Health News: ਕਮਿਊਨਿਟੀ ਹੈਲਥ ਸੈਂਟਰ ਲਹਿਰਾਗਾਗਾ ਵਿਖੇ OPD ਅਤੇ IPD ਸੇਵਾਵਾਂ ਸ਼ੁਰੂ

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਡਾ.ਬਲਬੀਰ ਸਿੰਘ ਅਤੇ ਬਰਿੰਦਰ ਕੁਮਾਰ ਗੋਇਲ ਨੇ ਕਰਵਾਈ ਸ਼ੁਰੂਆਤ

Ravinder Sharma Picture
Published On

ਚੰਡੀਗੜ੍ਹ/ਲਹਿਰਾਗਾਗਾ। ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਡਾ. ਬਲਬੀਰ ਸਿੰਘ ਅਤੇ ਬਰਿੰਦਰ ਕੁਮਾਰ ਗੋਇਲ ਵੱਲੋਂ ਲਹਿਰਾਗਾਗਾ ਵਿਖੇ ਮੈਡੀਕਲ ਕਾਲਜ ਅਤੇ ਹਸਪਤਾਲ ਖੋਲ੍ਹਣ ਦੇ ਪੰਜਾਬ ਸਰਕਾਰ ਵੱਲੋਂ ਲਏ ਗਏ ਇਤਿਹਾਸਕ ਫੈਸਲੇ ਦੇ ਪਹਿਲੇ ਕਦਮ ਅਤੇ ਲੋਕਾਂ ਨੂੰ ਫੌਰੀ ਤੌਰ ਉੱਤੇ ਮੈਡੀਕਲ ਸਹੂਲਤਾਂ ਦੇਣ ਲਈ ਲਹਿਰਾਗਾਗਾ ਵਿਚਲੇ ਕਮਿਊਨਿਟੀ ਹੈਲਥ ਸੈਂਟਰ (ਸੀ.ਐਚ.ਸੀ) ਵਿਖੇ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਦੀ ਸਹੂਲਤ ਸਮੇਤ ਓ.ਪੀ.ਡੀ. ਅਤੇ ਆਈ.ਪੀ.ਡੀ. ਸੇਵਾਵਾਂ ਸ਼ੁਰੂ ਕਰਵਾਈਆਂ ਗਈਆਂ। ਇਸ ਕਮਿਊਨਿਟੀ ਹੈਲਥ ਸੈਂਟਰ, ਜੋ ਪਹਿਲਾਂ ਕਾਫੀ ਖਸਤਾ ਹਾਲ ਵਿੱਚ ਸੀ, ਦੀ ਮੁਕੰਮਲ ਕਾਇਆ-ਕਲਪ ਕੀਤੀ ਗਈ ਹੈ। ਇਸ ਨਾਲ ਲਹਿਰਾਗਾਗਾ ਸਮੇਤ ਇਸ ਦੇ 50 ਕਿਲੋਮੀਟਰ ਘੇਰੇ ਵਿਚਲੇ ਪਿੰਡਾਂ ਅਤੇ ਕਸਬਿਆਂ ਨੂੰ ਲਾਭ ਹੋਵੇਗਾ।

Sangrur-News
Health News: ਕਮਿਊਨਿਟੀ ਹੈਲਥ ਸੈਂਟਰ ਲਹਿਰਾਗਾਗਾ ਵਿਖੇ OPD ਅਤੇ IPD ਸੇਵਾਵਾਂ ਸ਼ੁਰੂ

ਸੀ.ਐਚ.ਸੀ. ਲਹਿਰਾਗਾਗਾ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਮੈਡੀਕਲ ਸੇਵਾਵਾਂ ਜਨਹਿਤ ਟਰੱਸਟ ਦੇ ਯੂਨਿਟ, ਅਚਾਰਿਆ ਵਿਦਿਆਨੰਦ ਜੈਨ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਵੱਲੋਂ ਨਿਭਾਈਆਂ ਜਾਣਗੀਆਂ। ਇਸ ਉਪਰਾਲੇ ਨਾਲ ਲਹਿਰਾਗਾਗਾ ਦੀ ਪਛਾਣ ਹੁਣ ਸੰਗਰੂਰ ਤਕ ਨਹੀਂ, ਸਗੋਂ ਪੂਰੀ ਦੁਨੀਆਂ ਵਿੱਚ ਸਥਾਪਤ ਹੋਵੇਗੀ।

