Health News: ਰਜਿੰਦਰਾ ਹਸਪਤਾਲ ਦੇ ਪਹਿਲੇ ਕਿਡਨੀ ਟ੍ਰਾਂਸਪਲਾਂਟ ਮਰੀਜ਼ ਨਾਲ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕੀਤੀ ਮੁਲਾਕਾਤ

ਮਰੀਜ਼ ਤੇ ਕਿਡਨੀ ਦਾਨ ਕਰਨ ਵਾਲੀ ਪਤਨੀ ਸਿਹਤਯਾਬ ਹੋਣ ਮਗਰੋਂ ਹਸਪਤਾਲ ਤੋਂ ਛੁੱਟੀ; ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮੁਫ਼ਤ ਹੋਇਆ ਟ੍ਰਾਂਸਪਲਾਂਟ

Ravinder Sharma Picture
Published On

ਪਟਿਆਲਾ (ਹਿੰ.ਸ.)।  ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਵਿੱਚ 10 ਸਤੰਬਰ ਨੂੰ ਹੋਏ ਪਹਿਲੇ ਸਫ਼ਲ ਕਿਡਨੀ ਟ੍ਰਾਂਸਪਲਾਂਟ ਮਗਰੋਂ ਸਿਹਤਯਾਬ ਹੋ ਰਹੇ ਮਰੀਜ਼ ਅਤੇ ਕਿਡਨੀ ਦਾਨ ਕਰਨ ਵਾਲੀ ਉਸ ਦੀ ਪਤਨੀ ਨਾਲ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਮੁਲਾਕਾਤ ਕੀਤੀ। ਮਰੀਜ਼ ਅਤੇ ਉਸ ਦੀ ਪਤਨੀ ਦੀ ਸਿਹਤ ਵਿੱਚ ਸੁਧਾਰ ਹੋਣ ਮਗਰੋਂ ਦੋਵਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਡਾ. ਬਲਬੀਰ ਸਿੰਘ ਨੇ ਰੋਮਾਣਾ ਪੱਤੀ, ਨਾਮੋਲ, ਜ਼ਿਲ੍ਹਾ ਸੰਗਰੂਰ ਦੇ 37 ਸਾਲਾ ਮਰੀਜ਼ ਅਤੇ ਉਸ ਦੀ 29 ਸਾਲਾ ਪਤਨੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਾ ਹਾਲ-ਚਾਲ ਜਾਣਿਆ। ਉਨ੍ਹਾਂ ਜੋੜੇ ਦੀ ਹਿੰਮਤ ਅਤੇ ਜਜ਼ਬੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਤਨੀ ਵੱਲੋਂ ਆਪਣੇ ਪਤੀ ਨੂੰ ਕਿਡਨੀ ਦਾਨ ਕਰਨਾ ਇੱਕ ਮਿਸਾਲ ਹੈ। ਮਰੀਜ਼ ਮੈਂਬਰੇਨੋਪ੍ਰੋਲੀਫਰੇਟਿਵ ਗਲੋਮੇਰੂਲੋਨੇਫ੍ਰਾਈਟਿਸ (ਐੱਮਪੀਜੀਐੱਨ) ਕਾਰਨ ਕਿਡਨੀ ਫੇਲ੍ਹ ਹੋਣ ਦੀ ਸਮੱਸਿਆ ਨਾਲ ਜੂਝ ਰਿਹਾ ਸੀ।

Read Also : ਨਸ਼ੇ ਦੀ ਦੁਕਾਨ ਬੰਦ ਕਰਵਾ, ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਖੁਲ੍ਹਵਾਈ ਪਰਚੂਨ ਦੀ ਦੁਕਾਨ 

