਾ ਕੇ ਭਾਜਪਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਹੈਰਾਨ ਕਰਨ ’ਚ ਭਾਜਪਾ ਦਾ ਕੋਈ ਸਾਨੀ ਨਹੀਂ ਹੈ। ਕਈ ਅਜਿਹੀਆਂ ਉਦਾਹਰਨਾਂ ਹਨ ਜਦੋਂ ਭਾਜਪਾ ਨੇ ਸਾਰਿਆਂ ਦੇ ਅੰਦਾਜ਼ਿਆਂ ਨੂੰ ਗਲਤ ਸਾਬਤ ਕੀਤਾ। ਅਜਿਹੇ-ਅਜਿਹੇ ਨਾਂਅ ਸਾਹਮਣੇ ਆਏ ਜਿਨ੍ਹਾਂ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ। ਚਾਹੇ ਉਹ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਹੋਣ ਜਾਂ ਵਰਤਮਾਨ ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਚੁਣਨ ਦੀ ਗੱਲ ਹੋਵੇ ਜਾਂ ਰਾਜਸਥਾਨ ਅਤੇ ਛੱਤੀਸਗੜ੍ਹ ਦਾ।

ਭਾਜਪਾ ਨੇ ਨਵੇਂ ਚਿਹਰਿਆਂ ਨੂੰ ਸਾਹਮਣੇ ਲਿਆ ਕੇ ਸਿਆਸੀ ਆਗੂਆਂ ਨੂੰ ਹੈਰਾਨ ਹੀ ਨਹੀਂ ਸਗੋਂ ਰਾਜਨੀਤੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਕੁਝ ਲੋਕ ਇਸ ਨੂੰ ਭਾਜਪਾ ਹਾਈਕਮਾਨ ’ਤੇ ਕਠਪੁਤਲੀਆਂ ਦੇ ਹੱਥੀਂ ਸੱਤਾ ਦੇਣ ਅਤੇ ਦਬੰਗ ਆਗੂਆਂ ਨੂੰ ਦਰਕਿਨਾਰ ਕਰਨ ਦਾ ਦੋਸ਼ ਲਾ ਰਹੇ ਹਨ। ਭਾਜਪਾ ਹਾਈਕਮਾਨ ਦੀ ਚਾਹੇ ਜੋ ਵੀ ਇੱਛਾ ਹੋਵੇ ਪਰ ਆਮ ਭਾਜਪਾ ਵਰਕਰਾਂ ’ਚ ਇਹ ਸੰਦੇਸ਼ ਜ਼ਰੂਰ ਗਿਆ ਹੈ ਕਿ ਆਮ ਵਰਕਰ ਵੀ ਨਾ ਜਾਣੇ ਕਦੋਂ ਕਿੰਨੇ ਉੱਚੇ ਅਹੁਦੇ ’ਤੇ ਪਹੁੰਚ ਜਾਣ। ਇਸ ਪ੍ਰਯੋਗ ਨੇ ਸੂਬਾ ਪੱਧਰ ’ਤੇ ਪਾਰਟੀ ’ਚ ਜੋ ਅੰਦਰੂਨੀ ਧੜੇਬਾਜ਼ੀ ਹੁੰਦੀ ਹੈ ਉਸ ’ਤੇ ਜ਼ਰੂਰ ਰੋਕ ਲੱਗੀ ਹੈ। ਮੱਧ ਪ੍ਰਦੇਸ਼ ’ਚ ਮੰਤਰੀਮੰਡਲ ਦੇ ਗਠਨ ’ਚ ਵੀ ਤਜ਼ਰਬੇਕਾਰ ਆਗੂਆਂ ਨੂੰ ਥਾਂ ਮਿਲੀ ਹੈ, ਉੱਥੇ ਨਵੇਂ ਚਿਹਰਿਆਂ ਨੂੰ ਵੀ ਪੂਰੀ ਤਰ੍ਹਾਂ ਤਵੱਜੋਂ ਦਿੱਤੀ ਗਈ ਹੈ।

Also Read : ਵਿਸ਼ਵ ਕੱਪ ਤੋਂ ਬਾਅਦ ਰੋਹਿਤ ਦੀ ਪਹਿਲੀ ਪ੍ਰੈਸ ਕਾਨਫਰੰਸ, ਕਿਹਾ- ਫਾਈਨਲ ਦੀ ਹਾਰ ਨੂੰ ਭੁੱਲ ਅੱਗੇ ਵਧਣਾ ਜ਼ਰੂਰੀ, ਜਾਣੋ ਹੋ…

