ਨਵੀਆਂ ਪੰਚਾਇਤਾਂ ਮੱਤਭੇਦ ਭੁਲਾ ਕੇ ਵਿਕਾਸ ਲਈ ਹੋਣ ਯਤਨਸ਼ੀਲ

Renewing, Panchayats, Development, Efforts

ਬਿੰਦਰ ਸਿੰਘ ਖੁੱਡੀ ਕਲਾਂ

ਸਾਡੇ ਮੁਲਕ ਦਾ ਨਾਂਅ ਸੰਸਾਰ ਦੇ ਵੱਡੇ ਲੋਕਤੰਤਰੀ ਮੁਲਕਾਂ ‘ਚ ਸ਼ੁਮਾਰ ਹੈ। ਪੰਚਾਇਤ ਨੂੰ ਲੋਕਤੰਤਰ ਦੀ ਮੁੱਢਲੀ ਇਕਾਈ ਸਮਝਿਆ ਜਾਂਦਾ ਹੈ। ਸੂਬੇ ਦੇ ਬਹੁਤੇ ਆਗੂਆਂ ਵੱਲੋਂ ਆਪਣਾ ਸਿਆਸੀ ਜੀਵਨ ਪੰਚਾਇਤ ਦੀ ਨੁਮਾਇੰਦਗੀ ਤੋਂ ਹੀ ਸ਼ੁਰੂ ਕੀਤਾ ਜਾਂਦਾ ਹੈ। ਰਾਜਸੀ ਲੋਕ ਆਪਣੀਆਂ ਸਿਆਸੀ ਜੜ੍ਹਾਂ ਡੂੰਘੀਆਂ ਲਿਜਾਣ ਲਈ ਪੇਂਡੂ ਸਥਾਨਕ ਸਰਕਾਰਾਂ ਦੇ ਨੁਮਾਇੰਦਿਆਂ ਦਾ ਹੀ ਇਸਤੇਮਾਲ ਕਰਦੇ ਹਨ। ਹਰ ਰਾਜਸੀ ਪਾਰਟੀ ਦੀ ਕੋਸ਼ਿਸ਼ ਹੁੰਦੀ ਹੈ ਕਿ ਸਥਾਨਕ ਸਰਕਾਰਾਂ ਵਿੱਚ ਉਸ ਨੂੰ ਵੱਧ ਤੋਂ ਵੱਧ ਨੁਮਾਇੰਦਗੀ ਮਿਲੇ। ਸ਼ਾਇਦ ਇਸੇ ਲਈ ਸਰਕਾਰਾਂ ਬਦਲਣ ਨਾਲ ਹੀ ਪੰਚਾਇਤਾਂ ਬਦਲਣ ਦਾ ਨਿਜ਼ਾਮ ਸ਼ੁਰੂ ਹੋ ਜਾਂਦਾ ਹੈ। ਪੰਚਾਇਤੀ ਨੁਮਾਇੰਦਗੀਆਂ ਜਿੱਥੇ ਸਿਆਸੀ ਪਾਰਟੀਆਂ ਲਈ ਬੜੀਆਂ ਅਹਿਮ ਹੁੰਦੀਆਂ ਹਨ, ਉੱਥੇ ਪੰਚਾਇਤੀ ਨੁਮਾਇੰਦਿਆਂ ਦੀ ਪਿੰਡਾਂ ਅਤੇ ਭਾਈਚਾਰੇ ਵਿੱਚ ਵੀ ਬੜੀ ਟੌਹਰ ਅਤੇ ਰੋਹਬ-ਦਾਬ ਸਮਝਿਆ ਜਾਂਦਾ ਹੈ। ਸਿਆਸੀ ਲੋਕਾਂ ਦਾ ਇਨ੍ਹਾਂ ਚੁਣੇ ਨੁਮਾਇੰਦਿਆਂ ਨਾਲ ਸਿੱਧਾ ਰਾਬਤਾ ਬਣਨ ਕਾਰਨ ਪਿੰਡਾਂ ਦੇ ਬਹੁਤ ਸਾਰੇ ਪਰਿਵਾਰ ਸਰਪੰਚੀ ਅਤੇ ਪੰਚੀ ਹਥਿਆਉਣ ਲਈ ਸਰਗਰਮ ਰਹਿੰਦੇ ਹਨ।

