Punjab Vigilance Bureau: ਡਰਿੱਲ ਅਫਸਰ ਵਾਸਤੇ ਰਿਸ਼ਵਤ ਲੈਂਦਾ ਹੌਲਦਾਰ ਆਇਆ ਵਿਜੀਲੈਂਸ ਅੜਿੱਕੇ

Sach Kahoon Punjabi Desk Picture
Published On

ਮੁੱਖ ਮੁਲਜ਼ਮ ਗ੍ਰਿਫ਼ਤਾਰੀ ਤੋਂ ਬਚ ਕੇ ਹੋਇਆ ਫਰਾਰ | Punjab Vigilance Bureau

Punjab Vigilance Bureau: (ਸੁਖਜੀਤ ਮਾਨ) ਬਠਿੰਡਾ। ਪੰਜਾਬ ਵਿਜੀਲੈਂਸ ਬਿਊਰੋ ਦੀ ਬਠਿੰਡਾ ਟੀਮ ਨੇ 5ਵੀਂ ਕਮਾਂਡੋ ਬਟਾਲੀਅਨ, ਬਠਿੰਡਾ ਵਿੱਚ ਤਾਇਨਾਤ ਹੌਲਦਾਰ (ਐਚਸੀ) ਨਛੱਤਰ ਸਿੰਘ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਹੈ। ਉਕਤ ਪੁਲਿਸ ਮੁਲਾਜ਼ਮ ਰਿਸ਼ਵਤ ਦੀ ਇਹ ਰਕਮ ਮੁੱਖ ਮੁਲਜ਼ਮ ਕਮਾਂਡੋ ਡਰਿੱਲ ਅਫਸਰ (ਸੀ.ਡੀ.ਓ.) ਹੌਲਦਾਰ ਤਰਸੇਮ ਸਿੰਘ ਦੇ ਨਾਂ ’ਤੇ ਲੈ ਰਿਹਾ ਸੀ, ਜੋ ਗ੍ਰਿਫ਼ਤਾਰੀ ਤੋਂ ਬਚਣ ਲਈ ਫਰਾਰ ਹੋ ਗਿਆ ਹੈ। ਇਹ ਜਾਣਕਾਰੀ ਅੱਜ ਇੱਥੇ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦਿੱਤੀ।

ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ 5ਵੀਂ ਕਮਾਂਡੋ ਬਟਾਲੀਅਨ ਵਿੱਚ ਤਾਇਨਾਤ ਇੱਕ ਹੋਰ ਹੌਲਦਾਰ ਪਰਮਿੰਦਰ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ ਉਕਤ ਸੀ.ਡੀ.ਓ. ਤਰਸੇਮ ਸਿੰਘ ਨੇ ਉਸ ਨੂੰ ਇੱਕ ਪੁਲਿਸ ਕੇਸ ਕਰਕੇ ਨੌਕਰੀ ਤੋਂ ਦੋ ਸਾਲ ਦੀ ਸਥਾਈ ਬਰਖ਼ਾਸਤਗੀ ਸਬੰਧੀ ਵਿਭਾਗੀ ਜਾਂਚ ਵਿੱਚ ਸ਼ਿਕਾਇਤਕਰਤਾ ਦੀ ਮੱਦਦ ਕਰਨ ਬਦਲੇ 50 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ: Viral News: ਰੂਸੀ ਵਿਗਿਆਨੀਆਂ ਨੇ ਸੂਰਜ ‘ਤੇ ਦੇਖਿਆ ‘ਰਹੱਸਮਈ’ ਕਾਲਾ ਧੱਬਾ 

ਸ਼ਿਕਾਇਤ ਅਨੁਸਾਰ ਤਰਸੇਮ ਸਿੰਘ ਨੇ ਸ਼ਿਕਾਇਤਕਰਤਾ ਨੂੰ ਰਿਸ਼ਵਤ ਦੀ ਰਕਮ ਉਸ ਨਾਲ ਤਾਇਨਾਤ ਸਹਾਇਕ ਹੌਲਦਾਰ ਨਛੱਤਰ ਸਿੰਘ ਨੂੰ ਸੌਂਪਣ ਲਈ ਕਿਹਾ ਸੀ ਕਿਉਂਕਿ ਉਹ ਖੁਦ ਇਹ ਪੈਸੇ ਲੈਣ ਲਈ ਮੌਜ਼ੂਦ ਨਹੀਂ ਸੀ। ਬੁਲਾਰੇ ਨੇ ਦੱਸਿਆ ਕਿ ਇਸ ਜਾਣਕਾਰੀ ’ਤੇ ਕਾਰਵਾਈ ਕਰਦੇ ਹੋਏ ਵਿਜੀਲੈਂਸ ਬਿਊਰੋ ਨੇ ਮੁੱਢਲੀ ਜਾਂਚ ਕਰਕੇ ਜਾਲ ਵਿਛਾਇਆ, ਜਿਸ ਦੌਰਾਨ ਹੌਲਦਾਰ ਨਛੱਤਰ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ । ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਰੇਂਜ ਵਿਖੇ ਦੋਵਾਂ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਵਿਜੀਲੈਂਸ ਵੱਲੋਂ ਫਰਾਰ ਚੱਲ ਰਹੇ ਤਰਸੇਮ ਸਿੰਘ ਨੂੰ ਫੜਨ ਦੇ ਯਤਨ ਜਾਰੀ ਹਨ ਅਤੇ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ। Punjab Vigilance Bureau

About The Author

Related Posts