Diwali Flight Ticket Prices: ਦੀਵਾਲੀ ’ਤੇ ਘਰ ਜਾਣਾ ਹੋਇਆ ਮਹਿੰਗਾ, ਚੰਡੀਗੜ੍ਹ ਤੋਂ ਪਟਨਾ ਦੀ ਹਵਾਈ ਟਿਕਟ 24 ਹਜ਼ਾਰ ਤੋਂ ਪਾਰ
ਯੂਪੀ ਤੇ ਬਿਹਾਰ ਜਾਣ ਵਾਲੀਆਂ ਉਡਾਣਾਂ ਦੇ ਕਿਰਾਏ ’ਚ ਭਾਰੀ ਵਾਧਾ, ਰੇਲ ਗੱਡੀਆਂ ’ਚ ਵੀ ਕਨਫ਼ਰਮ ਟਿਕਟਾਂ ਦੀ ਕਿੱਲਤ
ਚੰਡੀਗੜ੍ਹ, ਸੱਚ ਕਹੂੰ ਨਿਊਜ਼/ਏਜੰਸੀ। ਦੀਵਾਲੀ ਤੇ ਛੱਠ ਪੂਜਾ ਦੇ ਤਿਉਹਾਰਾਂ ਮੌਕੇ ਆਪਣੇ ਘਰਾਂ ਨੂੰ ਜਾਣ ਦੀ ਤਿਆਰੀ ਕਰ ਰਹੇ ਲੋਕਾਂ ਲਈ ਹਵਾਈ ਸਫ਼ਰ ਮਹਿੰਗਾ ਸਾਬਤ ਹੋ ਰਿਹਾ ਹੈ। ਤਿਉਹਾਰ ਨੇੜੇ ਆਉਣ ਕਾਰਨ ਉਡਾਣਾਂ ਦੀ ਮੰਗ ਵਧਣ ਨਾਲ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ, ਚੰਡੀਗੜ੍ਹ ਤੋਂ ਪਟਨਾ ਤੇ ਲਖਨਊ ਜਾਣ ਵਾਲੀਆਂ ਉਡਾਣਾਂ ਦੇ ਕਿਰਾਏ ’ਚ ਕਾਫ਼ੀ ਵਾਧਾ ਹੋਇਆ ਹੈ। ਆਮ ਦਿਨਾਂ ’ਚ 5 ਤੋਂ 6 ਹਜ਼ਾਰ ਰੁਪਏ ’ਚ ਮਿਲਣ ਵਾਲੀਆਂ ਟਿਕਟਾਂ ਲਈ ਹੁਣ ਯਾਤਰੀਆਂ ਨੂੰ 15 ਹਜ਼ਾਰ ਰੁਪਏ ਜਾਂ ਇਸ ਤੋਂ ਵੱਧ ਖ਼ਰਚ ਕਰਨੇ ਪੈ ਰਹੇ ਹਨ, ਜਦਕਿ ਪਟਨਾ ਦੀ ਉਡਾਣ ਦਾ ਕਿਰਾਇਆ 24 ਹਜ਼ਾਰ ਰੁਪਏ ਤੋਂ ਵੀ ਪਾਰ ਪਹੁੰਚਣ ਦੀ ਜਾਣਕਾਰੀ ਸਾਹਮਣੇ ਆਈ ਹੈ। ਯਾਤਰੀਆਂ ਦੀ ਮੁਸ਼ਕਲ ਇਹ ਹੈ ਕਿ ਜਿਨ੍ਹਾਂ ਲੋਕਾਂ ਨੇ 28 ਦਿਨ ਪਹਿਲਾਂ ਟਿਕਟਾਂ ਬੁੱਕ ਕਰਵਾਈਆਂ ਸਨ।
ਉਨ੍ਹਾਂ ਨੂੰ ਵੀ ਪਹਿਲਾਂ ਦੇ ਮੁਕਾਬਲੇ ਵੱਧ ਕਿਰਾਇਆ ਦੇਣਾ ਪੈ ਰਿਹਾ ਹੈ। ਤਿਉਹਾਰਾਂ ਦੌਰਾਨ ਹਵਾਈ ਟਿਕਟਾਂ ਦੀ ਕੀਮਤ ਮੰਗ ਤੇ ਉਡਾਣਾਂ ’ਚ ਬਚੀਆਂ ਸੀਟਾਂ ਦੇ ਆਧਾਰ ’ਤੇ ਬਦਲਦੀ ਰਹਿੰਦੀ ਹੈ। ਅਜਿਹੇ ’ਚ ਆਉਣ ਵਾਲੇ ਦਿਨਾਂ ’ਚ ਕਿਰਾਏ ਹੋਰ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਹਵਾਈ ਕਿਰਾਏ ਵਧਣ ਕਾਰਨ ਯਾਤਰੀ ਰੇਲ ਗੱਡੀਆਂ ਰਾਹੀਂ ਸਫ਼ਰ ਕਰਨ ਦੇ ਵਿਕਲਪ ਲੱਭ ਰਹੇ ਹਨ, ਪਰ ਉੱਥੇ ਵੀ ਰਾਹਤ ਮਿਲਣੀ ਮੁਸ਼ਕਲ ਹੋ ਰਹੀ ਹੈ। ਉੱਤਰ ਪ੍ਰਦੇਸ਼ ਤੇ ਬਿਹਾਰ ਜਾਣ ਵਾਲੀਆਂ ਕਈ ਮੁੱਖ ਰੇਲ ਗੱਡੀਆਂ ’ਚ ਲੰਮੀ ਉਡੀਕ ਸੂਚੀ ਚੱਲ ਰਹੀ ਹੈ। Diwali Flight Ticket Prices
ਕੁਝ ਗੱਡੀਆਂ ’ਚ ਉਡੀਕ ਸੂਚੀ ਵਾਲੀਆਂ ਟਿਕਟਾਂ ਵੀ ਉਪਲਬਧ ਨਾ ਹੋਣ ਕਾਰਨ ਯਾਤਰੀਆਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਰੇਲ ਗੱਡੀਆਂ ’ਚ ਕਨਫ਼ਰਮ ਟਿਕਟ ਨਾ ਮਿਲਣ ਕਾਰਨ ਲੋਕਾਂ ਕੋਲ ਮਹਿੰਗੇ ਹਵਾਈ ਸਫ਼ਰ ਜਾਂ ਬੱਸਾਂ ਰਾਹੀਂ ਲੰਮਾ ਸਫ਼ਰ ਕਰਨ ਦੇ ਵਿਕਲਪ ਬਚਦੇ ਹਨ। ਤਿਉਹਾਰਾਂ ਦੌਰਾਨ ਘਰ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਵਧਣ ਨਾਲ ਰੇਲ ਤੇ ਹਵਾਈ ਸਫ਼ਰ ਦੋਵਾਂ ਵਿੱਚ ਸੀਟਾਂ ਦੀ ਮੰਗ ਵਧ ਗਈ ਹੈ। ਯਾਤਰੀਆਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਟਿਕਟ ਬੁੱਕ ਕਰਵਾਉਣ ਤੋਂ ਪਹਿਲਾਂ ਵੱਖ-ਵੱਖ ਸਾਧਨਾਂ ਦੇ ਕਿਰਾਏ, ਸੀਟਾਂ ਦੀ ਉਪਲਬਧਤਾ ਤੇ ਯਾਤਰਾ ਦੇ ਸਮੇਂ ਦੀ ਜਾਂਚ ਕਰ ਲੈਣ, ਤਾਂ ਜੋ ਤਿਉਹਾਰਾਂ ਦੌਰਾਨ ਆਖ਼ਰੀ ਸਮੇਂ ਦੀਆਂ ਮੁਸ਼ਕਲਾਂ ਤੋਂ ਬਚਿਆ ਜਾ ਸਕੇ। Diwali Flight Ticket Prices
ਇਹ ਵੀ ਪੜ੍ਹੋ : Lal Chand Kataruchak: ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਬਠਿੰਡਾ ਅਨਾਜ ਮੰਡੀ ਦਾ ਕੀਤਾ ਦੌਰਾ