Read Also :  ਸਿਹਤ ਪੈਸਿਆਂ ਨਾਲ ਨਹੀਂ ਖਰੀਦੀ ਜਾ ਸਕਦੀ, ਪਰ ਸਿਹਤ ਕਾਰਡ ਰਾਹੀਂ ਇਸਨੂੰ ਸੁਰੱਖਿਅਤ ਜ਼ਰੂਰ ਕੀਤਾ ਜਾ ਸਕਦਾ ਹੈ: ‘ਮੁੱਖ ਮੰਤਰੀ ਸਿਹਤ ਯੋਜਨਾ’ ਨਾਲ ਜੁੜੀਆਂ ਸਾਰੀਆਂ ਗ਼ਲਤਫ਼ਹਿਮੀਆਂ ਦੂਰ

ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਪੱਸ਼ਟ ਦੱਸਿਆ ਕਿ ਇਸ ਸਿਹਤ ਸੰਸਥਾ ਨੂੰ ਕਿਸੇ ਵੀ ਰੂਪ ਵਿੱਚ ਨਿੱਜੀ ਹੱਥਾਂ ਵਿੱਚ ਨਹੀਂ ਦਿੱਤਾ ਜਾ ਰਿਹਾ। ਸਰਕਾਰ ਦਾ ਫ਼ਰਜ਼ ਹੈ ਕਿ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦਿੱਤੀਆਂ ਜਾਣ, ਇਸੇ ਤਹਿਤ ਜਨਹਿਤ ਟਰੱਸਟ ਦੇ ਯੂਨਿਟ, ਅਚਾਰਿਆ ਵਿਦਿਆਨੰਦ ਜੈਨ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਨੂੰ ਸੌਂਪੀਆਂ ਗਈਆਂ ਹਨ, ਜਿਨ੍ਹਾਂ ਦਾ ਮਕਸਦ ਸਿਰਫ ਮਨੁੱਖਤਾ ਦੀ ਸੇਵਾ ਕਰਨਾ ਹੈ ਨਾਕਿ ਮੁਨਾਫ਼ਾ ਕਮਾਉਣਾ।

ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਿਨ-ਰਾਤ ਇੱਕ ਕਰਕੇ ਕੀਤੇ ਯਤਨਾਂ ਸਦਕਾ ਬੰਦ ਪਏ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੌਜੀ ਨੂੰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਰੂਪ ਵਿੱਚ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਮੈਡੀਕਲ ਕਾਲਜ ਮੂਨਕ ਤੇ ਖਨੌਰੀ ਦੋਵਾਂ ਖੇਤਰਾਂ ਨੂੰ ਕਵਰ ਕਰੇਗਾ ਅਤੇ ਉੱਥੋਂ ਦੇ ਹਸਪਤਾਲ ਵੀ ਇਸ ਕਾਲਜ ਜ਼ਰੀਏ ਚੱਲਣਗੇ।

ਸਿਹਤ ਮੰਤਰੀ ਨੇ ਕਿਹਾ ਕਿ ਕਦੇ ਇਸ ਖੇਤਰ ਵਿੱਚ ਮਾਹਰ ਡਾਕਟਰਾਂ ਅਤੇ ਸਿਹਤ ਸਹੂਲਤਾਂ ਦੀ ਵੱਡੀ ਕਮੀ ਸੀ ਪਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਖੇਤਰ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋਏ ਇਥੇ ਮੈਡੀਕਲ ਕਾਲਜ ਤੇ ਹਸਪਤਾਲ ਸਥਾਪਤ ਕਰ ਰਹੀ ਹੈ। ਇਸ ਨਾਲ ਇਸ ਖੇਤਰ ਨੂੰ ਨਾ ਸਿਰਫ ਬਿਹਤਰ ਸਿਹਤ ਸਹੂਲਤਾਂ ਮਿਲਣਗੀਆਂ, ਸਗੋਂ ਇਸ ਸਮੁੱਚੇ ਹਲਕੇ ਦਾ ਵੱਡੇ ਪੱਧਰ ਉੱਤੇ ਆਰਥਿਕ ਵਿਕਾਸ ਹੋਵੇਗਾ ਅਤੇ ਵੱਡੇ ਪੱਧਰ ਉੱਤੇ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਸਿਹਤ ਮੰਤਰੀ ਵੱਲੋਂ ਇਸ ਕਮਿਊਨਿਟੀ ਹੈਲਥ ਸੈਂਟਰ ਵਿਖੇ ਸੇਵਾਵਾਂ ਨਿਭਾਉਣ ਵਾਲੇ ਸਪੈਸ਼ਲਿਸਟ ਡਾਕਟਰਾਂ ਦਾ ਸਨਮਾਨ ਵੀ ਕੀਤਾ ਗਿਆ।

ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਮੈਡੀਕਲ ਕਾਲਜ ਦੇ ਪ੍ਰੋਜੈਕਟ ਨੂੰ ਇੱਥੇ ਤਕ ਲੈ ਕੇ ਆਉਣ ਲਈ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਬਹੁਤ ਸਹਿਯੋਗ ਰਿਹਾ, ਜਿਸ ਲਈ ਉਹ ਉਨ੍ਹਾਂ ਦੇ ਧੰਨਵਾਦੀ ਹਨ।

ਸ੍ਰੀ ਗੋਇਲ ਨੇ ਦੱਸਿਆ ਕਿ ਅਗਲੇ ਸਾਲ ਮੈਡੀਕਲ ਕਾਲਜ ਵਿਖੇ ਨਰਸਿੰਗ ਦੀਆਂ ਕਲਾਸਾਂ ਸ਼ੁਰੂ ਹੋਣਗੀਆਂ। ਇਸ ਦੇ ਨਾਲ-ਨਾਲ ਐਮ.ਡੀ. ਅਤੇ ਐਮ.ਐਸ. ਦੀਆਂ ਕਲਾਸਾਂ ਵੀ ਸ਼ੁਰੂ ਕੀਤੀਆਂ ਜਾਣਗੀਆਂ।

ਕੈਬਨਿਟ ਮੰਤਰੀ ਨੇ ਕਿਹਾ ਕਿ ਬਹੁਤੀ ਵਾਰ ਇਸ ਖੇਤਰ ਨਾਲ ਸਬੰਧਤ ਵਿਦਿਆਰਥੀ, ਜਿਹੜੇ ਬਹੁਤ ਕਾਬਲ ਹੁੰਦੇ ਸਨ ਪਰ ਸਹੂਲਤਾਂ ਦੀ ਘਾਟ ਕਰਕੇ ਉਹ ਡਾਕਟਰ ਬਣਨ ਤੋਂ ਰਹਿ ਜਾਂਦੇ ਸਨ ਪਰ ਹੁਣ ਉਹ ਵਿਦਿਆਰਥੀ ਆਪਣੇ ਸੁਪਨੇ ਸਾਕਾਰ ਕਰ ਸਕਣਗੇ।

ਕੈਬਨਿਟ ਮੰਤਰੀ ਨੇ ਕਿਹਾ ਕਿ ਸਭ ਤੋਂ ਅਹਿਮ ਗੱਲ ਇਹ ਹੈ ਕਿ ਪਹਿਲਾਂ ਐਮਰਜੈਂਸੀ ਸੇਵਾਵਾਂ ਦੀ ਘਾਟ ਕਾਰਨ ਕਈ ਵਾਰ ਲੋਕਾਂ ਨੂੰ ਆਪਣੀ ਜਾਨ ਵੀ ਗਵਾਉਣੀ ਪੈ ਜਾਂਦੀ ਸੀ ਕਿਉਂਕਿ ਬਿਹਤਰ ਤੇ ਐਮਰਜੈਂਸੀ ਮੈਡੀਕਲ ਸਹੂਲਤਾਂ ਲਈ ਸੰਗਰੂਰ ਜਾਂ ਪਟਿਆਲਾ ਜਾਣਾ ਪੈਂਦਾ ਸੀ। ਸਮੇਂ ਸਿਰ ਉਥੇ ਨਾ ਪੁੱਜਣ ਕਾਰਨ ਲੋਕਾਂ ਦਾ ਜਾਨੀ ਨੁਕਸਾਨ ਹੋ ਜਾਂਦਾ ਸੀ ਪਰ ਹੁਣ ਮੈਡੀਕਲ ਸਹੂਲਤਾਂ ਦੀ ਘਾਟ ਕਿਸੇ ਦੇ ਜਾਨੀ ਨੁਕਸਾਨ ਦਾ ਕਾਰਨ ਨਹੀਂ ਬਣੇਗੀ।