ਪਿਛਲੇ ਕਾਫੀ ਮਹੀਨਿਆਂ ਤੋਂ ਇਤਰਾਜ਼ਯੋਗ ਰਾਖਵੇਂਕਰਨ ਦੇ ਕਥਿਤ ਦੋਸ਼ਾਂ ਵਿੱਚ ਘਿਰੇ ਪੰਚਾਇਤਾਂ ਦੇ ਚੋਣ ਅਮਲ ਨੂੰ ਚੋਣ ਕਮਿਸ਼ਨ ਦੇ ਚੋਣ ਪ੍ਰੋਗਰਾਮ ਐਲਾਨ ਉਪਰੰਤ ਗਲਤ ਤਰੀਕੇ ਨਾਲ ਨਾਮਜ਼ਦਗੀਆਂ ਰੱਦ ਕਰਨ ਦੇ ਕਥਿਤ ਦੋਸ਼ਾਂ ਦਾ ਅਜਿਹਾ ਗ੍ਰਹਿਣ ਲੱਗਾ ਕਿ ਚੋਣ ਵਾਲੇ ਦਿਨ ਤੱਕ ਚੋਣ ਹੋਣ ਜਾਂ ਨਾ ਹੋਣ ਬਾਬਤ ਅਨਿਸ਼ਚਿਤਤਾ ਬਣੀ ਰਹੀ। ਆਖਿਰਕਾਰ ਚੋਣ ਅਮਲ ਨੇਪਰੇ ਚੜ੍ਹਿਆ ਤੇ ਸੂਬੇ ਦੇ 1,2787,395 ਪੇਂਡੂ ਵੋਟਰਾਂ ਵੱਲੋਂ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਦਿਆਂ 13276 ਸਰਪੰਚਾਂ ਅਤੇ 83831 ਪੰਚਾਂ ਦੀ ਚੋਣ ਕਰ ਲਈ ਗਈ। ਇਨ੍ਹਾਂ ਵਿੱਚੋਂ ਕਈ ਪਿੰਡਾਂ ਦੇ ਵੋਟਰਾਂ ਵੱਲੋਂ ਮਜਬੂਤ ਭਾਈਚਾਰਕ ਸਾਂਝ ਦਾ ਸਬੂਤ ਦਿੰਦਿਆਂ ਸਰਪੰਚਾਂ ਅਤੇ ਪੰਚਾਂ ਦੀ ਚੋਣ ਸਰਬਸੰਮਤੀ ਨਾਲ ਵੀ ਕੀਤੀ ਗਈ।

ਪੰਚਾਇਤਾਂ ਦੀਆਂ ਚੋਣਾਂ ਦੌਰਾਨ ਪੈਰ-ਪੈਰ ‘ਤੇ ਹਿੰਸਾ ਦਾ ਸਾਇਆ ਬਣਿਆ ਰਿਹਾ। ਬੇਸ਼ੱਕ ਕਿਸੇ ਵੀ ਪਾਰਟੀ ਵੱਲੋਂ ਆਪਣੇ ਚੋਣ ਨਿਸ਼ਾਨ ‘ਤੇ ਪੰਚਾਇਤ ਚੋਣਾਂ ਨਹੀਂ ਲੜੀਆਂ ਗਈਆਂ ਪਰ ਹਰ ਸਿਆਸੀ ਪਾਰਟੀ ਵੱਲੋਂ ਆਪਣਾ ਅਧਾਰ ਮਜਬੂਤ ਕਰਨ ਲਈ ਆਪੋ-ਆਪਣੀ ਪਾਰਟੀ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਦਿਆਂ ਵੱਧ ਤੋਂ ਵੱਧ ਸਰਪੰਚ ਅਤੇ ਪੰਚ ਜਿਤਾਉਣ ਲਈ ਅੱੱਡੀ-ਚੋਟੀ ਦਾ ਜ਼ੋਰ ਲਾਇਆ ਗਿਆ। ਸਿਆਸੀ ਪਾਰਟੀਆਂ ਦੀ ਦਖਲ਼ਅੰਦਾਜ਼ੀ ਦੇ ਚਲਦਿਆਂ ਪਿੰਡਾਂ ਵਿੱਚ ਗਰੁੱਪਬਾਜ਼ੀ ਉੱਭਰ ਕੇ ਸਾਹਮਣੇ ਆਈ। ਕਈ ਪਿੰਡਾਂ ਵਿੱਚ ਤਾਂ ਸਿਆਸੀ ਲੋਕਾਂ ਨੇ ਇੱਕੋ ਪਰਿਵਾਰ ਦੇ ਮੈਂਬਰਾਂ ਨੂੰ ਇੱਕ-ਦੂਜੇ ਦੇ ਵਿਰੁੱਧ ਉਮੀਦਵਾਰ ਬਣਾ ਦਿੱਤਾ। ਇੱਕ ਪਿੰਡ ਵਿੱਚ ਸੱਸ ਅਤੇ ਨੂੰਹ ਵੱਲੋਂ ਵਿਰੋਧੀ ਉਮੀਦਵਾਰ ਵਜੋਂ ਲੜੀ ਚੋਣ ਜਿੱਥੇ ਚਰਚਾ ਦਾ ਵਿਸ਼ਾ ਰਹੀ, ਉੱਥੇ ਇਹ ਸਿਆਸੀ ਲੋਕਾਂ ਵੱਲੋਂ ਭਾਈਚਾਰਕ ਸਾਂਝ ਵਿੱਚ ਖੜ੍ਹੀਆਂ ਕੀਤੀਆਂ ਦੀਵਾਰਾਂ ਦਾ ਮੂੰਹ ਬੋਲਦਾ ਪ੍ਰਮਾਣ ਵੀ ਸੀ। ਇਨ੍ਹਾਂ ਚੋਣਾਂ ਵਿੱਚ ਸਿਆਸੀ ਲੋਕਾਂ ਵੱਲੋਂ ਅਸਿੱਧੇ ਤੌਰ ‘ਤੇ ਜਬਰਦਸਤ ਦਖਲਅੰਦਾਜ਼ੀ ਕੀਤੀ ਗਈ। ਚੋਣਾਂ ਜਿੱਤਣ ਲਈ ਨਸ਼ਿਆਂ ਦਾ ਦਰਿਆ ਵਗਾਉਣ ਤੋਂ ਲੈ ਕੇ ਪੈਸੇ ਦਾ ਲਾਲਚ ਦੇਣ ਤੇ ਡਰਾਉਣ-ਧਮਕਾਉਣ ਤੱਕ ਦਾ ਹਰ ਹਰਬਾ ਇਸਤੇਮਾਲ ਕੀਤਾ ਗਿਆ। ਕਈ ਥਾਈਂ ਭਾਈਚਾਰਕ ਸਾਂਝ ਗੋਲੀਆਂ ਅਤੇ ਡਾਗਾਂ ਹੱਥੋਂ ਲੀਰੋ-ਲੀਰ ਵੀ ਹੋਈ। ਖੈਰ ਕਈ ਪੜਾਵਾਂ ਵਿੱਚੋਂ ਗੁਜ਼ਰਦਿਆਂ ਪਿੰਡਾਂ ਨੂੰ ਨਵੀਆਂ ਪੰਚਾਇਤਾਂ ਨਸੀਬ ਹੋ ਗਈਆਂ ਹਨ ਤੇ ਇਹਨਾਂ ਨਵੀਆਂ ਪੰਚਾਇਤਾਂ ਨੇ 11 ਅਤੇ 12 ਜਨਵਰੀ ਤੋਂ ਇਮਾਨਦਾਰੀ ਨਾਲ ਕੰਮ ਕਰਨ ਦੀ ਸਹੁੰ ਚੁੱਕ ਕੇ ਪਿੰਡਾਂ ਵਿਚ ਵਿਕਾਸ ਕਾਰਜ ਅਰੰਭਣੇ ਹਨ।

