Punjab
Majitha News: ਪੁਲਿਸ ਹਿਰਾਸਤ ’ਚੋਂ ਮੁਲਜ਼ਮ ਨੂੰ ਛੁਡਾਉਣ ਦੀ ਕੋਸ਼ਿਸ਼, SIT ਗਠਿਤ
ਜੋਬਨਪ੍ਰੀਤ ਸਿੰਘ ਨੂੰ ਮਜੀਠਾ ਪੁਲਿਸ ਵੱਲੋਂ ਕਾਨੂੰਨੀ ਤੌਰ 'ਤੇ ਕੀਤੀ ਸੀ ਗ੍ਰਿਫ਼ਤਾਰ
Majitha News:
ਮੀਜਠਾ (SHABD)। ਮਜੀਠਾ ਥਾਣੇ ਵਿੱਚ ਪੁਲਿਸ ਹਿਰਾਸਤ ਦੌਰਾਨ ਵਾਪਰੀ ਘਟਨਾ ਨੂੰ ਲੈ ਕੇ ਪੁਲਿਸ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਵਿਵਾਦ ਹੋਰ ਗਹਿਰਾ ਹੋ ਗਿਆ ਹੈ। ਐਸਐਸਪੀ ਦਿਹਾਤੀ ਅੰਮ੍ਰਿਤਸਰ ਸੁਹੇਲ ਮੀਰ ਕਾਸਿਮ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਮਜੀਠਾ ਥਾਣੇ ਵਿੱਚ ਕਾਨੂੰਨੀ ਹਿਰਾਸਤ ਵਿੱਚ ਰੱਖੇ ਗਏ ਮੁਲਜ਼ਮ ਜੋਬਨਪ੍ਰੀਤ ਸਿੰਘ ਨੂੰ ਛੁਡਾਉਣ ਲਈ ਇੱਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਭੀੜ ਨੇ ਥਾਣੇ ਵਿੱਚ ਜ਼ਬਰਦਸਤੀ ਦਾਖਲ ਹੋ ਕੇ ਪੁਲਿਸ ਕਾਰਵਾਈ ਵਿੱਚ ਰੁਕਾਵਟ ਪਾਈ।
ਉਨ੍ਹਾਂ ਦੱਸਿਆ ਕਿ ਮੁਕੱਦਮਾ ਨੰਬਰ 90, ਮਿਤੀ 30 ਮਈ 2026 ਤਹਿਤ ਦਰਜ ਮਾਮਲੇ ਵਿੱਚ ਸੋਹੀਆਂ ਕਲਾਂ ਦੇ ਰਹਿਣ ਵਾਲੇ ਜੋਬਨਪ੍ਰੀਤ ਸਿੰਘ ਨੂੰ ਮਜੀਠਾ ਪੁਲਿਸ ਵੱਲੋਂ ਕਾਨੂੰਨੀ ਤੌਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁੱਛਗਿੱਛ ਦੌਰਾਨ ਸਵੇਰੇ ਕਰੀਬ 10:30 ਵਜੇ ਥਾਣੇ ਦੇ ਬਾਹਰ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਅਤੇ ਭੀੜ ਨੇ ਪੁਲਿਸ ਮੁਲਾਜ਼ਮਾਂ ਨੂੰ ਧੱਕਾ ਦੇ ਕੇ ਥਾਣੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਐਸਐਸਪੀ ਨੇ ਦੋਸ਼ ਲਾਇਆ ਕਿ ਭੀੜ ਦਾ ਮੁੱਖ ਮਕਸਦ ਪੁਲਿਸ ਹਿਰਾਸਤ ਵਿੱਚ ਮੌਜੂਦ ਮੁਲਜ਼ਮ ਨੂੰ ਛੁਡਾਉਣਾ ਸੀ ਅਤੇ ਇਸ ਦੌਰਾਨ ਸਾਬਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਵੀ ਮੌਕੇ 'ਤੇ ਮੌਜ਼ੂਦ ਸਨ।
