ਨਹੀਂ ਝੁਕੇ ਸਿੱਧੂ, ਨਜਾਇਜ਼ ਉਸਾਰੀਆਂ ਢਹਿਣਗੀਆਂ

Sidhu, Bajwa's, Sindhu, Tripta, Bajwa, Make,Separate, Re-Policy

ਸੁਨੀਲ ਜਾਖੜ ਦਾ ਸਮਰਥਨ ਮਿਲਣ ਤੋਂ ਬਾਅਦ ਹੌਂਸਲੇ ‘ਚ ਨਵਜੋਤ ਸਿੱਧੂ

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਜਲੰਧਰ ਵਿਖੇ ਨਜਾਇਜ਼ ਉਸਾਰੀਆਂ ਨੂੰ ਢਾਹੁਣ ਤੋਂ ਬਾਅਦ ਪੈਦਾ ਹੋਏ ਵਿਵਾਦ ਬਾਰੇ ਨਵਜੋਤ ਸਿੱਧੂ ਨੇ ਮੁੜ ਤੋਂ ਆਪਣਾ ਸਟੈਂਡ ਸਾਫ਼ ਕਰ ਦਿੱਤਾ ਹੈ ਕਿ ਭਾਵੇਂ ਕੋਈ ਵਿਧਾਇਕ ਨਰਾਜ਼ ਹੋਵੇ ਪਰ ਉਨ੍ਹਾਂ ਵੱਲੋਂ ਸ਼ੁਰੂ ਕੀਤੀ ਗਈ ਨਜਾਇਜ਼ ਉਸਾਰੀਆਂ ਖ਼ਿਲਾਫ਼ ਕਾਰਵਾਈ ਰੁਕਣ ਦੀ ਥਾਂ ‘ਤੇ ਪਹਿਲਾਂ ਨਾਲੋਂ ਤੇਜ ਹੋਵੇਗੀ। ਸਿੱਧੂ ਨੇ ਸਾਫ਼ ਕਿਹਾ ਕਿ ਜੇਕਰ ਕਿਸੇ ਵਿਧਾਇਕ ਨੂੰ ਕੋਈ ਮੁਸ਼ਕਲ ਹੈ ਜਾਂ ਫਿਰ ਗੱਲ ਕਰਨੀ ਹੈ ਤਾਂ ਸਿੱਧੇ ਉਨ੍ਹਾਂ ਨੂੰ ਆ ਕੇ ਮਿਲਣ ਨਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲ ਉਨ੍ਹਾਂ ਦੀ ਸ਼ਿਕਾਇਤ ਕਰਨ।

ਦੂਜੇ ਪਾਸੇ ਨਵਜੋਤ ਸਿੱਧੂ ਤੋਂ ਨਰਾਜ਼ ਵਿਧਾਇਕਾਂ ਦੀ ਮੀਟਿੰਗ ਰੱਦ ਹੋਣ ਕਾਰਨ ਤਿੰਨੇ ਵਿਧਾਇਕ ਅਤੇ ਸੰਸਦ ਮੈਂਬਰ ਵਾਪਸ ਜਲੰਧਰ ਪਰਤ ਗਏ ਹਨ ਅਤੇ ਹੁਣ ਉਹ ਵੀਰਵਾਰ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਆਪਣੀ ਗੱਲ ਰੱਖਣਗੇ। ਦਿੱਲੀ ਵਿਖੇ ਗਏ ਨਵਜੋਤ ਸਿੱਧੂ ਨੇ ਰਾਹੁਲ ਗਾਂਧੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਉਨਾਂ ਨਾਲ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਮੌਜੂਦ ਸਨ। ਇਸ ਤੋਂ ਬਾਅਦ ਹੀ ਨਵਜੋਤ ਸਿੱਧੂ ਮੁੜ ਤੋਂ ਤਿੱਖੇ ਤੇਵਰ ਵਿੱਚ ਨਜ਼ਰ ਆਏ। ਜਿਸ ਤੋਂ ਲਗ ਰਿਹਾ ਸੀ ਕਿ ਸੁਨੀਲ ਜਾਖੜ ਜਾਂ ਫਿਰ ਦਿੱਲੀ ਹਾਈ ਕਮਾਨ ਵਲੋਂ ਉਨਾਂ ਨੂੰ ਇਸ ਤਰਾਂ ਦੀ ਕਾਰਵਾਈ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ।

ਨਵਜੋਤ ਸਿੱਧੂ ਨੇ ਕਿਹਾ ਕਿ ਉਨਾਂ ਦੀ ਰਾਹੁਲ ਗਾਂਧੀ ਨਾਲ ਜਲੰਧਰ ਦੇ ਮੁੱਦੇ ‘ਤੇ ਕੋਈ ਗਲ ਨਹੀਂ ਹੋਈ ਹੈ, ਉਹ ਤਾਂ ਸਿਰਫ਼ ਵਧਾਈ ਦੇਣ ਲਈ ਹੀ ਆਏ ਹੋਏ ਸਨ। ਉਨਾਂ ਕਿਹਾ ਕਿ ਜਿਥੇ ਉਨਾਂ ਵਲੋਂ ਨਾਜਾਇਜ਼ ਉਸਾਰੀ ਢਾਹੀ ਗਈ ਹੈ, ਉਥੇ ਕੋਈ ਵੀ ਰਿਹਾਇਸ਼ ਨਹੀਂ ਸੀ। ਉਨਾਂ ਕਿਹਾ ਕਿ ਕੁਝ ਵੱਡੇ ਲੋਕਾਂ ਦਾ ਗਿਰੋਹ ਪਹਿਲਾਂ ਜਮੀਨ ਖਰੀਦ ਕੇ ਨਾਜਾਇਜ਼ ਨਿਰਮਾਣ ਕਰਵਾ ਦਿੰਦਾ ਹੈ ਅਤੇ ਮੁੜ ਤੋਂ ਸਰਕਾਰ ਤੋਂ ਰਿਆਇਤ ਲੈਣ ਲਈ ਪੁੱਜ ਜਾਂਦੇ ਹਨ। ਉਨਾਂ ਕਿਹਾ ਕਿ ਸੂਬੇ ਵਿੱਚ ਉਨਾਂ ਵਲੋਂ ਸ਼ੁਰੂ ਕੀਤਾ ਗਿਆ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਅਭਿਆਣ ਜਾਰੀ ਰਹੇਗਾ ਅਤੇ ਕਿਸੇ ਵੀ ਕੀਮਤ ‘ਤੇ ਬੰਦ ਨਹੀਂ ਹੋਏਗਾ। ਉਨਾਂ ਕਿਹਾ ਕਿ ਜੇਕਰ ਵਿਧਾਇਕ ਸੁਸ਼ੀਲ ਰਿੰਕੂ ਨੂੰ ਕੋਈ ਦਿੱਕਤ ਹੈ ਤਾਂ ਉਹ ਉਨਾਂ ਨਾਲ ਆ ਕੇ ਗੱਲ ਕਰ ਸਕਦਾ ਹੈ।