Schools Raid: ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਬਲਾਕ ਜਖਵਾਲੀ ਦੇ ਸਕੂਲਾਂ ਦਾ ਅਚਨਚੇਤ ਨਿਰੀਖਣ
ਮਾਈਂਡਫੁਲਨੈੱਸ ਪ੍ਰੋਗਰਾਮ ਨਾਲ ਬੱਚਿਆਂ ’ਚ ਸਕਾਰਾਤਮਕ ਊਰਜਾ: ਡੀਈਓ ਰਵਿੰਦਰ ਕੌਰ
Schools Raid: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਰਵਿੰਦਰ ਕੌਰ ਵੱਲੋਂ ਅੱਜ ਬਲਾਕ ਜਖਵਾਲੀ ਦੇ ਸਕੂਲਾਂ ਦਾ ਅਚਨਚੇਤ ਦੌਰਾ ਕਰਕੇ ਨਿਰੀਖਣ ਕੀਤਾ ਗਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਲਪੁਰ ਵਿਖੇ ਮਾਈਂਡਫੁਲਨੈੱਸ ਪ੍ਰੋਗਰਾਮ ਦਾ ਨਿਰੀਖਣ ਕੀਤਾ। ਡੀਈਓ ਨੇ ਕਿਹਾ ਕਿ ਪ੍ਰੋਗਰਾਮ ਦੇ ਫਲਸਰੂਪ ਬੱਚਿਆਂ ਵਿੱਚ ਸਕਾਰਾਤਮਕ ਊਰਜਾ ਵੇਖਣ ਨੂੰ ਮਿਲੀ। ਸਕੂਲ ਪ੍ਰਿੰਸੀਪਲ ਜਸਵਿੰਦਰ ਕੌਰ ਨੇ ਵੀ ਪੰਜਾਬ ਸਰਕਾਰ ਦੇ ਇਸ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਤੋਂ ਬਾਅਦ ਮਿਸ਼ਨ ਸਮਰੱਥ 4.0 ਤਹਿਤ ਬੱਚਿਆਂ ਦੇ ਪੜ੍ਹਾਈ ਪੱਧਰ ਦੀ ਜਾਂਚ ਕੀਤੀ ਗਈ ਤੇ ਮੌਕੇ ’ਤੇ ਹੀ ਸਬੰਧਤ ਅਧਿਆਪਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ। ਜਮਾਤ ਬਾਰ੍ਹਵੀਂ ਦੀ ਅੰਗਰੇਜ਼ੀ ਕਲਾਸ ਦੀ ਸਮੀਖਿਆ ਕਰਦਿਆਂ ਡੀਈਓ ਨੇ ਸਬੰਧਤ ਅਧਿਆਪਕ ਨੂੰ ਅੰਗਰੇਜ਼ੀ ਵਿਆਕਰਨ ਦੇ ਨੁਕਤੇ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਕਰਵਾਉਣ ਦੀ ਸਖ਼ਤ ਹਦਾਇਤ ਕੀਤੀ। ਇਸ ਤੋਂ ਬਾਅਦ ਸਰਕਾਰੀ ਮਿਡਲ ਸਕੂਲ ਨੌਲੱਖਾ ਦਾ ਦੌਰਾ ਕੀਤਾ ਗਿਆ, ਜਿੱਥੇ ਐੱਸ.ਐੱਸ. ਮਾਸਟਰ ਰਾਜਿੰਦਰ ਸਿੰਘ ਦਾ ਕੰਮ ਕਾਬਿਲੇ-ਤਾਰੀਫ਼ ਪਾਇਆ ਗਿਆ।
ਬੱਚਿਆਂ ਦੀਆਂ ਸਮਾਜਿਕ ਸਿੱਖਿਆ ਦੀਆਂ ਕਾਪੀਆਂ ਉੱਚ ਦਰਜੇ ਦੀਆਂ ਸਨ, ਜਿਨ੍ਹਾਂ ’ਚ ਬੱਚਿਆਂ ਵੱਲੋਂ ਬਣਾਏ ਨਕਸ਼ੇ ਤੇ ਤਸਵੀਰਾਂ ਬਹੁਤ ਆਕਰਸ਼ਕ ਸਨ। ਇੱਥੇ ਅੱਠਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਪਰਮਿੰਦਰ ਸਿੰਘ ਨਾਲ ਗੱਲਬਾਤ ਕੀਤੀ, ਜੋ ਆਈ.ਏ.ਐੱਸ. ਅਫ਼ਸਰ ਬਣਨ ਦਾ ਟੀਚਾ ਰੱਖਦਾ ਹੈ। ਅੱਗੇ ਸਰਕਾਰੀ ਪ੍ਰਾਇਮਰੀ ਸਕੂਲ ਨੌਲੱਖਾ ਵਿਖੇ ਬੱਚਿਆਂ ਦੀ ਗੈਰ-ਹਾਜ਼ਰੀ ਕਾਰਨ ਮੌਕੇ ’ਤੇ ਹੀ ਸਬੰਧਤ ਅਧਿਆਪਕਾਂ ਨੂੰ ਤਾੜਨਾ ਕੀਤੀ ਗਈ। ਸਰਕਾਰੀ ਪ੍ਰਾਇਮਰੀ ਸਕੂਲ ਨਲੀਨੀ ਬਸਤੀ ਵਿਖੇ ਬੱਚਿਆਂ ਤੋਂ ਪੰਜਾਬੀ ਤੇ ਅੰਗਰੇਜ਼ੀ ਦੀਆਂ ਕਵਿਤਾਵਾਂ ਸੁਣੀਆਂ ਗਈਆਂ ਅਤੇ ਸਕੂਲ ਅਧਿਆਪਕਾਂ ਨੂੰ ਕੈਂਪਸ ਦੀ ਸਫਾਈ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ।
About The Author