Punjab
Asian Games Medal Winners Haryana: ਹਰਿਆਣਾ ਸਰਕਾਰ ਨੇ ਏਸ਼ਿਆਈ ਅਤੇ ਪੈਰਾ ਏਸ਼ਿਆਈ ਖੇਡਾਂ ਦੇ ਤਮਗਾ ਜੇਤੂ 132 ਖਿਡਾਰੀਆਂ ਨੂੰ 189.38 ਕਰੋੜ ਰੁਪਏ ਦੇ ਨਗਦ ਇਨਾਮਾਂ ਨਾਲ ਕੀਤਾ ਸਨਮਾਨਿਤ
ਤਮਗਾ ਕੁਝ ਪਲਾਂ ਵਿੱਚ ਗਲ਼ ਵਿੱਚ ਪੈਂਦਾ ਹੈ, ਪਰ ਇਸ ਲਈ ਖਿਡਾਰੀ ਸਾਰੀ ਜ਼ਿੰਦਗੀ ਲਗਾ ਦਿੰਦਾ ਹੈ: ਨਾਇਬ ਸਿੰਘ ਸੈਣੀ
Asian Games Medal Winners Haryana: ਚੰਡੀਗੜ੍ਹ, (ਸੱਚ ਕਹੂੰ ਨਿਊਜ਼/ਹਿੰ.ਸ.)। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਤਮਗਾ ਕੁਝ ਪਲਾਂ ਵਿੱਚ ਖਿਡਾਰੀ ਦੇ ਗਲ਼ ’ਚ ਪੈਂਦਾ ਹੈ, ਪਰ ਇਸ ਨੂੰ ਹਾਸਲ ਕਰਨ ਲਈ ਖਿਡਾਰੀ ਆਪਣੀ ਪੂਰੀ ਜ਼ਿੰਦਗੀ ਲਗਾ ਦਿੰਦਾ ਹੈ। ਤਮਗਿਆਂ ਪਿੱਛੇ ਸਾਲਾਂ ਦੀ ਮਿਹਨਤ, ਤਿਆਗ, ਅਭਿਆਸ ਅਤੇ ਹਾਰ ਤੋਂ ਬਾਅਦ ਮੁੜ ਉੱਠਣ ਦਾ ਜਜ਼ਬਾ ਹੁੰਦਾ ਹੈ। ਮੁੱਖ ਮੰਤਰੀ ਸ਼ੁੱਕਰਵਾਰ ਨੂੰ ਭਿਵਾਨੀ ਦੇ ਭੀਮ ਸਟੇਡੀਅਮ ਵਿੱਚ ਏਸ਼ਿਆਈ ਅਤੇ ਪੈਰਾ ਏਸ਼ਿਆਈ ਖੇਡਾਂ ਦੇ ਤਮਗਾ ਜੇਤੂ ਖਿਡਾਰੀਆਂ ਦੇ ਸਨਮਾਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਸੂਬੇ ਦੇ 132 ਖਿਡਾਰੀਆਂ ਨੂੰ 189 ਕਰੋੜ 38 ਲੱਖ ਰੁਪਏ ਦੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਯੋਗ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦੇ ਆਫ਼ਰ ਲੈਟਰ ਵੀ ਦਿੱਤੇ ਗਏ।
ਨਾਇਬ ਸਿੰਘ ਸੈਣੀ ਨੇ ਦੱਸਿਆ ਕਿ ਏਸ਼ਿਆਈ ਖੇਡਾਂ ਵਿੱਚ ਭਾਰਤ ਨੇ ਕੁੱਲ 85 ਤਮਗੇ ਜਿੱਤ ਕੇ ਚੌਥਾ ਸਥਾਨ ਹਾਸਲ ਕੀਤਾ, ਜਿਨ੍ਹਾਂ ਵਿੱਚ ਹਰਿਆਣਾ ਦੇ ਖਿਡਾਰੀਆਂ ਦਾ ਯੋਗਦਾਨ 32 ਤਮਗਿਆਂ ਦਾ ਰਿਹਾ। ਇਨ੍ਹਾਂ ਵਿੱਚ 14 ਸੋਨੇ ਦੇ ਤਮਗੇ ਸ਼ਾਮਲ ਸਨ। ਇਸੇ ਤਰ੍ਹਾਂ ਪੈਰਾ ਏਸ਼ਿਆਈ ਖੇਡਾਂ ਵਿੱਚ ਭਾਰਤ ਨੇ 114 ਤਮਗੇ ਜਿੱਤੇ, ਜਦਕਿ ਹਰਿਆਣਾ ਦੇ ਪੈਰਾ ਖਿਡਾਰੀਆਂ ਨੇ 9 ਸੋਨੇ ਸਮੇਤ 31 ਤਮਗੇ ਆਪਣੇ ਨਾਂ ਕੀਤੇ।
