ਜ਼ੀਰਕਪੁਰ ’ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ

ਕਾਂਸਟੇਬਲ ਦੇ ਕਤਲ ’ਚ ਸ਼ਾਮਿਲ ਜੋਰਾ ਨੂੰ ਲੱਗੀਆਂ ਗੋਲੀਆਂ, ਏਟੀਜੀਐਫ ਨੇ ਕੀਤਾ ਗ੍ਰਿਫਤਾਰ

ਮੋਹਾਲੀ/ ਜ਼ੀਰਕਪੁਰ (ਐੱਮ ਕੇ ਸ਼ਾਇਨਾ)। ਪੰਜਾਬ ਦੇ ਜ਼ੀਰਕਪੁਰ ‘ਚ ਪੁਲਿਸ ਅਤੇ ਗੈਂਗਸਟਰਾਂ (Gangsters) ਵਿਚਾਲੇ ਮੁਕਾਬਲਾ ਹੋਇਆ। ਇਹ ਮੁਕਾਬਲਾ ਢਕੋਲੀ ਵਿੱਚ ਹੋਇਆ ਮੁਕਾਬਲੇ ਦੌਰਾਨ ਪੁਲਿਸ ਨੇ ਗੈਂਗਸਟਰ ਯੁਵਰਾਜ ਸਿੰਘ ਉਰਫ ਜੋਰਾ ਨੂੰ ਜ਼ਖਮੀ ਕਰ ਦਿੱਤਾ ਸੀ। ਜੋਰਾ ਕੁਝ ਦਿਨ ਪਹਿਲਾਂ ਫਗਵਾੜਾ ਵਿੱਚ ਮਾਰੇ ਗਏ ਪੁਲੀਸ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦੇ ਕਤਲ ਵਿੱਚ ਸ਼ਾਮਲ ਸੀ। ਪੁਲਿਸ ਨੂੰ ਉਸਦੇ ਇੱਥੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਪਹਿਲਾਂ ਬੀਤੇ ਸ਼ੁੱਕਰਵਾਰ ਫਿਰੋਜ਼ਪੁਰ ‘ਚ ਪੁਲਿਸ ਨਾਲ ਮੁਕਾਬਲਾ ਹੋਇਆ ਸੀ।

ਡੀਜੀਪੀ ਪੰਜਾਬ ਪੁਲਿਸ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

ਜਾਣਕਾਰੀ ਮੁਤਾਬਕ ਪੁਲਿਸ ਨੂੰ ਢਕੌਲੀ ਦੇ ਇਕ ਹੋਟਲ ‘ਚ ਗੈਂਗਸਟਰ ਹੋਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਮੌਕੇ ‘ਤੇ ਪਹੁੰਚੀ। ਆਪਸੀ ਲੜਾਈ ‘ਚ ਗੈਂਗਸਟਰ ਜੌਰਾ ਨੂੰ 2 ਗੋਲੀਆਂ ਲੱਗੀਆਂ ਅਤੇ ਉਸ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਜੋਰਾ ਦੀ ਗ੍ਰਿਫਤਾਰੀ ਦੀ ਸੂਚਨਾ ਡੀਜੀਪੀ ਪੰਜਾਬ ਪੁਲਿਸ ਨੇ ਟਵੀਟ ਕਰਕੇ ਦਿੱਤੀ।

ਦੱਸਿਆ ਜਾ ਰਿਹਾ ਹੈ ਪੰਜਾਬ ਪੁਲਿਸ ਦੇ ਏਆਈਜੀ ਸੰਦੀਪ ਗੋਇਲ ਗੈਂਗਸਟਰਾਂ ਦੀ ਗੋਲੀ ਦਾ ਸ਼ਿਕਾਰ ਹੋਣ ਤੋਂ ਵਾਲ ਵਾਲ ਬਚ ਗਏ। ਉਨ੍ਹਾਂ ਦੀ ਬੁਲੇਟ ਪਰੂਫ ਜੈਕੇਟ ਨੂੰ ਗੋਲੀ ਲੱਗੀ ਸੀ ਇਸ ਨਾਲ ਉਨ੍ਹਾਂ ਦੀ ਜਾਨ ਬਚ ਗਈ। ਗੋਇਲ ਇਸ ਕਾਰਵਾਈ ਦੀ ਅਗਵਾਈ ਕਰ ਰਹੇ ਸਨ। ਐਨਕਾਊਂਟਰ ਸਪੈਸ਼ਲਿਸਟ ਡੀਐਸਪੀ ਵਿਕਰਮ ਬਰਾੜ ਵੀ ਟੀਮ ਦਾ ਹਿੱਸਾ ਸਨ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਪੰਜਾਬ ਦੇ ਫਗਵਾੜਾ ‘ਚ ਗੈਂਗਸਟਰਾਂ ਨੇ ਕਾਂਸਟੇਬਲ ਕੁਲਦੀਪ ਬਾਜਵਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਬਾਜਵਾ ਐਸਐਚਓ ਦਾ ਗੰਨਮੈਨ ਸੀ ਅਤੇ ਕਰੇਟਾ ਗੱਡੀ ਲੁੱਟਣ ਵਾਲੇ ਅਪਰਾਧੀਆਂ ਦਾ ਪਿੱਛਾ ਕਰ ਰਿਹਾ ਸੀ। ਇਸ ਦੌਰਾਨ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਵਿੱਚ ਗੈਂਗਸਟਰ ਜੋਰਾ ਦਾ ਨਾਂਅ ਵੀ ਆ ਰਿਹਾ ਹੈ।

 ਪੰਜਾਬ ‘ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਲਗਾਤਾਰ ਹੁੰਦਾ ਆ ਰਿਹਾ ਮੁਕਾਬਲਾ

ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਤੋਂ ਪੰਜਾਬ ਪੁਲਿਸ ਗੈਂਗਸਟਰਾਂ ਖਿਲਾਫ ਪੂਰੀ ਸਖ਼ਤੀ ਦਿਖਾ ਰਹੀ ਹੈ। ਪੰਜਾਬ ਪੁਲਿਸ ਵੱਲੋਂ ਆਏ ਦਿਨ ਗੈਂਗਸਟਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਅਤੇ ਇਸ ਦੌਰਾਨ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਵੀ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਭਿੜਤ ਹੋ ਚੁੱਕੀ ਹੈ। ਪਰ ਇਸ ਮੁਕਾਬਲੇ ‘ਚ ਵੱਡੀ ਸਫਲਤਾ  ਹਾਸਲ ਕਰਦੇ ਹੋਏ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਸੀ। ਜਦਕਿ ਇਸ ਤੋਂ ਪਹਿਲਾਂ ਗੁਰਦਾਸਪੁਰ ਜ਼ਿਲੇ ਦੇ ਬਟਾਲਾ ਨੇੜੇ ਪਿੰਡ ਕੋਟਲਾ ਨੇੜੇ ਖੇਤਾਂ ‘ਚ ਪੰਜਾਬ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ ਹੋਈ ਸੀ ਅਤੇ ਇਸ ਦੌਰਾਨ ਵੀ ਪੁਲਸ ਨੇ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ‘ਚ ਵੱਡੀ ਸਫਲਤਾ ਹਾਸਲ ਕੀਤੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