Barnala News: ਹੰਡਿਆਇਆ ’ਚ ਲੱਖਾਂ ਦੀ ਲਾਗਤ ਨਾਲ ਤਿਆਰ ਜਨਤਕ ਪਖਾਨੇ ਬਣੇ ਚਿੱਟਾ ਹਾਥੀ
ਪਖਾਨਿਆਂ ਨੂੰ ਜ਼ਿੰਦਰੇ ਲੱਗੇ ਹੋਣ ਕਾਰਨ ਸਭ ਤੋਂ ਵੱਧ ਔਰਤ ਯਾਤਰੀਆਂ ਨੂੰ ਝੱਲਣੀ ਪੈ ਰਹੀ ਹੈ ਪ੍ਰੇਸ਼ਾਨੀ
ਹੰਡਿਆਇਆ/ਬਰਨਾਲਾ (ਜਸਵੀਰ ਗਹਿਲ)। ਪਿੰਡਾਂ ਤੇ ਕਸਬਿਆਂ ਨੂੰ ਖੁੱਲੇ੍ਹ ’ਚ ਜੰਗਲ-ਪਾਣੀ ਜਾਣ ਦੀ ਪ੍ਰਥਾ ਤੋਂ ਮੁਕਤ ਕਰਨ ਲਈ ਸਰਕਾਰ ਵੱਲੋਂ ਲੱਖਾਂ ਰੁਪਏ ਖਰਚ ਕੇ ਜਨਤਕ ਪਖਾਨੇ ਤਿਆਰ ਕਰਵਾਏ ਗਏ ਸਨ। ਜਿਨ੍ਹਾਂ ਨੂੰ ਲਗਾਏ ਗਏ ਜਿੰਦਰਿਆਂ ਕਾਰਨ ਸਥਾਨਕ ਲੋਕ ਪ੍ਰੇਸ਼ਾਨ ਹੋ ਰਹੇ ਹਨ। ਇਹ ਹਾਲਾਤ ਕਸਬਾ ਹੰਡਿਆਇਆ ਦੇ ਬਾਬਾ ਜੀਵਨ ਸਿੰਘ ਨਗਰ ਤੇ ਟੈਂਪੂ ਸਟੈਂਡ ਦੇ ਹਨ, ਜਿੱਥੇ ਯੋਜਨਾ ਮਹਿਜ਼ ਕਾਗਜ਼ੀ ਦਾਅਵਿਆਂ ਤੱਕ ਸਿਮਟ ਕੇ ਰਹਿ ਗਈ ਹੈ। ਉਕਤ ਥਾਵਾਂ ’ਤੇ ਬਣੇ ਪਖਾਨੇ ਵਰਤੋਂ ’ਚ ਆਉਣ ਦੀ ਬਜਾਏ ਤਾਲਾਬੰਦੀ ਦਾ ਸ਼ਿਕਾਰ ਹਨ।

ਹੰਡਿਆਇਆ ਦੇ ਵੱਖ-ਵੱਖ ਹਿੱਸਿਆਂ ’ਚ ਬਣਾਏ ਗਏ ਇਹ ਪਖਾਨੇ ਦੇਖਣ ਨੂੰ ਬਿਲਕੁਲ ਆਧੁਨਿਕ ਤੇ ਮਾਡਲ ਪ੍ਰੋਜੈਕਟ ਜਾਪਦੇ ਹਨ। ਜਿਨ੍ਹਾਂ ਦੇ ਦਰਵਾਜ਼ਿਆਂ ’ਤੇ ਲਟਕ ਰਹੇ ਜਿੰਦਰੇ ਸਥਾਨਕ ਲੋਕਾਂ ਨੂੰ ਮੂੰਹ ਚਿੜਾ ਰਹੇ ਹਨ। ਸਥਾਨਕ ਲੋਕਾਂ ਅਨੁਸਾਰ ਇਹ ਪਖਾਨੇ ਬਣਨ ਤੋਂ ਬਾਅਦ ਸ਼ਾਇਦ ਹੀ ਕਦੇ ਲੋਕਾਂ ਲਈ ਖੋਲੇ੍ਹ ਗਏ ਹੋਣ। ਅਜਿਹਾ ਜਾਪਦਾ ਹੈ ਜਿਵੇਂ ਇਹ ਸਹੂਲਤ ਲੋਕਾਂ ਦੀ ਵਰਤੋਂ ਲਈ ਨਹੀਂ, ਸਗੋਂ ਸਿਰਫ ਉਦਘਾਟਨਾਂ ਦੀਆਂ ਰਸਮਾਂ ਨਿਭਾਉਣ ਲਈ ਹੀ ਬਣਾਈ ਗਈ ਸੀ। ਟੈਂਪੂ ਸਟੈਂਡ ’ਤੇ ਰਿਹਾਇਸ਼ੀ ਇਲਾਕਿਆਂ ’ਚ ਪਖਾਨੇ ਬੰਦ ਹੋਣ ਕਾਰਨ ਸਭ ਤੋਂ ਵੱਧ ਪ੍ਰੇਸ਼ਾਨੀ ਔਰਤਾਂ ਤੇ ਦੂਰ-ਦੁਰਾਡੇ ਤੋਂ ਆਉਣ ਵਾਲੇ ਯਾਤਰੀਆਂ ਨੂੰ ਝੱਲਣੀ ਪੈ ਰਹੀ ਹੈ।
