ਬੀਤੇ ਦੀ ਧੂੜ ‘ਚ ਗੁਆਚਿਆ ਕਾੜ੍ਹਨੀ ਦਾ ਦੁੱਧ

Sawdust milk lost in dust of the past

ਵਿਰਾਸਤੀ ਝਰੋਖਾ

ਜਾਬੀਆਂ ਨੂੰ ਮਿਲਵਰਤਣ ਭਰਪੂਰ ਸੁਭਾਅ ਦੇ ਨਾਲ-ਨਾਲ ਖੁੱਲ੍ਹੀਆਂ-ਡੁੱਲੀਆਂ ਖੁਰਾਕਾਂ ਦੇ ਸ਼ੌਂਕ ਨੇ ਵੀ ਵਿਲੱਖਣਤਾ ਬਖਸ਼ੀ ਹੈ।ਪੰਜਾਬੀਆਂ ਦਾ ਦੁੱਧ, ਦਹੀਂ, ਘਿਉ ਅਤੇ ਲੱਸੀ ਨਾਲ ਮੁੱਢ ਤੋਂ ਹੀ ਗੂੜ੍ਹਾ ਨਾਤਾ ਰਿਹਾ ਹੈ। ਪੁਰਾਤਨ ਸਮਿਆਂ ‘ਚ ਪੰਜਾਬ ਦਾ ਹਰ ਘਰ ਪਸ਼ੂਧਨ ਨਾਲ ਭਰਪੂਰ ਹੁੰਦਾ ਸੀ ਅਤੇ ਘਰ ਦੀਆਂ ਔਰਤਾਂ ਦੀ ਸਿਆਣਪ ਦਾ ਪੈਮਾਨਾ ਵੀ ਘਰ ਵਿੱਚ ਮੌਜ਼ੂਦ ਦੁੱਧ ਅਤੇ ਘਿਉ ਦੀ ਮਾਤਰਾ ਤੋਂ ਹੀ ਲਾਇਆ ਜਾਂਦਾ ਸੀ। ਖੰਡ ਅਤੇ ਸ਼ੱਕਰ ਵਿੱਚ ਘਿਉ ਮਿਲਾ ਕੇ ਖਾਣ ਦਾ ਰਿਵਾਜ਼ ਆਮ ਸੀ। ਦੁੱਧ ਅਤੇ ਘਿਉ ਮਹਿਮਾਨ-ਨਿਵਾਜ਼ੀ ਲਈ ਵੀ ਮਸ਼ਹੂਰ ਹੁੰਦੇ ਸਨ। ਜੇਕਰ ਕੋਈ ਸੱਸ ਆਪਣੀ ਨੂੰਹ ਦੇ ਭਰਾ ਨੂੰ ਖੰਡ ਵਿੱਚ ਘਿਉ ਨਾ ਪਾਉਂਦੀ ਤਾਂ ਉਹ ਉਲ੍ਹਾਂਮਾ ਦਿੰਦੀ ਹੋਈ ਕਹਿੰਦੀ-