ਕੈਬਨਿਟ ਮੰਤਰੀ ਨੇ ਕਿਹਾ ਕਿ ਜੈਨ ਭਾਈਚਾਰੇ ਵੱਲੋਂ ਸਥਾਪਤ ਕੀਤੇ ਜਾਣ ਵਾਲੇ ਇਸ ਮੈਡੀਕਲ ਕਾਲਜ ਵਿੱਚ ਵਿਦਿਆਰਥੀਆਂ ਦਾ ਦਾਖ਼ਲਾ ਅਤੇ ਸੀਟਾਂ ਦੀ ਵੰਡ ਬਾਰੇ ਸੂਬਾ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਜਾਰੀ ਦਿਸ਼ਾ- ਨਿਰਦੇਸ਼ਾਂ/ਨੋਟੀਫਿਕੇਸ਼ਨਾਂ ਦੀਆਂ ਸ਼ਰਤਾਂ ਦੀ ਸਖ਼ਤੀ ਨਾਲ ਪਾਲਣਾ ਹੋਵੇਗੀ। ਸਾਰੀਆਂ ਸ਼੍ਰੇਣੀਆਂ ਦੀਆਂ ਸੀਟਾਂ ਲਈ ਫੀਸ ਢਾਂਚਾ ਸੂਬਾ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ/ਨੋਟੀਫਿਕੇਸ਼ਨਾਂ ਅਨੁਸਾਰ ਹੀ ਲਿਆ ਜਾਵੇਗਾ।

ਮੈਡੀਕਲ ਕਾਲਜ ਦੀ ਸਥਾਪਨਾ ਅਤੇ ਸੰਚਾਲਨ 100 ਐਮ.ਬੀ.ਬੀ.ਐਸ. ਸੀਟਾਂ ਦੀ ਦਾਖ਼ਲਾ ਸਮਰੱਥਾ ਅਤੇ ਘੱਟੋ-ਘੱਟ 440 ਬਿਸਤਰਿਆਂ ਨਾਲ ਕੀਤਾ ਜਾਵੇਗਾ। ਇਸ ਕਦਮ ਦਾ ਉਦੇਸ਼ ਇਕ ਪਾਸੇ ਸੂਬੇ ਦੇ ਵਸਨੀਕਾਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਹੈ ਅਤੇ ਦੂਜੇ ਪਾਸੇ ਪੰਜਾਬ ਨੂੰ ਮੈਡੀਕਲ ਸਿੱਖਿਆ ਦੇ ਕੇਂਦਰ ਵਜੋਂ ਉਭਾਰਨਾ ਹੈ।

ਇਸ ਮੌਕੇ ਜਨਹਿਤ ਟਰੱਸਟ ਦੇ ਚੇਅਰਮੈਨ ਡਾ. ਧਰਮਪਾਲ ਜੈਨ, ਟਰੱਸਟ ਮੈਂਬਰ ਡਾ. ਰਜਨੀਸ਼ ਜੈਨ, ਐੱਸ.ਡੀ.ਐਮ. ਰਾਕੇਸ਼ ਪ੍ਰਕਾਸ਼ ਗਰਗ, ਸਿਵਲ ਸਰਜਨ ਡਾ. ਅਮਰਜੀਤ ਕੌਰ, ਨਗਰ ਕੌਂਸਲ ਪ੍ਰਧਾਨ ਸ੍ਰੀਮਤੀ ਕਾਂਤਾ ਗੋਇਲ, ਸ੍ਰੀ ਗੌਰਵ ਗੋਇਲ ਸਮੇਤ ਵੱਖ-ਵੱਖ ਅਹੁਦੇਦਾਰ, ਪਤਵੰਤੇ ਅਤੇ ਵੱਡੀ ਗਿਣਤੀ ਸ਼ਹਿਰ ਤੇ ਪਿੰਡਾਂ ਦੇ ਲੋਕ ਹਾਜ਼ਰ ਸਨ।

About The Author

Related Posts