ਅੱਜ ਪਿੰਡਾਂ ਦੀ ਤਰਸਯੋਗ ਹਾਲਤ ਬਾਰੇ ਬਹੁਤਾ ਕੁੱਝ ਕਹਿਣ ਦੀ ਜਰੂਰਤ ਨਹੀਂ। ਬੁਨਿਆਦੀ ਸਹੂਲਤਾਂ ਤੋਂ ਸੱਖਣੇ ਪਿੰਡਾਂ ਦੇ ਲੋਕ ਦੂਜੇ ਦਰਜ਼ੇ ਦੇ ਸ਼ਹਿਰੀਆਂ ਵਰਗਾ ਜੀਵਨ ਬਤੀਤ ਕਰਨ ਲਈ ਮਜਬੂਰ ਹਨ। ਪਿੰਡਾਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਤੋਂ ਲੈ ਸੈਂਕੜੇ ਸਮੱਸਿਆਵਾਂ ਮੌਜ਼ੂਦ ਹਨ। ਹੁਣ ਚੁਣੇ ਨੁਮਾਇੰਦਿਆਂ ਨੂੰ ਸਭ ਮੱਤਭੇਦ ਭੁਲਾ ਕੇ ਸਮਝ ਲੈਣਾ ਚਾਹੀਦਾ ਹੈ ਕਿ ਚੁਣਿਆ ਨੁਮਾਇੰਦਾ ਕਿਸੇ ਇੱਕ ਵਿਸ਼ੇਸ਼ ਵਰਗ ਜਾਂ ਫਿਰਕੇ ਦਾ ਨਹੀਂ ਹੁੰਦਾ ਸਗੋਂ ਉਹ ਸਭ ਦਾ ਸਾਂਝਾ ਹੁੰਦਾ ਹੈ। ਚੁਣੇ ਹੋਏ ਨੁਮਾਇੰਦੇ ਦਾ ਫਰਜ਼ ਬਣ ਜਾਂਦਾ ਹੈ ਕਿ ਬਿਨਾ ਵਿਤਕਰੇ ਆਪਣੇ ਚੋਣ ਖੇਤਰ ਦੇ ਵਿਕਾਸ ਲਈ ਯਤਨਸ਼ੀਲ ਹੋਵੇ। ਜੇਕਰ ਕੋਈ ਵਿਅਕਤੀ, ਪਰਿਵਾਰ ਜਾਂ ਫਿਰਕਾ ਚੋਣ ਦੌਰਾਨ ਉਸ ਦੇ ਖਿਲਾਫ ਵੀ ਭੁਗਤਿਆ ਹੋਵੇ ਤਾਂ ਵੀ ਵਿਕਾਸ ਕਾਰਜਾਂ ਦੌਰਾਨ ਉਹ ਮੱਤਭੇਦ ਆੜੇ ਨਹੀਂ ਆਉਣਾ ਚਾਹੀਦਾ। ਇੱਕ ਚੁਣੇ ਨੁਮਾਇੰਦੇ ਲਈ ਬਿਨਾਂ ਵਿਤਕਰੇ ਕਾਰਜ਼ ਕਰਕੇ ਵਿਰੋਧੀਆਂ ਨੂੰ ਵੀ ਆਪਣਾ ਬਣਾਉਣ ਦਾ ਸੁਨਹਿਰੀ ਅਵਸਰ ਹੁੰਦਾ ਹੈ। ਪੰਚਾਇਤ ਦੀ ਇੱਕਮੁੱਠਤਾ ਵਿੱਚ ਹੀ ਪਿੰਡ ਦੇ ਵਿਕਾਸ ਦਾ ਰਾਜ਼ ਛੁਪਿਆ ਹੁੰਦਾ ਹੈ।