  • ਸੱਸੇ ਤੇਰੀ ਮੱਝ ਮਰਜੇ,
    ਮੇਰੇ ਵੀਰ ਨੂੰ ਸੁੱਕੀ ਖੰਡ ਪਾਈ।

ਉਹਨਾਂ ਸਮਿਆਂ ‘ਚ ਦੁੱਧ ਵੇਚਣਾ ਬਹੁਤ ਮਾੜਾ ਸਮਝਿਆ ਜਾਂਦਾ ਸੀ। ਸਾਰਾ ਦੁੱਧ ਘਰਾਂ ਵਿੱਚ ਹੀ ਇਸਤੇਮਾਲ ਕੀਤਾ ਜਾਂਦਾ ਸੀ। ਮੱਝ ਦੀ ਧਾਰ ਕੱਢਦਿਆਂ-ਕੱਢਦਿਆਂ ਹੀ ਗਲਾਸ ਵਿੱਚ ਪਵਾ ਕੇ ਪੀਤੇ ਜਾਣ ਵਾਲੇ ਕੱਚੇ ਦੁੱਧ ਅਤੇ ਕਾੜ੍ਹਨੀ ਵਾਲੇ ਦੁੱਧ ਦਾ ਸਵਾਦ ਹੀ ਵੱਖਰਾ ਹੁੰਦਾ ਸੀ। ਘਰ ਦੀਆਂ ਸੁਆਣੀਆਂ ਨੇ ਘੜੇ ਵਰਗਾ ਮਿੱਟੀ ਦਾ ਇੱਕ ਬਰਤਨ, ਜਿਸ ਨੂੰ ‘ਕਾੜ੍ਹਨੀ’ ਕਹਿੰਦੇ ਸਨ, ਘੁਮਿਆਰਾਂ ਕੋਲੋਂ ਲੈ ਲੈਣੀ ਅਤੇ ਫਿਰ ਉਸ ਵਿੱਚ ਦੁੱਧ ਕਾੜ੍ਹਿਆ ਜਾਂਦਾ ਸੀ। ਸੁਆਣੀਆਂ ਨੇ ਤਕਰੀਬਨ ਨੌਂ-ਦਸ ਵਜੇ ਹਾਰੇ ਵਿਚ ਪਾਥੀਆਂ ਦੀ ਅੱਗ ਪਾ ਦੇਣੀ ਅਤੇ ਤਕਰੀਬਨ ਅੱਧੇ ਘੰਟੇ ਬਾਅਦ ਜਦੋਂ ਪਾਥੀਆਂ ਚੰਗੀ ਤਰ੍ਹਾਂ ਭਖਣ ਲੱਗ ਜਾਂਦੀਆਂ ਤਾਂ ਕਾੜ੍ਹਨੀ ਵਿੱਚ ਦੁੱਧ ਪਾ ਕੇ ਉਸ ਨੂੰ ਹਾਰੇ ਵਿੱਚ ਅੱਗ ਉੱਪਰ ਰੱਖ ਦਿੱਤਾ ਜਾਂਦਾ ਸੀ। ਕਾੜ੍ਹਨੀ ਵਿੱਚ ਹਾਰੇ ਪਿਆ ਦੁੱਧ ਸ਼ਾਮ ਦੇ ਚਾਰ ਵਜੇ ਤੱਕ ਕੜ੍ਹ-ਕੜ੍ਹ ਕੇ ਲਾਲ ਹੋ ਜਾਂਦਾ ਅਤੇ ਉਸ ਉੱਪਰ ਮਲਾਈ ਦੀ ਮੋਟੀ ਪਰਤ ਆ ਜਾਣੀ। ਕੜ੍ਹ ਕੇ ਤਿਆਰ ਹੋਇਆ ਦੁੱਧ ਅਤੇ ਉਸ ਉੱਪਰ ਆਈ ਮਲਾਈ ਦਾ ਸਵਾਦ ਬੜਾ ਲਾਜ਼ੀਜ਼ ਹੁੰਦਾ ਸੀ।

