ਇਤਿਹਾਸ ਨੂੰ ਮਿਹਨਤੀ ਹੱਥਾਂ ਨਾਲ ਲਿਖਣ ਵਾਲੀ ਪੀ.ਸੀ.ਐਸ. ਟਾਪਰ, ਉਪਿੰਦਰਜੀਤ ਕੌਰ ਬਰਾੜ

ਇਤਿਹਾਸ ਨੂੰ ਮਿਹਨਤੀ ਹੱਥਾਂ ਨਾਲ ਲਿਖਣ ਵਾਲੀ ਪੀ.ਸੀ.ਐਸ. ਟਾਪਰ, ਉਪਿੰਦਰਜੀਤ ਕੌਰ ਬਰਾੜ

ਉਪਿੰਦਰਜੀਤ ਕੌਰ ਦੇ ਪੈਦਾ ਹੋਣ ਸਮੇਂ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ ਕਿ ਇਹ ਲੜਕੀ ਵੱਡੀ ਹੋ ਕੇ ਸਮਾਲਸਰ ਪਿੰਡ ਦਾ ਨਾਂਅ ਪੂਰੇ ਭਾਰਤ ਵਿੱਚ ਧਰੂ ਤਾਰੇ ਵਾਂਗ ਚਮਕਾ ਦੇਵੇਗੀ। ਸਮੁੱਚੇ ਖਿੱਤੇ ਵਿੱਚ ਉਪਿੰਦਰਜੀਤ ਦੇ ਨਾਂਅ ਦੀ ਘਰ-ਘਰ ਚਰਚਾ ਛਿੜ ਪਵੇਗੀ।
ਤਿੱਖੜ ਗਰਮੀ ਵਾਲੀ 18 ਜੂਨ ਦੀ ਤਪਦੀ ਸ਼ਾਮ ਨੂੰ ਸਮਾਲਸਰ ਵਾਸੀਆਂ ਅਤੇ ਜਾਣਕਾਰਾਂ ਵਾਲਿਆਂ ਦੇ ਸੀਨੇ ਉਸ ਵੇਲੇ ਖੁਸ਼ੀ ਵਿੱਚ ਠੰਢੇ- ਠਾਰ ਹੋ ਗਏ

ਜਦ ਪਿੰਡ ਸਮਾਲਸਰ ਦੀ ਬੇਟੀ ਉਪਿੰਦਰਜੀਤ ਕੌਰ ਬਰਾੜ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਕੰਡਕਟ ਕੀਤੀ ਗਈ ਪ੍ਰੀਖਿਆ ਪੰਜਾਬ ਸਿਵਲ ਸਰਵਿਸਜ਼ (ਕੰਬਾਇਨਡ ਐਗਜਾਮੀਨੇਸ਼ਨ-2020) ਵਿਚੋਂ ਪਹਿਲੀ ਵਾਰ ਵਿੱਚ ਪੂਰੇ ਪੰਜਾਬ ਵਿੱਚੋਂ ਅੱਵਲ ਰਹਿ ਕੇ (ਮੇਨ ਐਗਜਾਮ ਵਿਚੋਂ 790 ਅੰਕ, ਇੰਟਰਵਿਊ ਵਿਚੋਂ 108.15 ਅਤੇ ਕੁੱਲ 898.15 ਅੰਕ 59.88% ਲੈ ਕੇ) ਪਿੰਡ ਸਮਾਲਸਰ ਦਾ ਨਾਂਅ ਪੰਜਾਬ ਵਿੱਚ ਹੀ ਨਹੀਂ ਬਲਕਿ ਭਾਰਤ ਵਿੱਚ ਵੀ ਚਮਕਾਇਆ।

