ਸਿੱਧੂ ਮੂਸੇਵਾਲਾ ਕਤਲ ਮਾਮਲਾ : ਮਾਪਿਆਂ ਨੇ ਜਿਸ ’ਤੇ ਵੀ ਕੀਤਾ ਸ਼ੱਕ, ਉਸ ਨੂੰ ਬੁਲਾ ਕੇ ਕੀਤੀ ਪੁੱਛਗਿੱਛ : ਐਸਐਸਪੀ

Sidhu Moosewala

ਮਾਨਸਾ (ਸੁਖਜੀਤ ਮਾਨ)। ਸਿੱਧੂ ਮੂਸੇ ਵਾਲਾ ਕਤਲ ਮਾਮਲੇ ’ਚ ਇਨਸਾਫ਼ ਨਾ ਮਿਲਣ ਕਾਰਨ ਸਿੱਧੂ ਦੇ ਮਾਪਿਆਂ ਵੱਲੋਂ ਅੱਜ ਵਿਧਾਨ ਸਭਾ ਦੇ ਬਾਹਰ ਧਰਨਾ ਲਗਾ ਕੇ ਇਨਸਾਫ ਦੀ ਮੰਗ ਸਬੰਧੀ ਪੁੱਛੇ ਸਵਾਲ ਦੇ ਜਵਾਬ ’ਚ ਐਸਐਸਪੀ ਮਾਨਸਾ ਡਾ. ਨਾਨਕ ਸਿੰਘ ਨੇ ਕਿਹਾ ਕਿ ਇਸ ਮਾਮਲੇ ’ਚ ਹੁਣ ਤੱਕ 29 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਜਦੋਂਕਿ 6 ਜਣੇ ਦੇਸ਼ ’ਚੋਂ ਬਾਹਰ ਹਨ। ਸਿੱਧੂ ਦੇ ਮਾਪਿਆਂ ਵੱਲੋਂ ਜਿਸ ’ਤੇ ਵੀ ਇਸ ਕਤਲ ਸਬੰਧੀ ਸ਼ੱਕ ਕੀਤਾ ਗਿਆ, ਸਭ ਨੂੰ ਬੁਲਾ ਕੇ ਪੁੱਛਗਿੱਛ ਕੀਤੀ ਗਈ ਤੇ ਉਸ ਤੋਂ ਇਲਾਵਾ ਪੁਲਿਸ ਨੇ ਆਪਣੇ ਪੱਧਰ ’ਤੇ ਵੀ ਪੁੱਛਗਿੱਛ ਕੀਤੀ ਹੈ। ਮਾਮਲੇ ਦੀ ਜਾਂਚ ਹਾਲੇ ਮੁਕੰਮਲ ਨਹੀਂ ਹੋਈ, ਜੋ ਲਗਾਤਾਰ ਜਾਰੀ ਹੈ।

29 ਜਣਿਆਂ ਨੂੰ ਕੀਤਾ ਜਾ ਚੁੱਕਾ ਹੈ ਗ੍ਰਿਫ਼ਤਾਰ, 6 ਦੇਸ਼ ’ਚੋਂ ਬਾਹਰ

ਐਸਐਸਪੀ ਨੇ ਦੱਸਿਆ ਕਿ ਸਿੱਧੂ ਮੂਸੇ ਵਾਲਾ ਕਤਲ ਮਾਮਲੇ ’ਚ ਜੋ 6 ਜਣੇ ਬਾਹਰ ਹਨ, ਉਨ੍ਹਾਂ ਸਬੰਧੀ ਵੀ ਕਾਰਵਾਈ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਸਚਿਨ ਬਿਸ਼ਨੋਈ ਤੇ ਗੋਲਡੀ ਬਰਾੜ ਬਾਰੇ ਕਾਫੀ ਸਰਗਰਮੀ ਨਾਲ ਕੰਮ ਕੀਤਾ ਜਾ ਰਿਹਾ ਹੈ, ਜੋ ਮੁਲਜ਼ਮ ਦੇਸ ’ਚ ਸੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਇਲਾਵਾ ਵਾਰਦਾਤ ਦੌਰਾਨ ਵਰਤੀਆਂ ਗੱਡੀਆਂ ਤੇ ਹਥਿਆਰ ਵੀ ਬਰਾਮਦ ਕਰ ਲਏ ਗਏ ਹਨ। ਇਸ ਤੋਂ ਇਲਾਵਾ ਦੋ ਮੁੱਖ ਸ਼ੂਟਰ ਅਮ੍ਰਿਤਸਰ ਕੋਲ ਇਨਕਾਊਂਟਰ ’ਚ ਮਾਰੇ ਗਏ ਸੀ।