ਸਿਹਤ ਮੰਤਰੀ ਨੇ ਕਿਹਾ ਕਿ ਇਹ ਜੀਵਨ ਰੱਖਿਅਕ ਕਿਡਨੀ ਟ੍ਰਾਂਸਪਲਾਂਟ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਬਿਲਕੁਲ ਮੁਫ਼ਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗੁਰਦਿਆਂ ਸਮੇਤ ਹੋਰ ਗੰਭੀਰ ਬਿਮਾਰੀਆਂ ਤੋਂ ਪੀੜਤ ਯੋਗ ਮਰੀਜ਼ਾਂ ਨੂੰ ਹੁਣ ਇਲਾਜ ਲਈ ਪੈਸੇ ਇਕੱਠੇ ਕਰਨ ਦੀ ਲੋੜ ਨਹੀਂ, ਸਗੋਂ ਸਮੇਂ ਸਿਰ ਸਰਕਾਰੀ ਹਸਪਤਾਲਾਂ ਤੱਕ ਪਹੁੰਚ ਕਰਕੇ ਇਲਾਜ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਨਿੱਜੀ ਹਸਪਤਾਲਾਂ ਵਿੱਚ ਕਿਡਨੀ ਟ੍ਰਾਂਸਪਲਾਂਟ ’ਤੇ ਕਰੀਬ 8 ਤੋਂ 12 ਲੱਖ ਰੁਪਏ ਤੱਕ ਖਰਚਾ ਆ ਸਕਦਾ ਹੈ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਰਜਿੰਦਰਾ ਹਸਪਤਾਲ ਵਿੱਚ ਕਿਡਨੀ ਟ੍ਰਾਂਸਪਲਾਂਟ ਦੀ ਸਹੂਲਤ ਸ਼ੁਰੂ ਹੋਣਾ ਪੰਜਾਬ ਦੇ ਸਰਕਾਰੀ ਸਿਹਤ ਅਤੇ ਮੈਡੀਕਲ ਸਿੱਖਿਆ ਖੇਤਰ ਲਈ ਅਹਿਮ ਪ੍ਰਾਪਤੀ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ 300 ਬੈੱਡਾਂ ਵਾਲਾ ਟਰੌਮਾ ਸੈਂਟਰ ਸਥਾਪਤ ਕੀਤਾ ਜਾ ਰਿਹਾ ਹੈ, ਜਦਕਿ 50 ਬੈੱਡਾਂ ਵਾਲਾ ਕ੍ਰਿਟੀਕਲ ਕੇਅਰ ਯੂਨਿਟ ਵੀ ਅੰਤਿਮ ਪੜਾਅ ਵਿੱਚ ਹੈ। ਇਸ ਨਾਲ ਗੰਭੀਰ ਮਰੀਜ਼ਾਂ ਨੂੰ ਆਈਸੀਯੂ ਬੈੱਡਾਂ ਦੀ ਘਾਟ ਕਾਰਨ ਹੋਰ ਹਸਪਤਾਲਾਂ ਵਿੱਚ ਭੇਜਣ ਦੀ ਲੋੜ ਘਟੇਗੀ।

ਮੰਤਰੀ ਨੇ ਸਫ਼ਲ ਟ੍ਰਾਂਸਪਲਾਂਟ ਕਰਨ ਵਾਲੀ ਟੀਮ ਦੀ ਸ਼ਲਾਘਾ ਕੀਤੀ। ਉਨ੍ਹਾਂ ਟਰਾਂਸਪਲਾਂਟ ਮਾਹਿਰ ਪ੍ਰੋ. ਡਾ. ਸਰਬਪ੍ਰੀਤ ਸਿੰਘ ਦੀ ਅਗਵਾਈ ਵਾਲੀ ਸਰਜੀਕਲ ਟੀਮ, ਪਿਸ਼ਾਬ ਰੋਗ ਮਾਹਿਰ ਪ੍ਰੋ. ਡਾ. ਹਰਭੁਪਿੰਦਰ ਸਿੰਘ ਸੰਧੂ, ਡਾ. ਸੁਪਰਨ ਸ਼ਰਮਾ, ਨੇਫ੍ਰੋਲੋਜੀ ਮਾਹਿਰ ਡਾ. ਠਾਕੁਰਵੀਰ ਕੋਹਲੀ ਅਤੇ ਐਨੇਸਥੀਸੀਆ ਮਾਹਿਰ ਡਾ. ਤਨਵੀਰ ਕੁੰਦਰਾ ਸਮੇਤ ਸਮੁੱਚੀ ਮੈਡੀਕਲ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਮੈਡੀਕਲ ਕਾਲਜ ਦੇ ਡਾਇਰੈਕਟਰ-ਪ੍ਰਿੰਸੀਪਲ ਡਾ. ਆਰ.ਪੀ.ਐੱਸ. ਸਿੱਬੀਆ ਅਤੇ ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ ਦੀ ਵੀ ਸ਼ਲਾਘਾ ਕੀਤੀ।

ਮਰੀਜ਼ ਅਤੇ ਉਸ ਦੀ ਪਤਨੀ ਨੇ ਨਵਾਂ ਜੀਵਨ ਦੇਣ ਲਈ ਪੰਜਾਬ ਸਰਕਾਰ, ਸਿਹਤ ਮੰਤਰੀ ਅਤੇ ਰਜਿੰਦਰਾ ਹਸਪਤਾਲ ਦੀ ਸਮੁੱਚੀ ਡਾਕਟਰੀ ਟੀਮ ਦਾ ਧੰਨਵਾਦ ਕੀਤਾ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ ਕਿਡਨੀ ਟ੍ਰਾਂਸਪਲਾਂਟ ਵਰਗੀ ਉੱਨਤ ਸਹੂਲਤ ਦੀ ਸ਼ੁਰੂਆਤ ਨਾਲ ਆਮ ਲੋਕਾਂ ਲਈ ਮਿਆਰੀ ਇਲਾਜ ਦੀ ਪਹੁੰਚ ਹੋਰ ਮਜ਼ਬੂਤ ਹੋਈ ਹੈ।

About The Author

Related Posts