ਇਹ ਦੁੱਧ ਪੰਜਾਬੀਆਂ ਦੀ ਮਸ਼ਹੂਰ ਖੁਰਾਕ ਸੀ। ਉਹਨੀਂ ਦਿਨੀਂ ਸ਼ਾਮ ਸਮੇਂ ਦੀ ਭੁੱਖ ਫਾਸਟ ਫੂਡ ਜਾਂ ਹੋਰ ਬਜ਼ਾਰੀ ਵਸਤਾਂ ਖਾ ਕੇ ਨਹੀਂ ਸੀ ਮਿਟਾਈ ਜਾਂਦੀ। ਸਗੋਂ ਗੁੜ ਦੇ ਡਲ਼ੇ ਨਾਲ ਕਾੜ੍ਹਨੀ ਵਾਲਾ ਕੜ੍ਹ-ਕੜ੍ਹ ਕੇ ਲਾਲ ਹੋਇਆ ਦੁੱਧ ਪੀ ਕੇ ਮਿਟਾਈ ਜਾਂਦੀ ਸੀ। ਕਾੜ੍ਹਨੀ ਵਾਲੇ ਦੁੱਧ ਵਿੱਚ ਘਿਉ ਮਿਲਾ ਕੇ ਪੀਣ ਦਾ ਰਿਵਾਜ਼ ਵੀ ਆਮ ਸੀ। ਬੱਚੇ ਕਾੜ੍ਹਨੀ ਦੀ ਮਲਾਈ ਅਤੇ ਗੁੜ ਨਾਲ ਰੋਟੀ ਖਾਣ ਦੇ ਸ਼ੌਕੀਨ ਹੁੰਦੇ ਸਨ। ਘਰ ਆਏ ਮਹਿਮਾਨ ਨੂੰ ਵੀ ਕਾੜ੍ਹਨੀ ਦਾ ਦੁੱਧ ਦਿੱਤਾ ਜਾਂਦਾ ਸੀ।ਪੀਣ ਤੋਂ ਬਾਅਦ ਬਚਿਆ ਦੁੱਧ ਰਾਤ ਨੂੰ ਰਿੜਕਣੇ ਵਿੱਚ ਜਾਗ ਲਾ ਕੇ ਜਮਾ ਲਿਆ ਜਾਂਦਾ ਸੀ ਅਤੇ ਕਾੜ੍ਹਨੀ ਨੂੰ ਖੁਰਚਣੀ ਨਾਲ ਚੰਗੀ ਤਰ੍ਹਾਂ ਸਾਫ ਕਰਕੇ ਰੱਖ ਦਿੱਤਾ ਜਾਂਦਾ ਸੀ। ਰਿੜਕਣੇ ਪਾਇਆ ਦੁੱਧ ਸੁਵਖਤੇ ਉੱਠ ਕੇ ਰਿੜਕਿਆ ਜਾਂਦਾ ਸੀ। ਦੁੱਧ ਰਿੜਕਣ ਉਪਰੰਤ ਕਾੜ੍ਹਨੀ ਵਾਲੇ ਦੁੱਧ ਦੀ ਬਣੀ ਲੱਸੀ ਜਿੱਥੇ ਪੀਣ ਵਿੱਚ ਬੇਹੱਦ ਸਵਾਦ ਹੁੰਦੀ ਸੀ, ਉੱਥੇ ਡਾਕਟਰੀ ਨਜ਼ਰੀਏ ਤੋਂ ਸਿਹਤ ਲਈ ਇੱਕ ਨਿਆਮਤ ਵੀ ਹੁੰਦੀ ਸੀ।

ਸਮੇਂ ਦੇ ਪਰਿਵਰਤਨ ਨਾਲ ਕਾੜ੍ਹਨੀ ਅਤੇ ਕਾੜ੍ਹਨੀ ਦਾ ਦੁੱਧ ਵੀ ਬੀਤੇ ਦੀ ਧੂੜ ਵਿੱਚ ਗੁਆਚ ਗਏ ਹਨ। ਅੱਜ-ਕੱਲ੍ਹ ਨਾ ਹਾਰੇ ਰਹੇ ਹਨ, ਨਾ ਰਹੀਆਂ ਹਨ ਪਾਥੀਆਂ ਅਤੇ ਨਾ ਹੀ ਰਹੀਆਂ ਹਨ ਹਾਰੇ ਅੱਗ ਪਾ ਕੇ ਕਾੜ੍ਹਨੀ ਦੁੱਧ ਧਰਨ ਵਾਲੀਆਂ ਸੁਆਣੀਆਂ। ਨਾ ਹੀ ਰਹੇ ਹਨ ਦੁੱਧ ਪੀਣ ਦੇ ਸ਼ੌਕੀਨ ਲੋਕ। ਦੁੱਧ ਹੁਣ ਮਹਿਮਾਨ-ਨਿਵਾਜ਼ੀ ਦਾ ਹਿੱਸਾ ਵੀ ਨਹੀਂ ਰਿਹਾ। ਅੱਜ-ਕੱਲ੍ਹ ਘਰ ਆਏ ਪ੍ਰਾਹੁਣੇ ਚਾਹ ਤੋਂ ਬਿਨਾਂ ਰੁੱਸ ਜਾਂਦੇ ਹਨ ।ਅੱਜ-ਕੱਲ੍ਹ ਦੇ ਬੱਚਿਆਂ ਦੇ ਖੁਰਾਕੀ ਸਵਾਦ ਤਬਦੀਲ ਹੋ ਗਏ ਹਨ। ਬੱਚਿਆਂ ਨੂੰ ਦੁੱਧ ਵਿੱਚੋਂ ਸਮੈੱਲ ਆਉਣ ਲੱਗੀ ਹੈ ਅਤੇ ਉਹ ਦੁੱਧ ਵੱਲ ਮੂੰਹ ਨਹੀਂ ਕਰਦੇ। ਹੁਣ ਹਰ ਘਰ ਵਿੱਚ ਦੁਧਾਰੂ ਪਸ਼ੂ ਰੱਖਣ ਦਾ ਰਿਵਾਜ਼ ਨਹੀਂ ਰਿਹਾ ਅਤੇ ਨਾ ਹੀ ਹੁਣ ਦੁੱਧ ਵੇਚਣਾ ਕੋਈ ਮਿਹਣਾ ਰਿਹਾ ਹੈ।