ਉਨ੍ਹਾਂ ਦੁਹਰਾਇਆ ਕਿ ਜੋ ਦੇਸ਼ ’ਚੋਂ ਬਾਹਰ ਮੁਲਜ਼ਮ ਹਨ ਉਨ੍ਹਾਂ ਲਈ ਜਲਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਇੱਥੇ ਲਿਆ ਕੇ ਅਦਾਲਤ ’ਚ ਪੇਸ਼ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ । ਸਿੱਧੂ ਦੇ ਪਿਤਾ ਬਲਕੌਰ ਸਿੰਘ ਵੱਲੋਂ ਸੁਰੱਖਿਆ ਵਾਪਿਸ ਲੈਣ ਦੀ ਗੱਲ ਵਾਇਰਲ ਕਰਨ ਵਾਲਿਆਂ ਖਿਲਾਫ਼ ਕੋਈ ਕਾਰਵਾਈ ਨਾ ਕੀਤੇ ਜਾਣ ਸਬੰਧੀ ਪੁੱਛੇ ਜਾਣ ’ਤੇ ਐਸਐਸਪੀ ਨੇ ਕਿਹਾ ਕਿ ਸਿੱਧੂ ਕਤਲ ਮਾਮਲੇ ’ਚ ਦਰਜ਼ ਐਫਆਈਆਰ ਨੰਬਰ 103 ’ਚ ਜਿੰਨ੍ਹਾ ਵਿਅਕਤੀਆ ਦਾ ਕੋਈ ਵੀ ਰੋਲ ਹੋਵੇਗਾ, ਉਨ੍ਹਾਂ ਸਭ ’ਤੇ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਸਿੱਧੂ ਦੇ ਮਾਪਿਆਂ ਵੱਲੋਂ ਜਿੰਨ੍ਹਾਂ ’ਤੇ ਵੀ ਸ਼ੱਕ ਪ੍ਰਗਟਾਇਆ ਗਿਆ ਉਨ੍ਹਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਜਿਸ ਤਹਿਤ ਹੀ ਗਾਇਕ ਬੱਬੂ ਮਾਨ ਤੇ ਮਨਕੀਰਤ ਔਲਖ ਤੋਂ ਇਲਾਵਾ ਅਜੇਪਾਲ ਮਿੱਡੂਖੇੜਾ ਤੇ ਪ੍ਰੇਮ ਢਿੱਲੋਂ ਨੂੰ ਵੀ ਬੁਲਾਇਆ ਗਿਆ ਸੀ।

ਇੱਕ ਸਵਾਲ ਦੇ ਜਵਾਬ ’ਚ ਐਸਐਸਪੀ ਨੇ ਦੱਸਿਆ ਕਿ ਸਿੱਧੂ ਦੇ ਮਾਪਿਆਂ ਵੱਲੋਂ ਜੋ ਅੱਜ ਵਿਧਾਨ ਸਭਾ ਬਾਹਰ ਧਰਨੇ ਦੌਰਾਨ ਬਲਤੇਜ ਪੰਨੂ ਵਾਲਾ ਪੋਸਟਰ ਚੁੱਕਿਆ ਹੋਇਆ ਹੈ, ਹਾਲੇ ਜਾਂਚ ਚੱਲ ਰਹੀ ਹੈ, ਜਿਸਦਾ ਵੀ ਕੋਈ ਰੋਲ ਹੋਵੇਗੀ ਸਭ ਨੂੰ ਤਫ਼ਤੀਸ਼ ’ਚ ਸ਼ਾਮਿਲ ਕੀਤਾ ਜਾਵੇਗਾ। ਗੋਲਡੀ ਬਰਾੜ ਸਬੰਧੀ ਪੁੱਛੇ ਸਵਾਲ ਦੇ ਜਵਾਬ ’ਚ ਉਨ੍ਹਾਂ ਦੱਸਿਆ ਕਿ ਉਸ ਨੂੰ ਭਾਰਤ ਲਿਆਉਣ ਸਬੰਧੀ ਪੰਜਾਬ ਤੇ ਕੇਂਦਰ ਸਰਕਾਰ ਵੱਲੋਂ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ ਤੇ ਛੇਤੀ ਹੀ ਗੋਲਡੀ ਨੂੰ ਇੱਥੇ ਲਿਆਂਦਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