28 ਮੰਤਰੀਆਂ ’ਚ ਪਹਿਲੀ ਵਾਰ ਮੰਤਰੀ ਬਣਨ ਵਾਲੇ 13 ਵਿਧਾਇਕ ਹਨ। ਤਜ਼ਰਬੇਕਾਰ ਤੇ ਨਵਿਆਂ ਦਾ ਇੱਕ ਬਿਹਤਰੀਨ ਤਾਲਮੇਲ ਮੱਧ ਪ੍ਰਦੇਸ਼ ਮੰਤਰੀਮੰਡਲ ਗਠਨ ’ਚ ਦੇਖਣ ਨੂੰ ਮਿਲਿਆ। ਨਵੇਂ ਚਿਹਰਿਆਂ ਦੇ ਮੋਢਿਆਂ ’ਤੇ ਜਿੰਮੇਵਾਰੀ ਦੀ ਇਸ ਰਿਵਾਇਤ ਨੂੰ ਜਨਤਾ ਵੀ ਪਸੰਦ ਕਰ ਰਹੀ ਹੈ। ਵਿਰੋਧੀ ਪਾਰਟੀਆਂ ਨੂੰ ਵੀ ਇਸ ਰਿਵਾਇਤ ਤੋਂ ਸਿੱਖਣਾ ਚਾਹੀਦਾ ਹੈ। ਕਿਉਂਕਿ ਵਾਰ-ਵਾਰ ਪੁਰਾਣੇ ਚਿਹਰਿਆਂ ਤੋਂ ਜਨਤਾ ਅੱਕ ਚੁੱਕੀ ਹੁੰਦੀ ਹੈ। ਕਾਂਗਰਸ ਵੀ ਸ਼ਾਇਦ ਹੁਣ ਆਪਣੀਆਂ ਪੁਰਾਣੀਆਂ ਗਲਤੀਆਂ ਤੋਂ ਸਬਕ ਲੈ ਕੇ ਨਵੀਂ ਪੀੜ੍ਹੀ ਦੇ ਆਗੂਆਂ ਨੂੰ ਅੱਗੇ ਲੈ ਕੇ ਆਵੇ। ਕਿਉਂਕਿ ਰਾਜਸਥਾਨ ’ਚ ਜਿੱਥੇ ਅਸ਼ੋਕ ਗਹਿਲੋਤ ਨੂੰ ਕੇਂਦਰ ਦੀ ਰਾਜਨੀਤੀ ’ਚ ਉਤਾਰ ਲਿਆ ਹੈ, ਉੱਥੇ ਸਚਿਨ ਪਾਇਲਟ ਨੂੰ ਛੱਤੀਸਗੜ੍ਹ ਦਾ ਇੰਚਾਰਜ ਬਣਾ ਕੇ ਰਾਜਸਥਾਨ ਤੋਂ ਦੂਰ ਕੀਤਾ ਹੈ।

ਸ਼ਾਇਦ ਹੁਣ ਕਾਂਗਰਸ ਵੀ ਰਾਜਸਥਾਨ ’ਚ ਨਵੇਂ ਚਿਹਰੇ ਦੇ ਨਾਲ ਅੱਗੇ ਵਧੇਗੀ। ਸੂਬਾ ਪ੍ਰਧਾਨ ਅਤੇ ਵਿਰੋਧ ਧਿਰ ਦੇ ਆਗੂ ਦੇ ਰੂਪ ’ਚ ਹੋ ਸਕਦਾ ਹੈ ਕਾਂਗਰਸ ’ਚ ਨਵੇਂ ਚਿਹਰੇ ਸਾਹਮਣੇ ਆਉਣ। ਜਿੱਤ ਲਈ ਵਿਕਾਸ ਤਾਂ ਜ਼ਰੂਰੀ ਹੈ ਪਰ ਵਿਸ਼ਵਾਸ ਵੀ ਬੇਹੱਦ ਜ਼ਰੂਰੀ ਹੈ। ਜਨਤਾ ਦਾ ਵਿਸ਼ਵਾਸ ਜਿੱਤਣ ਵਾਲੇ ਦੀ ਹੀ ਜਿੱਤ ਹੰੁਦੀ ਹੈ। ਜਨਤਾ ਨੂੰ ਨਵੇਂ ਚਿਹਰਿਆਂ ’ਤੇ ਵਿਸ਼ਵਾਸ ਕਰਨਾ ਹੀ ਪੈਂਦਾ ਹੈ। ਨਵੇਂ ਚਿਹਰਿਆਂ ’ਚ ਬੇਸ਼ੱਕ ਤਜ਼ਰਬੇ ਦੀ ਘਾਟ ਹੋਵੇ ਪਰ ਨਵੀਂ ਉਮੰਗ ਜ਼ਰੂਰ ਹੁੰਦੀ ਹੈ। ਜੇਕਰ ਨਵੀਂ ਉਮੰਗ ਤੇ ਤਜ਼ਰਬੇ ਦਾ ਤਾਲਮੇਲ ਹੋ ਜਾਵੇ, ਨੀਤੀ ਅਤੇ ਨੀਅਤ ਠੀਕ ਹੋਵੇ ਤਾਂ ਵਿਕਾਸ ਦੇ ਦੁਆਰ ਖੁੱਲ੍ਹ ਜਾਂਦੇ ਹਨ।