ਖਹਿਰਾ ਵੱਲੋਂ ਬਗਾਵਤ, ਫੈਸਲਾ ਬਦਲਣ ਦੀ ਚਿਤਾਵਨੀ

Khaira, rebel, warns, change, decision

ਹਰਪਾਲ ਸਿੰਘ ਚੀਮਾ ਨੂੰ ਆਪਣਾ ਲੀਡਰ ਮੰਨਣ ਤੋਂ ਕੀਤਾ ਸਾਫ਼ ਇਨਕਾਰ

  • ਅਰਵਿੰਦ ਕੇਜਰੀਵਾਲ ਨੂੰ ਲਿਖੀ ਚਿੱਠੀ
  • ਕੇਜਰੀਵਾਲ ਖ਼ਿਲਾਫ਼ ਸੱਦੀ ਮੀਟਿੰਗ, 2 ਅਗਸਤ ਨੂੰ ਬਠਿੰਡਾ ਵਿਖੇ ਕੀਤਾ ਜਾਏਗਾ ਵੱਡਾ ਐਲਾਨ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਵਿਧਾਇਕ (Sukhpal Khaira) ਸੁਖਪਾਲ ਖਹਿਰਾ ਨੇ ਆਪਣੀ ਹੀ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਬਗਾਵਤ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੂੰ ਬੀਤੀ ਸ਼ਾਮ ਲਏ ਗਏ ਫੈਸਲੇ ਨੂੰ ਬਦਲਣ ਦੀ ਚਿਤਾਵਨੀ ਦੇ ਦਿੱਤੀ ਹੈ, ਜਿਸ ਵਿੱਚ ਉਨ੍ਹਾਂ ਨੂੰ ਵਿਰੋਧੀ ਧਿਰ ਦੇ ਲੀਡਰ ਵਜੋਂ ਹਟਾਉਂਦੇ ਹੋਏ ਹਰਪਾਲ ਸਿੰਘ ਚੀਮਾ ਨੂੰ ਲੀਡਰ ਬਣਾਇਆ ਗਿਆ ਸੀ।   ਇਸ ਨਾਲ ਹੀ ਸੁਖਪਾਲ ਖਹਿਰਾ ਨੇ ਬਠਿੰਡਾ ਵਿਖੇ ਆਮ ਆਦਮੀ ਪਾਰਟ ਪੰਜਾਬ ਦੇ ਲੀਡਰਾਂ ਅਤੇ ਵਰਕਰਾਂ ਦੀ ਵੱਡੀ ਮੀਟਿੰਗ 2 ਅਗਸਤ ਨੂੰ ਬਠਿੰਡਾ ਵਿਖੇ ਸੱਦ ਲਈ ਹੈ, ਜਿੱਥੇ ਪਾਰਟੀ ਸਬੰਧੀ ਆਖ਼ਰੀ ਫੈਸਲਾ ਲਿਆ ਜਾਵੇਗਾ।

ਸੁਖਪਾਲ (Sukhpal Khaira) ਖਹਿਰਾ ਨੂੰ ਇਸ ਮਾਮਲੇ ਵਿੱਚ 8 ਵਿਧਾਇਕਾਂ ਦਾ ਵੀ ਸਾਥ ਮਿਲ ਗਿਆ ਹੈ, ਜਿਹੜੇ ਕਿ ਉਨ੍ਹਾਂ ਨਾਲ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਦੇ ਖ਼ਿਲਾਫ਼ ਹੀ ਖੜ੍ਹੇ ਹੋ ਗਏ ਹਨ। ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਨ ਲਈ ਆਏ  ਸੁਖਪਾਲ ਖਹਿਰਾ ਨੇ ਸਟੇਜ ‘ਤੇ ਬੈਠੇ ਕੰਵਰ ਸੰਧੂ, ਨਾਜ਼ਰ ਸਿੰਘ, ਜਗਦੇਵ ਸਿੰਘ, ਪਿਰਮਲ ਸਿੰਘ, ਜਗਤਾਰ ਸਿੰਘ, ਰੂਪਿੰਦਰ ਕੌਰ ਰੂਬੀ, ਬਲਦੇਵ ਸਿੰਘ ਅਤੇ ਜੈ ਕ੍ਰਿਸ਼ਨ ਰੋੜੀ ਨੇ ਇੱਕ ਜੁੱਟ ਹੁੰਦੇ ਹੋਏ ਆਪਣੀ ਬਗਾਵਤ ਦਾ ਐਲਾਨ ਕਰ ਦਿੱਤਾ ਹੈ।  ਇਨ੍ਹਾਂ ਸਾਰੇ ਵਿਧਾਇਕਾਂ ਨੇ ਇੱਕ ਚਿੱਠੀ ਲਿਖਦੇ ਹੋਏ ਅਰਵਿੰਦ ਕੇਜਰੀਵਾਲ ਨੂੰ ਇਸ ਫੈਸਲੇ ਨੂੰ ਮੁੜ ਤੋਂ ਵਿਚਾਰਨ ਲਈ ਵੀ ਕਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਵਿੱਚ ਇਸ ਦਿਨ ਤੱਕ ਰਹਿਣਗੀਆਂ ਛੁੱਟੀਆਂ