4 ਅਪਰੈਲ 1997 ਨੂੰ ਪਿਤਾ ਸਵਰਨ ਸਿੰਘ ਬਰਾੜ ਅਤੇ ਮਾਤਾ ਬਲਜੀਤ ਕੌਰ (ਦੋਨੋਂ ਸਰਕਾਰੀ ਅਧਿਆਪਕ) ਦੇ ਘਰ ਪੈਦਾ ਹੋਈ ਉਪਿੰਦਰਜੀਤ ਕੌਰ ਬਚਪਨ ਤੋਂ ਹੀ ਹੁਸ਼ਿਆਰ ਹੋਣ ਦੇ ਨਾਲ-ਨਾਲ ਕੁੱਝ ਵੱਖਰਾ ਕਰਨ ਦੀ ਇੱਛਾ ਰੱਖਦੀ ਸੀ। ਏਸੇ ਕਰਕੇ ਮਾਂ-ਬਾਪ ਨੇ ਬੇਟੀ ਦੇ ਦਿਲ ਦੇ ਕੈਨਵਸ ’ਤੇ ਪੀ. ਸੀ. ਐਸ. ਅਫ਼ਸਰ ਬਣਨ ਦੇ ਨਕਸ਼ ਉੱਕਰ ਦਿੱਤੇ ਤਾਂ ਹੀ ਉਪਿੰਦਰਜੀਤ ਬੜੇ ਮਾਣ ਨਾਲ ਦੱਸਦੀ ਹੈ ਕਿ ਮੇਰੀ ਇਸ ਮਾਣਮੱਤੀ ਪ੍ਰਾਪਤੀ ਦੇ ਪਿੱਛੇ ਮੇਰੇ ਪਾਪਾ ਸ. ਸਵਰਨ ਸਿੰਘ ਬਰਾੜ ਅਤੇ ਮਾਤਾ ਬਲਜੀਤ ਕੌਰ ਦੀ ਅਣਥੱਕ ਮਿਹਨਤ, ਸਿਰੜ ਅਤੇ ਚੰਗੀ ਪ੍ਰੇਰਨਾ ਨੇ ਮੈਥੋਂ ਇਹ ਵਡੇਰਾ ਕਾਰਜ ਕਰਵਾਇਆ ਹੈ।

ਪਿਤਾ ਨੂੰ ਆਪਣਾ ਰੋਲ-ਮਾਡਲ/ਆਦਰਸ਼ ਮੰਨਣ ਵਾਲੀ ਇਕਲੌਤੀ ਬੇਟੀ ਨੂੰ ਦਰਅਸਲ ਉਸਦੇ ਮਾਤਾ-ਪਿਤਾ ਨੇ ਉੱਡਣ ਲਈ ਬਹੁਤ ਵੱਡਾ ਅੰਬਰ ਦਿੱਤਾ ਸੀ ਅਤੇ ਉਪਿੰਦਰਜੀਤ ਨੇ ਆਪਣੀ ਮਿਹਨਤ ਨਾਲ਼ ਅੰਬਰ ਤੋਂ ਵਡੇਰੀ ਪਰਵਾਜ਼ ਭਰ ਕੇ ਅੰਬਰ ਨੂੰ ਛੂੰਹਦੇ ਹੋਏ ਸਫ਼ਲਤਾ ਦੇ ਅਸਲੀਅਤ ਭਰੇ ਮਾਇਨੇ ਸਿਰਜ ਕੇ ਸਮਾਲਸਰ ਵਾਸੀਆਂ, ਮਾਪਿਆਂ, ਅਧਿਆਪਕਾਂ, ਪਤਵੰਤਿਆਂ ਤੇ ਜਾਣਕਾਰਾਂ ਨੂੰ ਬਹੁਤ ਵੱਡੀ ਖੁਸ਼ੀ ਦਿੱਤੀ ਹੈ।

ਅੱਜ ਉਸਨੇ ਸਾਰੇ ਮਾਪਿਆਂ ਦੇ ਮਰ ਰਹੇ ਜਾਂ ਅਧਮੋਏ ਸੁਪਨਿਆਂ ਨੂੰ ਪਰ ਲਾ ਕੇ ਜ਼ਿੰਦਗੀ ਨੂੰ ਨਵੇਂ ਅਰਥ ਦੇ ਕੇ ਸਮਾਲਸਰ ਦੀ ਪਹਿਲੀ ਤੇ ਮੋਗੇ ਜ਼ਿਲ੍ਹੇ ਵਿਚੋਂ ਸਭ ਤੋਂ ਛੋਟੀ (ਸਿਰਫ਼ 24 ਸਾਲ) ਉਮਰ ਦੀ ਪੀ. ਸੀ. ਐਸ. ਅਫ਼ਸਰ ਬਣਨ ਦਾ ਮਾਣ ਹਾਸਲ ਕੀਤਾ ਹੈ। ਉਸਨੇ ਇਤਿਹਾਸ ਨੂੰ ਮਿਹਨਤ ਨਾਲ਼ ਸਾਬਤ ਕਦਮੀਂ ਚੱਲ ਕੇ ਸੁਨਹਿਰੀ ਅੱਖਰਾਂ ਨਾਲ਼ ਸਿਰਜਿਆ ਹੈ। ਜ਼ਿੰਦਗੀ ਨੂੰ ਨਵਾਂ ਮੁਹਾਜ਼ ਦੇ ਕੇ ਹੋਰ ਬੇਟੀਆਂ ਦੀ ਸਫ਼ਲਤਾ ਲਈ ਰਾਹ ਪੱਧਰਾ ਤੇ ਮੋਕਲਾ ਕੀਤਾ ਹੈ।

