Kotkapura News: ਤੜਕੇ-ਤੜਕੇ ਮੰਦਭਾਗਾ ਹਾਦਸਾ, ਮਕਾਨ ਦੀ ਛੱਤ ਡਿੱਗੀ, ਨੁਕਸਾਨਿਆ ਗਿਆ ਵਿਧਵਾ ਔਰਤ ਦੇ ਘਰ ਦਾ ਸਾਰਾ ਸਾਮਾਨ
ਕਮਰੇ ਵਿੱਚ ਇੱਕ ਬੱਚਾ ਸੁੱਤਾ ਪਿਆ ਸੀ, ਜਿਸ ਨੂੰ ਤੁਰੰਤ ਬਾਹਰ ਕੱਢ ਲਿਆ ਗਿਆ
ਕੋਟਕਪੂਰਾ (ਅਜੈ ਮਨਚੰਦਾ)। ਕੋਟਕਪੂਰਾ ਸ਼ਹਿਰ ਦੇ ਸੁਰਗਾਪੁਰੀ ਇਲਾਕੇ ਦੇ ਵਾਰਡ ਨੰਬਰ 25 ਦੇ ਵਿੱਚ ਅੱਜ ਸਵੇਰੇ ਇੱਕ ਮਕਾਨ ਦੀ ਛੱਤ ਅਚਾਨਕ ਡਿੱਗ ਗਈ। ਹਾਦਸੇ ਦੌਰਾਨ ਪਰਿਵਾਰ ਦੇ ਮੈਂਬਰ ਵਾਲ-ਵਾਲ ਬਚ ਗਏ, ਪਰ ਘਰ ਅੰਦਰ ਪਿਆ ਬੈੱਡ ਸਮੇਤ ਹੋਰ ਸਾਰਾ ਘਰੇਲੂ ਸਾਮਾਨ ਮਲਬੇ ਹੇਠਾਂ ਆਉਣ ਕਾਰਨ ਨੁਕਸਾਨਿਆ ਗਿਆ। ਪੀੜਤ ਪਰਿਵਾਰ ਅਤੇ ਇਲਾਕਾ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਪਰਿਵਾਰ ਦੀ ਮਦਦ ਕਰਨ ਦੀ ਮੰਗ ਕੀਤੀ ਹੈ।
ਜਾਣਕਾਰੀ ਅਨੁਸਾਰ ਵਾਰਡ ਨੰਬਰ 25 ਦੀ ਰਵਿਦਾਸ ਮੰਦਰ ਵਾਲੀ ਗਲੀ ਵਿੱਚ ਰਹਿਣ ਵਾਲੀ ਵਿਧਵਾ ਨਿਰਮਲਾ ਦੇਵੀ ਆਪਣੇ ਬੱਚਿਆਂ ਸਮੇਤ ਇਸ ਮਕਾਨ ਵਿੱਚ ਰਹਿੰਦੀ ਹੈ। ਮਕਾਨ ਦੇ ਕਮਰੇ ਦੀ ਹਾਲਤ ਕਾਫੀ ਖਸਤਾ ਸੀ। ਪਰਿਵਾਰ ਵੱਲੋਂ ਕਈ ਵਾਰ ਸਰਕਾਰ ਅਤੇ ਪ੍ਰਸ਼ਾਸਨ ਕੋਲ ਮਕਾਨ ਦੀ ਮੁਰੰਮਤ ਲਈ ਮਦਦ ਦੀ ਮੰਗ ਕੀਤੀ ਗਈ ਅਤੇ ਪੀਐਮ ਆਵਾਸ ਯੋਜਨਾ ਤਹਿਤ ਮਿਲਣ ਵਾਲੀ ਰਾਸ਼ੀ ਪ੍ਰਾਪਤ ਕਰਨ ਲਈ ਵੀ ਚੱਕਰ ਲਗਾਏ ਗਏ, ਪਰ ਮਕਾਨ ਦੀ ਰਜਿਸਟਰੀ ਉਨ੍ਹਾਂ ਦੇ ਸਵਰਗੀ ਬੁਜ਼ੁਰਗ ਦੇ ਨਾਮ ਹੋਣ ਕਾਰਨ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਸਕੀ।

ਅੱਜ ਸਵੇਰੇ ਜਦੋਂ ਪਰਿਵਾਰ ਦੇ ਮੈਂਬਰ ਕਮਰੇ ਤੋਂ ਬਾਹਰ ਸਨ ਤਾਂ ਅਚਾਨਕ ਛੱਤ ਵਿੱਚੋਂ ਖੜਕਣ ਦੀ ਆਵਾਜ਼ ਆਈ। ਇਸ ਦੌਰਾਨ ਕਮਰੇ ਵਿੱਚ ਇੱਕ ਬੱਚਾ ਸੁੱਤਾ ਪਿਆ ਸੀ, ਜਿਸ ਨੂੰ ਤੁਰੰਤ ਬਾਹਰ ਕੱਢ ਲਿਆ ਗਿਆ। ਪਰਿਵਾਰਕ ਮੈਂਬਰ ਅਜੇ ਘਰ ਦਾ ਸਾਮਾਨ ਬਾਹਰ ਕੱਢਣ ਦੀ ਤਿਆਰੀ ਹੀ ਕਰ ਰਹੇ ਸਨ ਕਿ ਅਚਾਨਕ ਪੂਰੀ ਛੱਤ ਹੇਠਾਂ ਡਿੱਗ ਪਈ। ਇਸ ਕਾਰਨ ਘਰ ਅੰਦਰ ਪਿਆ ਬੈੱਡ ਅਤੇ ਹੋਰ ਘਰੇਲੂ ਸਾਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਇਸ ਮਾਮਲੇ ਵਿੱਚ ਨਿਰਮਲਾ ਦੇਵੀ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਆਰਥਿਕ ਹਾਲਤ ਨੂੰ ਦੇਖਦੇ ਹੋਏ ਤੁਰੰਤ ਮਦਦ ਮੁਹੱਈਆ ਕਰਵਾਈ ਜਾਵੇ, ਤਾਂ ਜੋ ਉਹ ਆਪਣੇ ਪਰਿਵਾਰ ਦੇ ਰਹਿਣ ਲਈ ਦੁਬਾਰਾ ਘੱਟੋ-ਘੱਟ ਇੱਕ ਕਮਰਾ ਉਸਾਰ ਸਕਣ।
ਇਸ ਮੌਕੇ ਇਲਾਕੇ ਦੇ ਸਾਬਕਾ ਕੌਂਸਲਰ ਸਤੀਸ਼ ਕੁਮਾਰ ਮਹੇਸ਼ੀ ਨੇ ਕਿਹਾ ਕਿ ਇਹ ਪਰਿਵਾਰ ਬੇਹੱਦ ਲੋੜਵੰਦ ਹੈ ਅਤੇ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਰਿਵਾਰ ਦੀ ਹਾਲਤ ਨੂੰ ਦੇਖਦੇ ਹੋਏ ਬਿਨਾਂ ਦੇਰੀ ਕੀਤੇ ਆਰਥਿਕ ਸਹਾਇਤਾ ਦਿੱਤੀ ਜਾਵੇ।
Read Also : ਸਫ਼ਰ 'ਤੇ ਨਿਕਲਣ ਤੋਂ ਪਹਿਲਾਂ ਜਾਣ ਲਓ ਮੌਸਮ ਦਾ ਹਾਲ, ਪੰਜਾਬ 'ਚ ਸੰਘਣੀ ਧੁੰਦ ਦਾ ਯੈਲੋ ਅਲਰਟ
Comments