ਮੋਤੀ ਮਹਿਲ ਨੇੜੇ ਬੇਰੁਜ਼ਗਾਰਾਂ ਦੀ ਭਾਰੀ ਧੂਹ-ਘੜੀਸ, ਪੁਲਿਸ ਨੇ ਬੋਰੀਆਂ ਵਾਂਗ ਬੱਸਾਂ ’ਚ ਸੁੱਟੇ

Unemployed Sanjha Morcha Sachkahoon

ਲੜਕੀਆਂ ਨੂੰ ਵੀ ਨਹੀਂ ਬਖਸ਼ਿਆ, ਭਜਾ-ਭਜਾ ਕੀਤੇ ਅੱਡੋ-ਅੱਡ

  • ਲੜਕੇ-ਲੜਕੀਆਂ ਨੂੰ ਵੱਖ-ਵੱਖ ਥਾਣਿਆਂ ’ਚ ਡੱਕਿਆ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਤੇ ਸ਼ਹਿਰ ’ਚ ਪੁਲਿਸ ਵੱਲੋਂ ਧਰਨਕਾਰੀਆਂ ਨਾਲ ਧੱਕਾ-ਮੁੱਕੀ ਅਤੇ ਧੂਹ-ਘੜੀਸ ਆਮ ਵਰਤਾਰਾ ਹੋ ਗਿਆ ਹੈ। ਅੱਜ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਘਰ-ਘਰ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਜਦੋਂ ਮੋਤੀ ਮਹਿਲ ਨੇੜੇ ਵਾਈਪੀਐਸ ਚੌਂਕ ਤੋਂ ਮੋਤੀ ਮਹਿਲਾ ਵੱਲ ਵਧਣਾ ਚਾਹਿਆ ਤਾਂ ਪੁਲਿਸ ਵੱਲੋਂ ਲੜਕੀਆਂ ਦੀ ਕਾਫ਼ੀ ਧੂਹ-ਘੜੀਸ ਕੀਤੀ ਗਈ । ਇਸ ਦੇ ਨਾਲ ਹੀ ਬੇਰੁਜ਼ਗਾਰਾਂ ਨੂੰ ਡੰਡੇ ਦੇ ਜ਼ੋਰ ’ਤੇ ਉਥੋਂ ਭਜਾ-ਭਜਾ ਕੇ ਲੱਤਾਂ-ਬਾਹਾਂ ਤੋਂ ਘੜੀਸ ਕੇ ਬੱਸਾਂ ’ਚ ਚਾੜ੍ਹ ਕੇ ਹਿਰਾਸਤ ਵਿੱਚ ਲੈ ਲਿਆ ਗਿਆ।Unemployed Sanjha Morcha Sachkahoonਜਾਣਕਾਰੀ ਅਨੁਸਾਰ ਬੇਰੁਜ਼ਾਗਰ ਸਾਂਝੇ ਅਧਿਆਪਕ ਮੋਰਚੇ ਵੱਲੋਂ ਜਿਨ੍ਹਾਂ ’ਚ ਟੈੱਟ ਪਾਸ ਬੇਰਜ਼ਗਾਰ ਬੀ.ਐੱਡ ਅਧਿਆਪਕ ਯੂਨੀਅਨ, ਬੇਰੁਜ਼ਗਾਰ ਡੀ.ਪੀ.ਈ. (873), ਪੀ.ਟੀ.ਆਈ.(646), ਬੇਰੁਜ਼ਗਾਰ ਆਰਟ ਐੱਡ ਕਰਾਫਟ ਯੂਨੀਅਨ ਅਤੇ ਮਲਟੀਪਰਪਜ ਹੈਲਥ ਵਰਕਰ ਪਹਿਲਾਂ ਇੱਥੇ ਬਰਾਂਦਾਰੀ ਗਾਰਡਨ ਵਿਖੇ ਇਕੱਠੇ ਹੋਏ ਅਤੇ ਉਸ ਤੋਂ ਬਾਅਦ ਤਿੱਖੜ ਦੁਪਹਿਰ ’ਚ ਮੋਤੀ ਮਹਿਲਾ ਵੱਲ ਆਪਣਾ ਰੋਸ ਮਾਰਚ ਸ਼ੁਰੂ ਕਰ ਦਿੱਤਾ। ਪੁਲਿਸ ਵੱਲੋਂ ਮੋਤੀ ਮਹਿਲਾ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਹੋਇਆ ਸੀ ਅਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ। ਇਸ ਦੌਰਾਨ ਜਦੋਂ ਸਾਂਝੇ ਮੋਰਚਾ ਨਾਲ ਸਬੰਧਿਤ ਬੇਰੁਜ਼ਗਾਰ ਵਾਈਪੀਐਸ ਚੌਂਕ ਪੁੱਜੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਣਾ ਚਾਹਿਆ। ਬੇਰੁਜ਼ਗਾਰ ਅੱਗੇ ਵਧਣ ਦਾ ਯਤਨ ਕਰ ਰਹੇ ਸਨ ਤਾਂ ਪੁਲਿਸ ਤੇ ਉਨ੍ਹਾਂ ਵਿਚਕਾਰ ਜ਼ਬਰਦਸਤ ਧੱਕਾ-ਮੁੱਕੀ ਹੋਈ। ਲੜਕੀਆਂ ਜਦੋਂ ਅੱਗੇ ਵਧਣ ਲੱਗੀਆਂ ਤਾਂ ਉਨ੍ਹਾਂ ਮਹਿਲਾ ਪੁਲਿਸ ਨਾਲ ਉਨ੍ਹਾਂ ਦੀ ਝੜਪ ਵੀ ਹੋਈ।