Read Also : ਅਬੋਹਰ ’ਚ ਸੀਵਰੇਜ਼ ਬੰਦ, ਗਲੀਆਂ-ਬਾਜ਼ਾਰਾਂ ’ਚ ਬਣੇ ਹੜ੍ਹ ਵਰਗੇ ਹਾਲਾਤ!
ਰਾਹਗੀਰ ਇਸ ਉਮੀਦ ਨਾਲ ਇਨ੍ਹਾਂ ਇਮਾਰਤਾਂ ਵੱਲ ਵਧਦੇ ਹਨ ਕਿ ਉਨ੍ਹਾਂ ਨੂੰ ਸਹੂਲਤ ਮਿਲੇਗੀ ਪਰ ਜਿੰਦਰੇ ਦੇਖ ਕੇ ਉਨ੍ਹਾਂ ਦੀਆਂ ਉਮੀਦਾਂ ’ਤੇ ਪਾਣੀ ਫਿਰ ਜਾਂਦਾ ਹੈ। ਪ੍ਰਸ਼ਾਸਨ ਵੱਲੋਂ ਇਹ ਤਰਕ ਦਿੱਤਾ ਜਾ ਰਿਹਾ ਹੈ ਕਿ ਜੇਕਰ ਕੋਈ ਸਥਾਨਕ ਵਿਅਕਤੀ ਇਨ੍ਹਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਲਵੇ ਤਾਂ ਚਾਬੀ ਉਸ ਨੂੰ ਸੌਂਪ ਦਿੱਤੀ ਜਾਵੇਗੀ। ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਸਰਕਾਰ ਨੇ ਲੱਖਾਂ ਰੁਪਏ ਜਨਤਕ ਪੈਸਾ ਖਰਚ ਕੇ ਇਹ ਪ੍ਰੋਜੈਕਟ ਤਿਆਰ ਕੀਤਾ ਸੀ ਤਾਂ ਇਸ ਨੂੰ ਚਲਾਉਣ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਕਿਉਂ ਨਹੀਂ? ਕੀ ਡਿਊਟੀ ਸਿਰਫ਼ ਟੈਂਡਰ ਪਾਸ ਕਰਨ ਤੇ ਇਮਾਰਤ ਖੜ੍ਹੀ ਕਰਨ ਤੱਕ ਹੀ ਸੀਮਤ ਸੀ
‘ਸਥਿਤੀ ਦਾ ਲਵਾਂਗੇ ਜਾਇਜ਼ਾ’
ਨਵੇਂ ਆਏ ਕਾਰਜ ਸਾਧਕ ਅਫ਼ਸਰ ਹਰਪ੍ਰੀਤ ਸਿੰਘ ਨੇ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਨੇ ਹਾਲ ਹੀ ’ਚ ਚਾਰਜ ਸੰਭਾਲਿਆ ਹੈ ਤੇ ਉਹ ਜਲਦੀ ਹੀ ਇਨ੍ਹਾਂ ਪਖਾਨਿਆਂ ਦੀ ਸਥਿਤੀ ਦਾ ਜਾਇਜ਼ਾ ਲੈ ਕੇ ਇਨ੍ਹਾਂ ਨੂੰ ਜਨਤਾ ਲਈ ਚਾਲੂ ਕਰਵਾਉਣਗੇ।
