Crime News: ਮੋਬਾਈਲ ਟਾਵਰਾਂ ’ਤੇ ਚੋਰੀਆਂ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 4 ਮੈਂਬਰ ਕਾਬੂ
ਚੋਰੀ ਕਰਨ ਵਿੱਚ ਵਰਤੀ ਕਾਰ ਅਤੇ ਜੀ.ਸੀ.ਯੂ.1 ਕਾਰਡ ਬਰਾਮਦ | Crime News
Crime News: (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸੰਗਰੂਰ। ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਪੰਜਾਬ ਰਾਜ ਵਿੱਚ ਮੋਬਾਈਲ ਟਾਵਰਾਂ ਦੇ ਸਾਮਾਨ ਦੀਆਂ ਕਰੀਬ 100 ਤੋਂ ਵੱਧ ਚੋਰੀਆਂ ਵਿੱਚ ਸਾਮਲ ਅੰਤਰਰਾਜੀ ਚੋਰ ਗਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਬਾਰੇ ਸ. ਸਰਤਾਜ ਸਿੰਘ ਚਾਹਲ, ਆਈ.ਪੀ. ਐਸ.,ਐਸ.ਐਸ.ਪੀ., ਸੰਗਰੂਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ, ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੋਬਾਈਲ ਟਾਵਰਾਂ ਤੇ ਬੇਸ ਟਰਾਂਸੀਵਰ ਸਟੇਸਨ (ਬੀ.ਟੀ.ਐੱਸ.) ਵਿੱਚ ਜੀ.ਸੀ.ਯੂ.1, ਡਿਵਾਇਸ ਆਦਿ ਸਮਾਨ ਦੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 4 ਮੈਬਰਾਂ ਨੂੰ ਕਾਬੂ ਕਰਕੇ ਇਹਨਾਂ ਕੋਲੋਂ ਚੋਰੀ ਕਰਨ ਵਿੱਚ ਵਰਤੀ ਕਾਰ ਅਤੇ ਜੀਸੀਯੂ. ਕਾਰਡ ਬਰਾਮਦ ਕੀਤਾ ਗਿਆ ਹੈ ਤੇ ਇਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਗਿਰੋਹ ਦੇ ਮੈਂਬਰ ਮੋਬਾਈਲ ਟਾਵਰ ਕੰਪਨੀਆਂ ’ਚ ਕਰਦੇ ਸਨ ਕੰਮ
ਚਾਹਲ ਨੇ ਦੱਸਿਆ ਕਿ ਇਸ ਗਿਰੋਹ ਨੇ ਪੰਜਾਬ ਦੇ ਜ਼ਿਲ੍ਹਾ ਸੰਗਰੂਰ, ਬਰਨਾਲਾ, ਬਠਿੰਡਾ, ਮੋਗਾ, ਮਾਨਸਾ, ਪਟਿਆਲਾ ਅਤੇ ਸ੍ਰੀ ਫਤਹਿਗੜ੍ਹ ਸਾਹਿਬ ’ਚ ਕਰੀਬ 100 ਮੋਬਾਈਲ ਟਾਵਰਾਂ ਤੋਂ ਬੇਸ ਟਰਾਂਸੀਵਰ ਸਟੇਸ਼ਨ (ਬੀ.ਟੀ.ਐੱਸ.) ਵਿੱਚ ਜੀ.ਸੀ.ਯੂ.1, ਕਾਰਡਜ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ।
ਇਹ ਵੀ ਪੜ੍ਹੋ: Teachers Protest: ਮੀਟਿੰਗ ਨਾ ਹੋਣ ਤੋਂ ਖਫ਼ਾ ਕੱਚੇ ਅਧਿਆਪਕਾਂ ਨੇ ਮੁੜ ਫ਼ਿਰੋਜ਼ਪੁਰ ਰੋਡ ਕੀਤਾ ਜਾਮ
ਇਸ ਸਬੰਧੀ ਇੰਸਪੈਕਟਰ ਸੰਦੀਪ ਸਿੰਘ ਇੰਚਾਰਜ ਸੀ.ਆਈ.ਏ ਸੰਗਰੂਰ ਦੀ ਟੀਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਸੀ.ਆਈ.ਏ ਦੀ ਟੀਮ ਵੱਲੋਂ ਮੁਖਬਰ ਖਾਸ ਦੀ ਇਤਲਾਹ ’ਤੇ ਰਾਮਕਰਨ ਸਿੰਘ ਉਰਫ ਲਾਡੀ ਵਾਸੀ ਅਕੋਈ ਸਾਹਿਬ, ਅਵਤਾਰ ਸਿੰਘ ਵਾਸੀ ਅਕੋਈ ਸਾਹਿਬ, ਪ੍ਰੇਮ ਸਿੰਘ ਵਾਸੀ ਬੇਨੜਾ ਅਤੇ ਰੁਪਿੰਦਰ ਸਿੰਘ ਉਰਫ ਚੀਨੂ ਵਾਸੀ ਬੇਨੜਾ ਜੋ ਕਿ ਮੋਬਾਈਲ ਟਾਵਰਾਂ ਦਾ ਕੀਮਤੀ ਸਾਮਾਨ ਚੋਰੀ ਕਰਕੇ ਅੱਗੇ ਵੇਚਦੇ ਹਨ ਨੂੰ ਬੇਨੜਾ ਨੇੜੇ ਰੇਲਵੇ ਫਾਟਕ ਰੇਡ ਕਰਕੇ ਸਮੇਤ ਕਾਰ ਕਾਬੂ ਕਰ ਲਿਆ ਤੇ ਕਾਰ ਵਿੱਚੋਂ ਮੋਬਾਇਲ ਟਾਵਰਾਂ ਤੋਂ ਚੋਰੀ ਕੀਤੇ, 31 ਜੀ.ਸੀ.ਯੂ.1, ਕਾਰਡਜ ਬਰਾਮਦ ਕੀਤੇ ਗਏ। ਗਿਰੋਹ ਦੇ ਮੈਂਬਰ ਮੋਬਾਈਲ ਟਾਵਰ ਕੰਪਨੀਆਂ ਵਿੱਚ ਕੰਮ ਕਰਦੇ ਸਨ। ਇਨ੍ਹਾਂ ਮੁਲਜਮਾਂ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਇਲਾਕਾ ਦਿੜ੍ਹਬਾ ਅਤੇ ਮੂਣਕ ਵਿਖੇ ਵੀ ਮੋਬਾਈਲ ਟਾਵਰਾਂ ਤੋਂ ਸਮਾਨ ਚੋਰੀ ਕਰਨ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਸੀ। Crime News