ਇਹ ਵੀ ਪੜ੍ਹੋ: Lebanon Israel War: ਲੇਬਨਾਨ ’ਚ ਲੜਾਈ ਤੇਜ਼, ਹਿਜ਼ਬੁੱਲਾ ਨੇ ਇਜ਼ਰਾਈਲੀ ਫੌਜਾਂ 'ਤੇ ਰਾਕੇਟ ਦਾਗੇ, ਆਈਡੀਐਫ ਦਾ ਬਿਊਫੋਰਟ 'ਤੇ ਕਬਜ਼ਾ
ਪੁਲਿਸ ਅਨੁਸਾਰ ਭੀੜ ਨੇ ਬਿਨਾਂ ਅਧਿਕਾਰ ਥਾਣੇ ਦੇ ਵੱਖ-ਵੱਖ ਕਮਰਿਆਂ ਵਿੱਚ ਦਾਖਲ ਹੋ ਕੇ ਤਲਾਸ਼ੀ ਲਈ, ਸਰਕਾਰੀ ਰਿਕਾਰਡ ਅਤੇ ਕੇਸ ਫਾਈਲਾਂ ਨਾਲ ਛੇੜਛਾੜ ਕੀਤੀ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ। ਉਨ੍ਹਾਂ ਕਿਹਾ ਕਿ ਐਸਐਚਓ ਅਤੇ ਡੀਐਸਪੀ ਮਜੀਠਾ ਨੇ ਮੌਕੇ 'ਤੇ ਪਹੁੰਚ ਕੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਗ੍ਰਿਫ਼ਤਾਰੀ ਪੂਰੀ ਤਰ੍ਹਾਂ ਕਾਨੂੰਨੀ ਹੈ ਅਤੇ ਸਾਰੇ ਦਸਤਾਵੇਜ਼ ਮੌਜੂਦ ਹਨ, ਪਰ ਇਸ ਦੇ ਬਾਵਜ਼ੂਦ ਕੁਝ ਲੋਕਾਂ ਨੇ ਮੁਲਜ਼ਮ ਨੂੰ ਕਮਰੇ ਵਿੱਚੋਂ ਬਾਹਰ ਖਿੱਚਣ ਅਤੇ ਪੁਲਿਸ ਮੁਲਾਜ਼ਮਾਂ ਨਾਲ ਧੱਕਾਮੁੱਕੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਐਸਐਚਓ ਦਾ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਵੀ ਕੀਤੀ ਗਈ। ਐਸਐਸਪੀ ਨੇ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਨੇ ਸੂਝਬੂਝ ਅਤੇ ਬਹਾਦਰੀ ਨਾਲ ਸਥਿਤੀ ਨੂੰ ਕਾਬੂ ਕਰਦਿਆਂ ਮੁਲਜ਼ਮ ਨੂੰ ਮੁੜ ਪੁਲਿਸ ਹਿਰਾਸਤ ਵਿੱਚ ਲਿਆ।
ਘਟਨਾ ਦੀ ਜਾਂਚ ਲਈ ਐਸਪੀ ਪੀਬੀਆਈ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ 2 ਡੀਐਸਪੀ ਅਤੇ 1 ਐਸਐਚਓ ਪੱਧਰ ਦੇ ਅਧਿਕਾਰੀ ਵੀ ਸ਼ਾਮਲ ਹਨ। ਸੁਹੇਲ ਮੀਰ ਕਾਸਿਮ ਨੇ ਕਿਹਾ ਕਿ ਕਾਨੂੰਨ ਸਭ ਲਈ ਬਰਾਬਰ ਹੈ ਅਤੇ ਕੋਈ ਵੀ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ। ਉਨ੍ਹਾਂ ਦੱਸਿਆ ਕਿ ਵੀਡੀਓ ਫੁਟੇਜ ਦੇ ਆਧਾਰ 'ਤੇ ਹੁਣ ਤੱਕ 6 ਤੋਂ 7 ਵਿਅਕਤੀਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ, ਜਦਕਿ ਮੌਕੇ 'ਤੇ ਮੌਜੂਦ 50 ਤੋਂ ਵੱਧ ਹੋਰ ਲੋਕਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।