ਉਸਨੇ ਜ਼ਿੰਦਗੀ ਨੂੰ ਨਵੇਂ ਜਾਵੀਏ ਤੋਂ ਵੇਖਣ-ਪਰਖਣ ਦਾ ਕਾਰਜ ਕੀਤਾ ਹੈ। ਸਿਵਲ ਸਰਵਿਸਜ਼ ਅਫ਼ਸਰ ਬਣਨ ਦੀ ਸ਼ੁਰੂ ਤੋਂ ਇੱਛਾ ਰੱਖਣ ਵਾਲੀ ਉਪਿੰਦਰਜੀਤ ਨੇ ਦਸਵੀਂ ਦੀ ਪੜ੍ਹਾਈ ਗੁਆਂਢੀ ਪਿੰਡ ਦੇ ਸੰਤ ਮੀਹਾਂ ਸਿੰਘ ਰਾਜਾ ਪੀਰ ਸੀਨੀਅਰ ਸੈਕੰਡਰੀ ਸਕੂਲ, ਰਾਜਿਆਣਾ ਤੋਂ 91 ਫੀਸਦੀ ਅਤੇ ਬਾਰਵੀਂ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ, ਜਿਉਣਵਾਲਾ (ਫਰੀਦਕੋਟ) ਤੋਂ 90 ਫੀਸਦੀ ਅੰਕ ਲੈ ਕੇ ਪੂਰੀ ਕੀਤੀ। ਬੀ.ਐਸ. ਸੀ. ਜੋਲੋਜ਼ੀ ਅਤੇ ਐਮ. ਐਸ. ਸੀ. ਜੋਲੋਜ਼ੀ (ਦੋਹੇਂ ਆਨਰਜ਼) ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਗ੍ਰਹਿਣ ਕਰਦਿਆਂ ਨਵੇਂ ਗਿਆਨਵਰਧਕ ਤਜ਼ਰਬੇ ਹਾਸਲ ਕੀਤੇ।

ਐਮ. ਐਸ. ਸੀ. ਦੌਰਾਨ ਜੋ ਥੀਸਜ ਉਪਿੰਦਰ ਨੇ ਮਿਹਨਤ ਤੇ ਖੋਜ ਕਰਕੇ ਲਿਖਿਆ ਉਸ ਨੇ ਇਸਦੀ ਪਹਿਚਾਣ ਸਾਥੀਆਂ ਅਤੇ ਪ੍ਰੋਫੈਸਰਾਂ ਵਿੱਚ ਦੁੱਗਣੀ ਬਣਾ ਦਿੱਤੀ ਜਿਸ ਦੀ ਬਦੌਲਤ ਉਪਿੰਦਰ ਦੀ ਖੋਜ ਆਧਾਰਿਤ ਕੰਮ ਤੇ ਮਿਹਨਤ ਕਰਨ ਦੀ ਆਦਤ ਹੋਰ ਪਕੇਰੀ ਹੋ ਗਈ ਅਤੇ ਉਪਿੰਦਰਜੀਤ ਦੀ ਵਿਦਵਤਾ ਦੂਰ-ਦੂਰ ਤੱਕ ਫੈਲ ਗਈ। ਸੋਸ਼ਲ ਮੀਡੀਏ ਤੋਂ ਦੂਰੀ ਬਣਾ ਕੇ ਰੱਖਣ ਵਾਲੀ ਉਪਿੰਦਰਜੀਤ ਨੇ ਆਪਣੀ ਪੀ. ਸੀ. ਐਸ. ਦੀ ਪ੍ਰੀਖਿਆ ਦੀ ਤਿਆਰੀ (ਸੈਲਫ ਸਟੱਡੀ ਇੱਕ ਸਾਲ ਵਿੱਚ ਅੱਠ ਤੋਂ ਪੰਦਰਾਂ ਘੰਟੇ ) ਘਰ ਰਹਿ ਕੇ ਕੀਤੀ ।