ਸੁਖਪਾਲ ਖਹਿਰਾ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ ਰਚੀ ਗਈ ਹੈ, ਜਿਸ ਬਾਰੇ ਉਨਾਂ ਨੂੰ ਭਿਣਕ ਕੁਝ ਦਿਨ ਪਹਿਲਾਂ ਹੀ ਲੱਗ ਗਈ ਸੀ ਪਰ ਇਸ ਗੱਲ ਦੀ ਉਮੀਦ ਨਹੀਂ ਸੀ ਕਿ ਉਨ੍ਹਾਂ ਨੂੰ ਸੱਦ ਕੇ ਇੱਕ ਵਾਰ ਇਹ ਵੀ ਨਹੀਂ ਦੱਸਿਆ ਜਾਵੇਗਾ ਕਿ ਉਨ੍ਹਾਂ ਦਾ ਆਖ਼ਰਕਾਰ ਦੋਸ਼ ਕੀ ਸੀ। ਉਨਾਂ ਕਿਹਾ ਕਿ ਉਨਾਂ ਨੇ ਪਾਰਟੀ ਲਈ ਦਿਨ ਰਾਤ ਇੱਕ ਕਰਕੇ ਕੰਮ ਕੀਤਾ ਅਤੇ ਵਿਰੋਧੀ ਪਾਰਟੀਆਂ ਖ਼ਿਲਾਫ਼ ਡਟ ਕੇ ਡਿਊਟੀ ਦਿੱਤੀ ਪਰ ਫਿਰ ਵੀ ਉਨਾਂ ਦਾ ਮੁੱਲ ਨਹੀਂ ਪਾਇਆ ਗਿਆ । ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਹੀ ਕੁਝ ਲੋਕਾਂ ਨੇ ਕਾਂਗਰਸ ਅਤੇ ਅਕਾਲੀ ਦਲ ਨਾਲ ਮਿਲ ਕੇ ਇਹ ਸਾਜਿਸ ਰਚੀ ਹੈ, ਜਿਸ ਦਾ ਉਹ ਸ਼ਿਕਾਰ ਹੋਏ ਹਨ।

ਉਹ ਹੁਣ ਅਗਲਾ ਫੈਸਲਾ ਬਠਿੰਡਾ ਵਿਖੇ ਹੋਣ ਵਾਲੀ ਵੱਡੀ ਮੀਟਿੰਗ ਤੋਂ ਬਾਅਦ ਹੀ ਲੈਣਗੇ, ਜਿਥੇ ਕਿ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਸਾਰੀ ਲੀਡਰਸ਼ਿਪ ਸਣੇ ਪਾਰਟੀ ਦੇ ਵਰਕਰ ਭਾਗ ਲੈ ਕੇ ਫੈਸਲਾ ਕਰਨਗੇ। ਇੱਥੇ ਹੀ ਸੁਖਪਾਲ ਖਹਿਰਾ ਸਣੇ ਆਮ ਆਦਮੀ ਪਾਰਟੀ ਦੇ 8 ਵਿਧਾਇਕਾਂ ਨੇ ਹਰਪਾਲ ਚੀਮਾ ਨੂੰ ਆਪਣਾ ਲੀਡਰ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।