ਉਨ੍ਹਾਂ ਕਿਹਾ ਕਿ ਮੁੱਕੇਬਾਜ਼ੀ ਵਿੱਚ ਅੰਕੁਸ਼ ਪੰਘਾਲ ਅਤੇ ਪਰਵੀਨ ਹੁੱਡਾ ਨੇ ਸੋਨੇ ਦੇ ਤਮਗੇ ਜਿੱਤ ਕੇ ਦੇਸ਼ ਦਾ ਮਾਣ ਵਧਾਇਆ। ਹਾਕੀ ਵਿੱਚ ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਟੀਮਾਂ ਦੀ ਜਿੱਤ ਵਿੱਚ ਵੀ ਹਰਿਆਣਾ ਦੇ ਖਿਡਾਰੀਆਂ ਦਾ ਅਹਿਮ ਯੋਗਦਾਨ ਰਿਹਾ। ਪੈਰਾ ਖੇਡਾਂ ਵਿੱਚ ਸੁਮਿਤ ਅੰਤਿਲ ਅਤੇ ਪ੍ਰਣਵ ਸੂਰਮਾ ਦੀਆਂ ਜਿੱਤਾਂ ਵੀ ਮਾਣ ਵਾਲੀ ਗੱਲ ਹਨ।
ਇਹ ਵੀ ਪੜ੍ਹੋ: Punjab Weather Update: ਪੰਜਾਬ ਅਤੇ ਚੰਡੀਗੜ੍ਹ ’ਚ ਮੌਸਮ ਬਦਲਿਆ, 12 ਜ਼ਿਲ੍ਹਿਆਂ ’ਚ ਮੀਂਹ ਤੇ ਤੇਜ਼ ਹਵਾਵਾਂ ਦਾ ਅਲਰਟ
ਮੁੱਖ ਮੰਤਰੀ ਨੇ ਕਿਹਾ ਕਿ ਭਿਵਾਨੀ ਨੂੰ 'ਮਿਨੀ ਕਿਊਬਾ' ਵਜੋਂ ਜਾਣਿਆ ਜਾਂਦਾ ਹੈ ਅਤੇ ਇਸ ਧਰਤੀ ਨੇ ਭਾਰਤੀ ਮੁੱਕੇਬਾਜ਼ੀ ਨੂੰ ਵਿਸ਼ਵ ਪੱਧਰ 'ਤੇ ਪਛਾਣ ਦਿਵਾਈ ਹੈ। ਵਿਜੇਂਦਰ ਸਿੰਘ, ਅਖਿਲ ਕੁਮਾਰ, ਨੀਤੂ ਘਣਘਸ ਅਤੇ ਜੈਸਮੀਨ ਲੰਬੋਰੀਆ ਵਰਗੇ ਖਿਡਾਰੀਆਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ।
ਸੈਣੀ ਨੇ ਕਿਹਾ ਕਿ ਹਰਿਆਣਾ ਉਤਕ੍ਰਿਸ਼ਟ ਖਿਡਾਰੀ ਭਰਤੀ ਨਿਯਮਾਂ ਤਹਿਤ ਹੁਣ ਤੱਕ 260 ਖਿਡਾਰੀਆਂ ਨੂੰ ਗਰੁੱਪ-ਏ, ਬੀ ਅਤੇ ਸੀ ਦੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਖੇਡ ਗ੍ਰੇਡੇਸ਼ਨ ਨੀਤੀ ਵਿੱਚ ਸੋਧ ਕਰਕੇ ਹਰਿਆਣਾ ਸਟੇਟ ਗੇਮਜ਼ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਵੀ ਇਸ ਦਾ ਲਾਭ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ।
ਉਨ੍ਹਾਂ ਐਲਾਨ ਕੀਤਾ ਕਿ ਭਿਵਾਨੀ ਦੇ ਭੀਮ ਸਟੇਡੀਅਮ ਨੂੰ 50 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਭਿਵਾਨੀ ਦੇ ਵਿਕਾਸ ਲਈ 142 ਕਰੋੜ ਰੁਪਏ ਦੇ 8 ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਖਿਡਾਰੀਆਂ ਨੂੰ ਆਰਥਿਕ ਸੁਰੱਖਿਆ ਦੇਣ ਦੇ ਨਾਲ-ਨਾਲ ਅੰਤਰਰਾਸ਼ਟਰੀ ਮੁਕਾਬਲਿਆਂ ਦੀ ਤਿਆਰੀ ਲਈ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣਾ ਹੈ।
Comments