ਇਸ ਦੌਰਾਨ ਪੁਲਿਸ ਵੱਲੋਂ ਉਨ੍ਹਾਂ ਨੂੰ ਖਿਡਾਉਣ ਲਈ ਲਾਠੀਚਾਰਜ ਵੀ ਕੀਤਾ। ਬੇਰੁਜ਼ਗਾਰ ਲੜਕੀਆਂ ਨੂੰ ਪੁਲਿਸ ਵੱਲੋਂ ਘੜੀਸ ਕੇ ਬੱਸਾਂ ਵਿੱਚ ਸੁੱਟਿਆ ਗਿਆ, ਪਰ ਲੜਕੀਆਂ ਵੱਲੋਂ ਲਗਤਾਰ ਅਮਰਿੰਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ। ਕਈ ਬੇਰੁਜ਼ਗਾਰ ਪੁਲਿਸ ਵੱਲੋਂ ਘੜੀਸਣ ਦੌਰਾਨ ਬੱਸਾਂ ਅੱਗੇ ਲੇਟ ਗਏ। ਇਸ ਮੌਕੇ ਪ੍ਰਧਾਨ ਸੁਖਵਿੰਦਰ ਸਿੰਘ ਢਿਲਵਾਂ ,ਕਿ੍ਰਸ਼ਨ ਨਾਭਾ, ਕਿਰਨ ਈਸੜਾ , ਸੁਖਦੇਵ ਜਲਾਲਾਬਾਦ , ਕਿਰਨ ਪਟਿਆਲਾ, ਬਲਕਾਰ ਬੁਢਲਾਡਾ ਸਮੇਤ ਵੱਡੀ ਗਿਣਤੀ ਵਿੱਚ ਬੇਰੁਜ਼ਗਾਰਾਂ ਦੇ ਸੱਟਾਂ ਲੱਗਣ ਦੀ ਵੀ ਖ਼ਬਰ ਹੈ।