ਦੁੱਧ ਦੀ ਤਾਂ ਗੱਲ ਛੱਡੋ ਅੱਜ-ਕੱਲ੍ਹ ਤਾਂ ਲੱਸੀ ਵੀ ਵਿਕਣ ਲੱਗੀ ਹੈ। ਪਹਿਲਾਂ ਜਿੱਥੇ ਹਰ ਘਰ ਵਿੱਚ ਲੱਸੀ ਹੁੰਦੀ ਸੀ, ਉੱਥੇ ਅੱਜ-ਕੱਲ੍ਹ ਕਿਸੇ ਟਾਵੇਂ ਘਰ ਵਿੱਚੋਂ ਹੀ ਲੱਸੀ ਮਿਲਦੀ ਹੈ। ਹਰ ਘਰ ਵਿੱਚ ਦੁਧਾਰੂ ਪਸ਼ੂਆਂ ‘ਤੇ ਆਉਣ ਵਾਲੇ ਖਰਚੇ ਅਤੇ ਮੁੱਲ ਖਰੀਦ ਕੇ ਦੁੱਧ ਵਰਤਣ ਦਾ ਹਿਸਾਬ-ਕਿਤਾਬ ਲਾਇਆ ਜਾਂਦੈ। ਹਿਸਾਬ-ਕਿਤਾਬ ਵਿੱਚ ਪਏ ਪੰਜਾਬੀਆਂ ਨੇ ਸਿਹਤ ਨਾਲੋਂ ਪੈਸੇ ਦੀ ਅਹਿਮੀਅਤ ਵਧਾ ਦਿੱਤੀ ਹੈ। ਹੁਣ ਪਿੰਡਾਂ ਵਿੱਚ ਵੀ ਦੁੱਧ ਦਾ ਉਤਪਾਦਨ ਵਪਾਰਕ ਨਜ਼ਰੀਏ ਤੋਂ ਕੀਤਾ ਜਾਣ ਲੱਗਾ ਹੈ। ਸ਼ਾਇਦ ਪਸ਼ੂ ਧਨ ਤੋਂ ਘਟਦਾ ਮੋਹ ਹੀ ਦੁੱਧ ਨੂੰ ਜ਼ਹਿਰ ਬਣਾਉਣ ਲਈ ਵੀ ਜਿੰੰਮੇਵਾਰ ਹੈ। ਕਿਹਾ ਜਾਂਦਾ ਹੈ ਕਿ ਹੁਣ ਦੁੱਧ ਪਸ਼ੂਆਂ ਤੋਂ ਨਹੀਂ ਡੇਅਰੀਆਂ ਤੋਂ ਤਿਆਰ ਕੀਤਾ ਜਾਂਦਾ ਹੈ। ਚਿੱਟੇ ਦੁੱਧ ਦੇ ਕਾਲੇ ਧੰਦੇ ਵਿੱਚ ਫਸੇ ਆਮ ਲੋਕਾਂ ਨੂੰ ਦੁੱਧ ਦੇ ਨਾਂਅ ‘ਤੇ ਜ਼ਹਿਰ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਬਿੰਦਰ ਸਿੰਘ ਖੁੱਡੀ ਕਲਾਂ

ਬਰਨਾਲਾ, ਮੋ: 98786-05965

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।