Congress Party: ਚੰਨੀ ਧੜੇ ਦੀ ਰੈਲੀ ’ਚ ਨਹੀਂ ਪੁੱਜੇ ਰਾਜਾ ਵੜਿੰਗ
ਸੀਐੱਮ ਚਿਹਰੇ ਨੂੰ ਲੈ ਕੇ ਆਰ-ਪਾਰ ਦੀ ਜੰਗ
ਬਾਬਾ ਬਕਾਲਾ (ਸੱਚ ਕਹੂੰ ਨਿਊਜ਼)। ਪੰਜਾਬ ਕਾਂਗਰਸ ਅੰਦਰੂਨੀ ਖਿੱਚੋਤਾਣ ਅਤੇ ਧੜੇਬੰਦੀ ਦੇ ਇੱਕ ਨਵੇਂ ਦੌਰ ਵਿੱਚੋਂ ਲੰਘ ਰਹੀ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪਾਰਟੀ ਲਾਈਨ ਤੋਂ ਵੱਖ ਹੋ ਕੇ ਚਲਾਈ ਜਾ ਰਹੀ ਵੱਖਰੀ ਮੁਹਿੰਮ ਨੇ ਦਿੱਲੀ ਬੈਠੀ ਕਾਂਗਰਸ ਹਾਈਕਮਾਨ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ।
ਸੂਬਾ ਪ੍ਰਧਾਨ ਅਤੇ ਚੰਨੀ ਧੜੇ ਵਿਚਾਲੇ ਦੂਰੀਆਂ ਉਸ ਵੇਲੇ ਜਨਤਕ ਹੋਈਆਂ ਜਦੋਂ ਲੁਧਿਆਣਾ ਵਿੱਚ ਚੰਨੀ ਸਮਰਥਕਾਂ ਵੱਲੋਂ ਕਰਵਾਈ ਗਈ ਰੈਲੀ ਤੋਂ ਰਾਜਾ ਵੜਿੰਗ ਨੇ ਪੂਰੀ ਤਰ੍ਹਾਂ ਦੂਰੀ ਬਣਾਈ ਰੱਖੀ। ਇਸ ਤੋਂ ਬਾਅਦ ਅੱਜ ਬਾਬਾ ਬਕਾਲਾ ਵਿਖੇ ਰੱਖੀ ਗਈ ਰੈਲੀ ਵਿੱਚ ਵੀ ਇਹੋ ਦ੍ਰਿਸ਼ ਦੇਖਣ ਨੂੰ ਮਿਲਿਆ। ਹਾਲਾਂਕਿ ਇਸ ਰੈਲੀ ਲਈ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਸੀਨੀਅਰ ਆਗੂਆਂ ਨੂੰ ਸੱਦਾ ਭੇਜਿਆ ਗਿਆ ਸੀ, ਪਰ ਕੋਈ ਵੀ ਵੱਡਾ ਲੀਡਰ ਇਸ ਵਿੱਚ ਸ਼ਾਮਲ ਨਹੀਂ ਹੋਇਆ। ਇਸ ਦਾ ਇੱਕ ਵੱਡਾ ਕਾਰਨ ਮੰਚ ’ਤੇ ਲੱਗਿਆ ਪੋਸਟਰ ਵੀ ਬਣਿਆ, ਜਿਸ ਵਿੱਚ ਰਾਹੁਲ ਗਾਂਧੀ ਅਤੇ ਮੱਲਿਕਾਰਜੁਨ ਖੜਗੇ ਦੇ ਨਾਲ ਚਰਨਜੀਤ ਸਿੰਘ ਚੰਨੀ ਦੀ ਵੱਡੀ ਤਸਵੀਰ ਲਾਈ ਗਈ ਸੀ, ਜਦਕਿ ਸੂਬਾ ਪ੍ਰਧਾਨ ਰਾਜਾ ਵੜਿੰਗ ਦੀ ਫੋਟੋ ਹੋਰਾਂ ਆਗੂਆਂ ਦੇ ਨਾਲ ਬਹੁਤ ਛੋਟੀ ਜਿਹੀ ਰੱਖੀ ਗਈ ਸੀ।
Read Also : 104 ਹੈਲਪਲਾਈਨ ਡਿਸਚਾਰਜ ਤੋਂ ਬਾਅਦ ਵੀ ਮਰੀਜ਼ਾਂ ਨਾਲ ਸਰਕਾਰ ਦਾ ਸੰਪਰਕ ਬਣਾਈ ਰੱਖਦੀ ਹੈ
ਇਨ੍ਹਾਂ ਵੱਖਰੀਆਂ ਰੈਲੀਆਂ ਕਾਰਨ ਚਰਨਜੀਤ ਚੰਨੀ ਅਤੇ ਉਨ੍ਹਾਂ ਦੇ ਧੜੇ ਨੇ ਹਾਈਕਮਾਨ ਨੂੰ ਸਿੱਧੀ ਚੁਣੌਤੀ ਦਿੰਦਿਆਂ ਸਪੱਸ਼ਟ ਸੁਨੇਹਾ ਦੇ ਦਿੱਤਾ ਹੈ ਕਿ ਉਹ ਹੁਣ ਪਿੱਛੇ ਰਹਿਣ ਦੇ ਮੂਡ ਵਿੱਚ ਨਹੀਂ ਹਨ। ਵਿਵਾਦ ਨੂੰ ਹੋਰ ਹਵਾ ਬਾਬਾ ਬਕਾਲਾ ਦੀ ਰੈਲੀ ਦੌਰਾਨ ਮਿਲੀ, ਜਿੱਥੇ ਚੰਨੀ ਦੇ ਸਮਰਥਕਾਂ ਨੇ ਖੁੱਲ੍ਹੇਆਮ ਐਲਾਨ ਕਰ ਦਿੱਤਾ ਕਿ ਉਹ ਚੰਨੀ ਨੂੰ ਹੀ ਆਪਣਾ ਸੀਐੱਮ ਚਿਹਰਾ ਮੰਨਣਗੇ ਅਤੇ ਇਸ ਦੇ ਲਈ ਕੇਂਦਰੀ ਲੀਡਰਸ਼ਿਪ ਜਾਂ ਦਿੱਲੀ ਦੇ ਫੈਸਲੇ ਦਾ ਇੰਤਜ਼ਾਰ ਨਹੀਂ ਕਰਨਗੇ। ਚੰਨੀ ਧੜੇ ਦੇ ਇਸ ਰਵੱਈਏ ਨੇ ਪੰਜਾਬ ਕਾਂਗਰਸ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਆਰ-ਪਾਰ ਦੀ ਲੜਾਈ ਛੇੜ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਹਾਈਕਮਾਨ ਵੱਲੋਂ ਪਿਛਲੇ ਦਿਨੀਂ ਦਿੱਲੀ ਬੁਲਾ ਕੇ ਸਮਝਾਇਆ ਗਿਆ ਸੀ, ਪਰ ਚੰਨੀ ਧੜੇ ਨੇ ਅਲੱਗ ਹੀ ਰਾਹ ਫੜਿਆ ਹੋਇਆ ਹੈ ਜਿਸ ਤੋਂ ਸਪੱਸ਼ਟ ਹੈ ਕਿ ਆਉਣ ਵਾਲੇ ਦਿਨਾਂ ’ਚ ਚੰਨੀ ਸਮੇਤ ਉਹਨਾਂ ਦੇ ਸਾਥੀ ਆਗੂਆਂ ਖਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਸਕਦੀ ਹੈ।