Punjab Weather Today: ਪੰਜਾਬ ਤੇ ਚੰਡੀਗੜ੍ਹ ’ਚ ਅੱਜ ਖੁਸ਼ਕ ਰਹੇਗਾ ਮੌਸਮ, 6 ਨਵੰਬਰ ਤੱਕ ਮੀਂਹ ਦੀ ਕੋਈ ਸੰਭਾਵਨਾ ਨਹੀਂ
ਪਹਾੜਾਂ ਵੱਲੋਂ ਚੱਲਣਗੀਆਂ ਉੱਤਰ-ਪੱਛਮੀ ਹਵਾਵਾਂ, ਰਾਤ ਦੇ ਤਾਪਮਾਨ ’ਚ ਹਲਕੀ ਗਿਰਾਵਟ ਆਉਣ ਦੇ ਆਸਾਰ
ਚੰਡੀਗੜ੍ਹ (ਸੱਚ ਕਹੂੰ ਨਿਊਜ਼/ਏਜੰਸੀ)। ਪੰਜਾਬ ਤੇ ਚੰਡੀਗੜ੍ਹ ਵਿੱਚ ਅੱਜ, 1 ਨਵੰਬਰ ਨੂੰ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਸੂਬੇ ਵਿੱਚ ਕਿਸੇ ਵੀ ਥਾਂ ਮੀਂਹ ਪੈਣ ਦੇ ਆਸਾਰ ਨਹੀਂ ਹਨ। ਅਸਮਾਨ ਸਾਫ਼ ਰਹਿਣ ਕਾਰਨ ਦਿਨ ਵੇਲੇ ਧੁੱਪ ਨਿਕਲੇਗੀ। ਇਸ ਦੌਰਾਨ ਉੱਤਰ-ਪੱਛਮੀ ਦਿਸ਼ਾ, ਭਾਵ ਪਹਾੜਾਂ ਵੱਲੋਂ ਹਵਾਵਾਂ ਚੱਲਣ ਦਾ ਅਨੁਮਾਨ ਹੈ। ਇਸ ਨਾਲ ਆਉਣ ਵਾਲੇ ਦਿਨਾਂ ’ਚ ਰਾਤ ਦੇ ਤਾਪਮਾਨ ਵਿੱਚ ਹਲਕੀ ਗਿਰਾਵਟ ਆ ਸਕਦੀ ਹੈ।
ਮੌਸਮ ’ਚ ਇਸ ਬਦਲਾਅ ਕਾਰਨ ਸਵੇਰ ਤੇ ਰਾਤ ਸਮੇਂ ਠੰਢ ਦਾ ਅਹਿਸਾਸ ਵਧੇਗਾ, ਜਦਕਿ ਦਿਨ ਦੇ ਤਾਪਮਾਨ ’ਚ ਫਿਲਹਾਲ ਕਿਸੇ ਵੱਡੇ ਬਦਲਾਅ ਦੀ ਸੰਭਾਵਨਾ ਨਹੀਂ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ’ਚ 0.7 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਤਾਪਮਾਨ ਆਮ ਦੇ ਨੇੜੇ ਬਣਿਆ ਹੋਇਆ ਹੈ। ਸਭ ਤੋਂ ਵੱਧ 32.2 ਡਿਗਰੀ ਸੈਲਸੀਅਸ ਤਾਪਮਾਨ ਬਠਿੰਡਾ ’ਚ ਦਰਜ ਕੀਤਾ ਗਿਆ।
ਉੱਤਰੀ ਹਰਿਆਣਾ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬਣੀ ਪੱਛਮੀ ਗੜਬੜੀ ਅਜੇ ਵੀ ਸਰਗਰਮ ਹੈ, ਪਰ ਇਸ ਨਾਲ ਜੁੜੀ ਉੱਪਰੀ ਹਵਾ ਦੀ ਟਰੱਫ ਕਮਜ਼ੋਰ ਪੈ ਗਈ ਹੈ। ਇਸ ਦੇ ਨਾਲ ਹੀ ਪੱਛਮੀ ਹਵਾਵਾਂ ’ਚ ਟਰੱਫ ਦੇ ਰੂਪ ਵਿੱਚ ਇੱਕ ਨਵੀਂ ਪੱਛਮੀ ਗੜਬੜੀ ਵੀ ਬਣ ਰਹੀ ਹੈ, ਜੋ ਸਮੁੰਦਰ ਤਲ ਤੋਂ ਲਗਭਗ 5.8 ਕਿਲੋਮੀਟਰ ਦੀ ਉਚਾਈ ’ਤੇ ਹੈ। ਹਾਲਾਂਕਿ, ਇਸ ਦੇ ਪ੍ਰਭਾਵ ਕਾਰਨ ਵੀ ਫਿਲਹਾਲ ਪੰਜਾਬ ਤੇ ਚੰਡੀਗੜ੍ਹ ’ਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਨੇ 6 ਨਵੰਬਰ ਤੱਕ ਸੂਬੇ ਵਿੱਚ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਜਤਾਇਆ ਹੈ। ਰਾਜਸਥਾਨ ਦੀ ਸਰਹੱਦ ਨਾਲ ਲੱਗਦੇ ਬਠਿੰਡਾ ’ਚ ਸਭ ਤੋਂ ਵੱਧ ਗਰਮੀ ਦਰਜ ਕੀਤੀ ਗਈ।
ਇੱਥੋਂ ਦੇ ਹਵਾਈ ਅੱਡੇ ’ਤੇ ਵੱਧ ਤੋਂ ਵੱਧ ਤਾਪਮਾਨ 32.2 ਡਿਗਰੀ ਸੈਲਸੀਅਸ ਰਿਹਾ। ਇਸ ਦੇ ਮੁਕਾਬਲੇ ਪੰਜਾਬ ਦੇ ਹੋਰਾਂ ਸ਼ਹਿਰਾਂ ’ਚ ਤਾਪਮਾਨ 28 ਤੋਂ 30.8 ਡਿਗਰੀ ਸੈਲਸੀਅਸ ਦਰਮਿਆਨ ਦਰਜ ਕੀਤਾ ਗਿਆ। ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਨਾਲ ਲੱਗਦੇ ਹੁਸ਼ਿਆਰਪੁਰ ਤੇ ਪਠਾਨਕੋਟ ਵਿੱਚ ਸਭ ਤੋਂ ਘੱਟ ਵੱਧ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ। ਹੁਸ਼ਿਆਰਪੁਰ ਵਿੱਚ ਤਾਪਮਾਨ 28 ਡਿਗਰੀ ਤੇ ਪਠਾਨਕੋਟ ’ਚ 28.2 ਡਿਗਰੀ ਸੈਲਸੀਅਸ ਰਿਹਾ।
ਰੂਪਨਗਰ ’ਚ ਤਾਪਮਾਨ 28.6 ਤੋਂ 30.8 ਡਿਗਰੀ ਵਿਚਕਾਰ ਦਰਜ ਕੀਤਾ ਗਿਆ। ਇਸੇ ਤਰ੍ਹਾਂ ਹਰਿਆਣਾ ਦੀ ਸਰਹੱਦ ਨਾਲ ਲੱਗਦੇ ਪਟਿਆਲਾ ’ਚ 30.1 ਡਿਗਰੀ ਤੇ ਸੰਗਰੂਰ ਵਿੱਚ 28.7 ਡਿਗਰੀ ਸੈਲਸੀਅਸ ਤਾਪਮਾਨ ਰਿਹਾ। ਬਠਿੰਡਾ ਜ਼ਿਲ੍ਹੇ ਦੇ ਹੋਰਨਾਂ ਮੌਸਮ ਕੇਂਦਰਾਂ ’ਚ ਵੀ ਤਾਪਮਾਨ 29.8 ਤੋਂ 30.5 ਡਿਗਰੀ ਵਿਚਕਾਰ ਦਰਜ ਕੀਤਾ ਗਿਆ। ਸੂਬੇ ਵਿੱਚ ਕਿਸੇ ਵੀ ਥਾਂ ਮੀਂਹ ਦਰਜ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : IND vs NZ: ਵੈਭਵ ਸੂਰਿਆਵੰਸ਼ੀ ਨੂੰ ਅੱਜ ਫਿਰ ਮਿਲ ਸਕਦੈ ਮੌਕਾ, ਭਾਰਤ ਤੇ ਨਿਊਜੀਲੈਂਡ ਵਿਚਕਾਰ ਪੰਜਵਾਂ ਤੇ ਆਖਰੀ ਟੀ20 ਅੱਜ
Comments