ਸੋਨੂੰ ਸੂਦ ਦੀ ਭੈਣ ਮਾਲਵੀਕਾ ਲੜੇਗੀ ਮੋਗਾ ਤੋਂ ਚੋਣ

ਅਦਾਕਾਰ ਸੋਨੂੰ ਸੂਦ ਖੁਦ ਨਹੀਂ ਉਤਰੇ ਰਾਜਨੀਤੀ ਮੈਦਾਨ ’ਚ

(ਸੱਚ ਕਹੂੰ ਨਿਊਜ਼) ਚੰਡੀਗੜ੍ਹ । ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀਆਂ ਰਾਜਨੀਤੀ ’ਚ ਆਉਣ ਦੀਆਂ ਕਾਫ਼ੀ ਲੰਮੇ ਸਮੇਂ ਚਰਚਾਵਾਂ ਸਨ ਪਰ ਅੱਜ ਉਹਨਾਂ ਆਪਣੀ ਭੈਣ ਮਾਲਵੀਕਾ ਸੂਦ ਨੂੰ ਚੋਣ ਮੈਦਾਨ ’ਚ ਉਤਾਰਨ ਦਾ ਫੈਸਲਾ ਕੀਤਾ। ਭਾਵੇਂ ਸੋਨੂੰ ਸੂਦ ਸਿੱਧੇ ਤੌਰ ’ਤੇ ਚੋਣ ਮੈਦਾਨ ’ਚ ਨਹੀਂ ਉਤਰੇ। ਮੋਗਾ ਵਿਧਾਨ ਸਭਾ ਸੀਟ ਤੋਂ ਅਗਲੇ ਸਾਲ ਹੋ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਮਾਲਵੀਕਾ ਸੂਦ ਚੋਣ ਲੜੇਗੀ। ਅੱਜ ਮੋਗਾ ’ਚ ਪ੍ਰੈੱਸ ਕਾਨਫਰੰਸ ਦੌਰਾਨ ਇਹ ਗੱਲ ਸੋਨੂੰ ਸੂਦ ਨੇ ਕਹੀ।

ਉਨ੍ਹਾਂ ਕਿਹਾ ਕਿ ਹਾਲੇ ਪਾਰਟੀ ਤੈਅ ਨਹੀਂ ਹੈ ਪਰ ਉਹ ਛੇਤੀ ਹੀ ਇਸ ’ਤੇ ਫੈਸਲਾ ਹੋ ਜਾਵੇਗਾ ਉਨ੍ਹਾਂ ਖੁਦ ਰਾਜਨੀਤੀ ’ਚ ਆਉਣ ਦੇ ਸਵਾਲ ’ਤੇ ਕਿਹਾ ਕਿ ਉਹ ਪਹਿਲਾਂ ਆਪਣੀ ਭੈਣ ਮਾਲਵੀਕਾ ਨੂੰ ਚੋਣਾਂ ’ਚ ਉਤਾਰਨਗੇ ਉਸ ਤੋਂ ਅੱਗੇ ਕਦਮ ਵਧਾਉਦੇ ਜਾਵਾਂਗੇ। ਜ਼ਿਕਰਯੋਗ ਹੈ ਕਿ ਸੋਨੂੰ ਸੂਦ ਦੀ ਭੈਣ ਮਾਲਵੀਕਾ ਸੂਦ ਮੋਗਾ ’ਚ ਖੂਸ ਸਰਗਰਮ ਹਨ ਤੇ ਉਹ ਮੋਗਾ ਤੋਂ ਪੰਜਾਬ ਵਿਧਾਨ ਸਭਾ ਚੋਣ ਲੜਨ ਲਈ ਪੂਰੀ ਤਰ੍ਹਾਂ ਤਿਆਰ ਹਨ।

ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਲਈ ਉਤਸ਼ਾਹਿਤ ਹੈ ਤੇ ਸਮਾਂ ਆਉਣ ’ਤੇ ਛੇਤੀ ਹੀ ਪਾਰਟੀ ਬਾਰੇ ਦੱਸ ਦਿੱਤਾ ਜਾਵੇਗਾ ਇਹ ਦੱਸਣਯੋਗ ਹੈ ਕਿ ਸੋਨੂੰ ਸੂਦ ਦੀਆਂ ਪਹਿਲਾਂ ਆਮ ਆਦਮੀ ਪਾਰਟੀ ’ਚ ਜਾਣ ਦੀਆਂ ਚਰਚਾਵਾਂ ਸਨ ਤੇ ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਵੀ ਕੀਤੀ ਸੀ। ਇਸ ਤੋਂ ਇਲਾਵਾ ਦੋ ਦਿਨ ਪਹਿਲਾਂ ਸੋਨੂੰ ਸੂਦ ਚੰੰਡੀਗੜ੍ਹ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲੇ ਸਨ ਪਰ ਇਸ ਮੁਲਾਕਾਤ ਸਬੰਧੀ ਸੋਨੂੰ ਸੂਦ ਨੇ ਕੁਝ ਨਹੀਂ ਦੱਸਿਆ ਹਾਲਾਂਕਿ ਉਨ੍ਹਾਂ ਆਪਣੇ ਲਈ ਸਿਆਸਤ ਦਾ ਰਸਤਾ ਖੁੱਲ੍ਹਾ ਹੋਣ ਦੀ ਗੱਲ ਜ਼ਰੂਰ ਕਹੀ ਸੀ।

ਆਮ ਆਦਮੀ ਪਾਰਟੀ ਨੂੰ ਪੰਜਾਬ ’ਚ ਮੁੱਖ ਮੰਤਰੀ ਚਿਹਰੇ ਦੀ ਤਲਾਸ਼

ਆਮ ਆਦਮੀ ਪਾਰਟੀ ਨੂੰ ਪੰਜਾਬ ’ਚ ਮੁੱਖ ਮੰਤਰੀ ਚਿਹਰੇ ਦੀ ਤਲਾਸ਼ ਹੈ ਚਰਚਾ ਸੀ ਕਿ ਸੋਨੂੰ ਸੂਦ ਕਿਤੇ ਉਹ ਚਿਹਰਾ ਨਾ ਹੋਣ ਕਿਉਕਿ ਸੂਦ ਨੂੰ ਦਿੱਲੀ ਸਰਕਾਰ ਨੇ ਆਪਣਾ ਬ੍ਰਾਂਡ ਐਬੰਸਡਰ ਵੀ ਬਣਾਇਆ ਹੈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੌਦੀਆ ਨੇ ਕੋਰੋਨਾ ’ਚ ਕਾਲ ’ਚ ਸੋਨੂੰ ਸੂਦ ਦੇ ਕੀਤੇ ਕੰਮਾਂ ਦੀ ਖੂਬ ਸ਼ਲਾਘਾ ਵੀ ਕੀਤੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