Amritsar News: ਜਰਮਨੀ ਦੀ ਝੀਲ ’ਚ ਡੁੱਬਣ ਨਾਲ ਅੰਮ੍ਰਿਤਸਰ ਦੇ ਨੌਜਵਾਨ ਦੀ ਮੌਤ
ਮ੍ਰਿਤਕ ਦੀ ਸ਼ਿਨਾਖਤ 18 ਸਾਲ ਦੇ ਹਰਸ਼ਪ੍ਰੀਤ ਸਿੰਘ ਵੱਜੋਂ ਹੋਈ
Amritsar News: ਚੰਡੀਗੜ੍ਹ (ਸੱਚ ਕਹੂੰ ਨਿਊਜ਼/ਹਿੰ.ਸ.)। ਅੰਮ੍ਰਿਤਸਰ ਜ਼ਿਲ੍ਹੇ ਦੇ ਬਿਆਸ ਨੇੜਲੇ ਪਿੰਡ ਬੁੱਢਾ ਥੇ ਦੇ ਰਹਿਣ ਵਾਲੇ ਨੌਜਵਾਨ ਦੀ ਜਰਮਨੀ ’ਚ ਇੱਕ ਝੀਲ ’ਚ ਡੁੱਬਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਸ਼ਿਨਾਖਤ 18 ਸਾਲ ਦੇ ਨੌਜਵਾਨ ਹਰਸ਼ਪ੍ਰੀਤ ਸਿੰਘ ਵੱਜੋਂ ਹੋਈ ਹੈ। ਇਸ ਘਟਨਾ ਨੇ ਪਰਿਵਾਰ ਤੇ ਪੂਰੇ ਪਿੰਡ ਨੂੰ ਗਹਿਰੇ ਸਦਮੇ ’ਚ ਪਾ ਦਿੱਤਾ ਹੈ। ਜਾਣਕਾਰੀ ਅਨੁਸਾਰ ਹਰਸ਼ਪ੍ਰੀਤ ਸਿੰਘ ਦੇ ਪਿਤਾ ਪਿਛਲੇ ਕਰੀਬ 7 ਸਾਲਾਂ ਤੋਂ ਜਰਮਨੀ ਵਿੱਚ ਰਹਿ ਰਹੇ ਹਨ ਤੇ ਉੱਥੇ ਕੰਮ ਕਰਦੇ ਹਨ। ਲਗਭਗ ਇੱਕ ਸਾਲ ਪਹਿਲਾਂ ਹਰਸ਼ਪ੍ਰੀਤ ਵੀ ਵੀਜ਼ਾ ਮਿਲਣ ਤੋਂ ਬਾਅਦ ਆਪਣੇ ਪਿਤਾ ਨੂੰ ਮਿਲਣ ਜਰਮਨੀ ਗਿਆ ਸੀ। ਦੋਸਤਾਂ ਨਾਲ ਝੀਲ ’ਤੇ ਘੁੰਮਣ ਤੇ ਨ੍ਹਾਉਣ ਗਏ ਹਰਸ਼ਪ੍ਰੀਤ ਨਾਲ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਹ ਡੂੰਘੇ ਪਾਣੀ ’ਚ ਚਲਾ ਗਿਆ ਤੇ ਡੁੱਬ ਗਿਆ। ਦੋਸਤਾਂ ਤੇ ਸਥਾਨਕ ਲੋਕਾਂ ਵੱਲੋਂ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਗਈ।
Read Also : ਨਹੀਂ ਰੁਕ ਰਿਹਾ ਅਵਾਰਾ ਕੁੱਤਿਆਂ ਦਾ ਕਹਿਰ, ਹਮਲੇ 'ਚ ਪ੍ਰਵਾਸੀ ਮਜ਼ਦੂਰ ਦੀ ਮੌਤ
ਪਰ ਉਸ ਦੀ ਜਾਨ ਨਹੀਂ ਬਚ ਸਕੀ। ਪਰਿਵਾਰ ਨੇ ਦੱਸਿਆ ਕਿ ਹਰਸ਼ਪ੍ਰੀਤ ਘਰ ਦਾ ਇਕਲੌਤਾ ਪੁੱਤਰ ਸੀ ਤੇ ਉਸ ਤੋਂ ਬਹੁਤ ਉਮੀਦਾਂ ਸਨ। ਇਸ ਅਚਾਨਕ ਮੌਤ ਨਾਲ ਮਾਂ ਤੇ ਪਰਿਵਾਰ ਦਾ ਬੁਰਾ ਹਾਲ ਹੈ। ਸਦਮੇ ’ਚ ਡੁੱਬੇ ਪਰਿਵਾਰ ਤੇ ਪਿੰਡ ਵਾਸੀਆਂ ਨੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ’ਚ ਤੁਰੰਤ ਦਖਲ ਦਿੱਤਾ ਜਾਵੇ। ਪਰਿਵਾਰ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਬੇਨਤੀ ਕੀਤੀ ਹੈ ਕਿ ਸਾਰੀਆਂ ਅੰਤਰਰਾਸ਼ਟਰੀ ਕਾਰਵਾਈਆਂ ਜਲਦੀ ਪੂਰੀਆਂ ਕਰਵਾਈਆਂ ਜਾਣ ਤਾਂ ਜੋ ਮ੍ਰਿਤਕ ਦੇਹ ਨੂੰ ਭਾਰਤ ਲਿਆ ਕੇ ਅੰਤਿਮ ਸਸਕਾਰ ਕੀਤਾ ਜਾ ਸਕੇ। ਪਿੰਡ ’ਚ ਸੋਗ ਦਾ ਮਾਹੌਲ ਹੈ ਤੇ ਲੋਕ ਪਰਿਵਾਰ ਦੇ ਨਾਲ ਡੂੰਘੀ ਸੰਵੇਦਨਾ ਜ਼ਾਹਰ ਕਰ ਰਹੇ ਹਨ।