ਮੁੰਡੇ ਅਤੇ ਕੁੜੀ ਵਿੱਚ ਕੋਈ ਫ਼ਰਕ ਨਾ ਕਰਨ ਵਾਲੀ ਉਪਿੰਦਰਜੀਤ ਦਾ ਸੁਪਨਾ ਹੈ ਕਿ ਜੇਕਰ ਸਾਰੇ ਮਾਪੇ ਬੇਟੀਆਂ ਨੂੰ ਮੌਲਣ ਲਈ ਆਜ਼ਾਦ ਫ਼ਿਜ਼ਾ ਵਿੱਚ ਛੱਡ ਕੇ ਉਹਨਾਂ ਦਾ ਸਾਥ ਦੇਣ ਤਾਂ ਸਾਡੇ ਸਮਾਜ ਦਾ ਚੌਗਿਰਦਾ ਹੋਰ ਸੁਹਾਵਣਾ ਤੇ ਖੂਬਸੂਰਤ ਹੋ ਸਕਦਾ ਹੈ। ਉਪਿੰਦਰਜੀਤ ਦਾ ਮੰਨਣਾ ਹੈ ਜ਼ਿਆਦਾਤਰ ਲੜਕੀਆਂ ਨੂੰ ਉੱਚੇਰੀ ਸਿੱਖਿਆ ਪ੍ਰਾਪਤ ਕਰਨ ਦਾ ਸਹੀ ਢੰਗ ਨਾਲ਼ ਮੌਕਾ ਨਹੀਂ ਮਿਲਦਾ ਜਾਂ ਉਹਨਾਂ ਨੂੰ ਜਲਦੀ ਪੜ੍ਹਾਈ ਤੋਂ ਪਾਸੇ ਕਰ ਦਿੱਤਾ ਜਾਂਦਾ ਹੈ ਜਿਸ ਕਰਕੇ ਸਾਡਾ ਸਮਾਜ ਪਛੜ ਰਿਹਾ ਹੈ।

ਸਾਦਗੀ ਦਾ ਮੁਜੱਸਮਾ ਉਪਿੰਦਰਜੀਤ ਨੇ ਕੈਨੇਡਾ ਦੀ ਲੱਗੀ ਫਾਈਲ ਇਸ ਕਰਕੇ ਠੁਕਰਾ ਦਿੱਤੀ ਤਾਂ ਕਿ ਉਹ ਸਾਡੇ ਸਮਾਜ ਰੂਪੀ ਬਿਰਖ ਨੂੰ ਚਿੰਬੜੇ ਕੁਰੀਤੀਆਂ ਭਰੇ ਲੇਹੇ ਨੂੰ ਲਾਹੁਣ ਦਾ ਯਤਨ ਕਰਦੇ ਹੋਏ ਲੋਕਾਂ ਨੂੰ ਜਾਗਰੂਕ ਕਰਕੇ ਆਪਣਾ ਦੇਸ਼ ਛੱਡ ਕੇ ਬਾਹਰ ਜਾਣ ਦੀ ਲੱਗੀ ਹੋੜ ਨੂੰ ਰੋਕਣ ਲਈ ਮਿਸਾਲ ਕਾਇਮ ਕਰ ਸਕੇ।

ਸ਼ਾਲਾ! ਦੁਆ ਕਰਦਾ ਹਾਂ ਉਪਿੰਦਰਜੀਤ ਆਪਣੀ ਪਹਿਲਾਂ ਦੀ ਜ਼ਿੰਦਗੀ ਦੀ ਤਰ੍ਹਾਂ ਸਾਡੇ ਸਮਾਜ ਲਈ ਚਾਨਣ ਮੁਨਾਰਾ ਬਣ ਕੇ ਉੱਭਰੇ ਤੇ ਹਨ੍ਹੇਰੇ ਘਰਾਂ ਦੇ ਚਿਰਾਗ ਰੌਸ਼ਨ ਕਰਦੀ ਰਹੇ। ਉਪਿੰਦਰਜੀਤ ਤੇਰੀ ਜਨਮ ਭੂਮੀ ਸਮਾਲਸਰ ਨੂੰ ਤੇਰੇ ’ਤੇ ਬਹੁਤ ਮਾਣ ਹੈ!!!!!
ਚਰਨਜੀਤ ਸਮਾਲਸਰ
(ਹੈੱਡਮਾਸਟਰ)
ਕੇਵਲ ਸਿੰਘ ਸਰਕਾਰੀ ਹਾਈ ਸਕੂਲ, ਸੇਖਾ ਕਲਾਂ (ਮੋਗਾ)
ਮੋ. 98144-00878

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