Punjab Weather Update: ਪੰਜਾਬ ਤੇ ਚੰਡੀਗੜ੍ਹ ’ਚ 5 ਨਵੰਬਰ ਤੱਕ ਮੌਸਮ ਰਹੇਗਾ ਖੁਸ਼ਕ, ਮੀਂਹ ਦੀ ਕੋਈ ਸੰਭਾਵਨਾ ਨਹੀਂ

ਵੱਧ ਤੋਂ ਵੱਧ ਤਾਪਮਾਨ ’ਚ 1.1 ਡਿਗਰੀ ਦੀ ਗਿਰਾਵਟ, ਰੋਪੜ ਰਿਹਾ ਸਭ ਤੋਂ ਗਰਮ, ਸਵੇਰੇ ਤੇ ਸ਼ਾਮ ਨੂੰ ਵਧੇਗੀ ਠੰਢ

Khushdeep Singh Picture
Published On

ਚੰਡੀਗੜ੍ਹ (ਸੱਚ ਕਹੂੰ ਨਿਊਜ਼/ਏਜੰਸੀ)। ਪੰਜਾਬ ਤੇ ਚੰਡੀਗੜ੍ਹ ’ਚ ਸ਼ਨਿੱਚਰਵਾਰ ਨੂੰ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਸੂਬੇ ਅਤੇ ਚੰਡੀਗੜ੍ਹ ’ਚ ਕਿਤੇ ਵੀ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਬੱਦਲਾਂ ਕਾਰਨ ਦਿਨ ਵੇਲੇ ਧੁੱਪ ਨਿਕਲੇਗੀ, ਜਦਕਿ ਸਵੇਰੇ ਤੇ ਸ਼ਾਮ ਨੂੰ ਠੰਢ ਦਾ ਅਹਿਸਾਸ ਵਧੇਗਾ। ਇਸ ਦੌਰਾਨ ਸੂਬੇ ਦੇ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ’ਚ 1.1 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਆਮ ਨਾਲੋਂ 1.8 ਡਿਗਰੀ ਘੱਟ ਹੈ।

ਰੋਪੜ ’ਚ ਸਭ ਤੋਂ ਵੱਧ 32.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਉੱਤਰੀ ਪੰਜਾਬ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ’ਚ ਸਮੁੰਦਰ ਤਲ ਤੋਂ ਲਗਭਗ 4.5 ਕਿਲੋਮੀਟਰ ਦੀ ਉਚਾਈ ’ਤੇ ਚੱਕਰਵਾਤੀ ਹਵਾਵਾਂ ਦਾ ਖੇਤਰ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਦੱਖਣੀ ਪੰਜਾਬ ’ਚ 1.5 ਕਿਲੋਮੀਟਰ ਦੀ ਉਚਾਈ ’ਤੇ ਬਣਿਆ ਅਜਿਹਾ ਹਵਾਈ ਖੇਤਰ ਕਮਜ਼ੋਰ ਪੈ ਗਿਆ ਹੈ।

ਮੌਸਮ ਵਿਭਾਗ ਦੇ ਪੂਰਵ ਅਨੁਮਾਨ ਮੁਤਾਬਕ 5 ਨਵੰਬਰ ਤੱਕ ਪੰਜਾਬ ਤੇ ਚੰਡੀਗੜ੍ਹ ’ਚ ਮੌਸਮ ਖੁਸ਼ਕ ਰਹੇਗਾ ਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਦੌਰਾਨ ਅਸਮਾਨ ਜ਼ਿਆਦਾਤਰ ਸਾਫ਼ ਰਹੇਗਾ। ਅਗਲੇ ਕੁਝ ਦਿਨਾਂ ’ਚ ਰਾਤ ਦੇ ਤਾਪਮਾਨ ’ਚ ਹਲਕੀ ਗਿਰਾਵਟ ਆ ਸਕਦੀ ਹੈ। ਚੰਡੀਗੜ੍ਹ ’ਚ ਘੱਟੋ-ਘੱਟ ਤਾਪਮਾਨ 14 ਤੋਂ 15 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ, ਜਦਕਿ ਦਿਨ ਦਾ ਤਾਪਮਾਨ 30 ਤੋਂ 31 ਡਿਗਰੀ ਤੱਕ ਪਹੁੰਚ ਸਕਦਾ ਹੈ।

ਇਸ ਕਾਰਨ ਦੁਪਹਿਰ ਸਮੇਂ ਹਲਕੀ ਗਰਮੀ ਤੇ  ਸਵੇਰੇ-ਸ਼ਾਮ ਠੰਢ ਮਹਿਸੂਸ ਹੋਵੇਗੀ। ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਪੰਜਾਬ ਦੇ ਮੈਦਾਨੀ ਤੇ ਅਰਧ-ਪਹਾੜੀ ਇਲਾਕਿਆਂ ਵਿੱਚ ਠੰਢ ਦਾ ਅਸਰ ਵਧਣ ਲੱਗਾ ਹੈ। ਪਿਛਲੇ 24 ਘੰਟਿਆਂ ਦੌਰਾਨ ਇਨ੍ਹਾਂ ਖੇਤਰਾਂ ’ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ’ਚ 1 ਤੋਂ 4.4 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਪਠਾਨਕੋਟ ਜ਼ਿਲ੍ਹੇ ਦੇ ਥੀਨ ਡੈਮ ਖੇਤਰ ’ਚ ਸਭ ਤੋਂ ਵੱਧ 4.4 ਡਿਗਰੀ ਦੀ ਗਿਰਾਵਟ ਆਈ ਹੈ ਅਤੇ ਇੱਥੇ ਵੱਧ ਤੋਂ ਵੱਧ ਤਾਪਮਾਨ 25.4 ਡਿਗਰੀ ਦਰਜ ਕੀਤਾ ਗਿਆ।

ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਸਲੇਰਨ ’ਚ ਤਾਪਮਾਨ 4.2 ਡਿਗਰੀ ਘਟ ਕੇ 27.8 ਡਿਗਰੀ ’ਤੇ ਪਹੁੰਚ ਗਿਆ। ਪਠਾਨਕੋਟ ਦੇ ਕ੍ਰਿਸ਼ੀ ਵਿਗਿਆਨ ਕੇਂਦਰ ’ਚ ਵੀ ਤਾਪਮਾਨ 3 ਡਿਗਰੀ ਘਟਿਆ ਤੇ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 27.9 ਡਿਗਰੀ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਰੂਪਨਗਰ ਦੇ ਭਾਖੜਾ ਡੈਮ ਖੇਤਰ ’ਚ ਤਾਪਮਾਨ 1.4 ਡਿਗਰੀ ਘਟ ਕੇ 28 ਡਿਗਰੀ ਰਿਹਾ। ਇਨ੍ਹਾਂ ਇਲਾਕਿਆਂ ’ਚ ਤਾਪਮਾਨ ਡਿੱਗਣ ਕਾਰਨ ਸਵੇਰੇ ਤੇ ਸ਼ਾਮ ਨੂੰ ਠੰਢ ਦਾ ਅਹਿਸਾਸ ਵਧਣ ਲੱਗਾ ਹੈ।

ਇਹ ਵੀ ਪੜ੍ਹੋ : Zirakpur News: ਜ਼ੀਰਕਪੁਰ ’ਚ ਰਿਹਾਇਸ਼ੀ ਮਕਾਨ ਅੰਦਰ ਚੱਲ ਰਹੀ ਨਾਜਾਇਜ਼ ਦਵਾਈ ਫੈਕਟਰੀ ਦਾ ਪਰਦਾਫਾਸ਼

Comments

Post Your Comment

About The Author

Related Posts