ਸਾਂਝੇ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿਲਵਾਂ, ਜਗਸੀਰ ਸਿੰਘ , ਕਿ੍ਰਸ਼ਨ ਸਿੰਘ ਨਾਭਾ, ਰਣਬੀਰ ਨਦਾਮਪੁਰ ਆਦਿ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਪਿਛਲੀਆਂ ਵਿਧਾਨ ਸਭਾ ਦੀਆਂ ਵੋਟਾਂ ਸਮੇਂ ਹਰ ਘਰ ਰੁਜ਼ਗਾਰ ਦੇਣ ਦਾ ਨਾਅਰਾ ਦਿੱਤਾ ਸੀ ਅਤੇ ਬੇਰੁਜ਼ਗਾਰੀ ਦੀ ਹਾਲਤ ਵਿੱਚ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਸੀ। ਇਸ ਸਮੇਂ ਦੌਰਾਨ ਕਾਂਗਰਸ ਸਰਕਾਰ ਵੱਲੋਂ ਬੇਰੁਜ਼ਗਾਰਾਂ ਨਾਲ ਕੀਤੇ ਵਾਅਦੇ ਨੂੰ ਤਾਂ ਕੀ ਪੂਰਾ ਕਰਨਾ ਸੀ, ਸਗੋਂ ਜਦੋਂ ਵੀ ਬੇਰੁਜ਼ਗਾਰ ਇਕੱਠੇ ਹੋ ਕੇ ਪੰਜਾਬ ਸਰਕਾਰ ਨੂੰ ਵੋਟਾਂ ਸਮੇਂ ਕੀਤੇ ਵਾਅਦੇ ਨੂੰ ਯਾਦ ਕਰਵਾਉਣ ਲਈ ਮਹਿਲ ਵੱਲ ਜਾਂਦੇ ਹਨ ਤਾਂ ਪੁਲਿਸ ਵੱਲੋਂ ਉਨ੍ਹਾਂ ’ਤੇ ਭਿਆਨਕ ਲਾਠੀਚਾਰਜ ਕੀਤਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਸਮੁੱਚੇ ਪੰਜਾਬ ਦੇ ਬੇਰੁਜ਼ਗਾਰ ਰੁਜ਼ਗਾਰ ਪ੍ਰਾਪਤੀ ਲਈ ਸੜਕਾਂ ’ਤੇ ਉਤਰੇ ਹੋਏ ਹਨ। ਪਰ ਕੈਪਟਨ ਸਾਹਿਬ ਇਨ੍ਹਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਆਪਣੀ ਕੁਰਸੀ ਨੂੰ ਬਚਾਉਣ ਲਈ ਆਪਣੇ ਵਿਧਾਇਕਾਂ ਦੇ ਪਰਿਵਾਰਾਂ ਵਿੱਚ ਹੀ ਸਾਰੇ ਨਿਯਮਾਂ ਨੂੰ ਅੱਖੋਂ ਪਰੋਖੇ ਕਰ ਕੇ ਨੌਕਰੀਆਂ ਦੀ ਵੰਡ ਕਰ ਰਹੇ। ਪੁਲਿਸ ਵੱਲੋਂ ਬੇਰੁਜ਼ਗਾਰਾਂ ਨੂੰ ਥਾਣਾ ਭੁਨਰਹੇੜੀ ਅਤੇ ਬਾਦਸਪੁਰ ਸਮਾਣਾ ਵਿੱਚ ਡੱਕਿਆ ਹੋਇਆ ਸੀ। ਇਸ ਤੋਂ ਬਾਅਦ ਇੱਕ ਹੋਰ ਜਥੇ ਵੱਲੋਂ ਮੁੜ ਮੋਤੀ ਮਹਿਲਾ ਕੋਲ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ।

ਬੇਰੁਜ਼ਗਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਮੀਟਿੰੰਗ ਕਰਵਾਈ ਜਾਵੇ। ਸ਼ਾਮ 5 ਵਜੇ ਖ਼ਬਰ ਲਿਖੇ ਜਾਣ ਤੱਕ ਬੇਰੁਜ਼ਗਾਰਾਂ ਨੂੰ ਥਾਣਿਆਂ ’ਚ ਡੱਕਿਆ ਹੋਇਆ ਸੀ। ਇਸ ਮੌਕੇ ਗਗਨਦੀਪ ਕੌਰ, ਅਲਕਾ ਰਾਣੀ, ਹਰਬੰਸ ਦਾਨਗੜ੍ਹ, ਰਮਨ ਕੁਮਾਰ, ਲਫਜ, ਸੁਖਵੀਰ ਦੁਗਾਲ, ਗੁਰਪ੍ਰੀਤ ਲਾਲਿਆਂਵਾਲੀ,ਬਲਰਾਜ ਮੋੜ, ਕੁਲਵੰਤ ਸਿੰਘ,ਬਲਕਾਰ ਮਘਾਣੀਆ, ਸ਼ਸ਼ਪਾਲ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।