  ਕਈ ਪਿੰਡਾਂ ਦੀਆਂ ਪੰਚਾਇਤਾਂ ਆਪਸੀ ਵਿਤਕਰਿਆਂ ਵਿੱਚ ਉਲਝ ਕੇ ਰਹਿ ਜਾਂਦੀਆਂ ਹਨ। ਸਰਪੰਚ ਨੂੰ ਸਹਿਯੋਗ ਕਰਨ ਦੇ ਮੁੱਦੇ ‘ਤੇ ਐਸਾ ਰੇੜਕਾ ਬਣਦਾ ਹੈ ਕਿ ਸਰਕਾਰੀ ਗ੍ਰਾਂਟਾਂ ਉਸ ਪਿੰਡ ਦਾ ਰਸਤਾ ਹੀ ਭੁੱਲ ਜਾਂਦੀਆਂ ਹਨ। ਜਿੱਥੇ ਪੰਚਾਇਤ ਦੀ ਆਪਸੀ ਫੁੱਟ ਪਿੰਡ ਲਈ ਸਰਾਪ ਬਣ ਕੇ ਰਹਿ ਜਾਂਦੀ ਹੈ, ਉੱਥੇ ਪੰਚਾਇਤੀ ਨੁਮਾਇੰਦਿਆਂ ਦਾ ਆਪਸੀ ਥਫ਼ਾਕ ਪਿੰਡ ਦੀ ਕਾਇਆ ਕਲਪ ਕਰ ਕੇ ਰੱਖ ਦਿੰਦਾ ਹੈ। ਇੱਕਮੁੱਠ ਪੰਚਾਇਤਾਂ ਵੱਲੋਂ ਪਿੰਡ ਦੇ ਵਿਕਾਸ ਲਈ ਕੀਤੇ ਕਾਰਜ਼ ਹੋਰਨਾਂ ਲਈ ਉਦਾਹਰਨ ਬਣਦੇ ਹਨ। ਕਿੰਨੇ ਹੀ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਪਿੰਡਾਂ ਵਿੱਚ ਸੁੰਦਰ ਪਾਰਕਾਂ ਦੇ ਨਿਰਮਾਣ ਤੋਂ ਲੈ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਨਾਲ ਜੋੜਨ ਵਾਸਤੇ ਜਿੰਮਾ ਅਤੇ ਸਾਹਿਤ ਨਾਲ ਜੋੜਨ ਲਈ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ ਜਾਂਦੀ ਹੈ। ਸੰਵਿਧਾਨ ਦੀ ਸਹੁੰ ਚੁੱਕ ਕੇ ਪਿੰਡ ਪਰਤਣ ਵਾਲੇ ਪੰਚਾਇਤੀ ਨੁਮਾਇੰਦਿਆਂ ਦਾ ਫਰਜ਼ ਬਣਦਾ ਹੈ ਕਿ ਸਹੁੰ ‘ਤੇ ਸੌ ਫੀਸਦ ਪਹਿਰਾ ਦਿੰਦਿਆਂ ਆਪਸੀ ਮੱਤਭੇਦ ਭੁਲਾ ਕੇ ਬਿਨਾਂ ਵਿਤਕਰੇ ਸਮੁੱਚੇ ਪਿੰਡ ਦੇ ਵਿਕਾਸ ਲਈ ਯਤਨ ਕੀਤੇ ਜਾਣ। ਸਰਪੰਚ ਅਤੇ ਪੰਚਾਂ ਵਿਚਕਾਰ ਅਜਿਹਾ ਏਕਾ ਪੈਦਾ ਕੀਤੇ ਜਾਵੇ ਕਿ ਸਰਕਾਰੀ ਇਮਦਾਦ ਪ੍ਰਾਪਤ ਕਰਨ ਲਈ ਰਾਜਸੀ ਵਲਗਣਾਂ ਨੂੰ ਆੜੇ ਨਾ ਆਉਣ ਦਿੱਤਾ ਜਾਵੇ। ਪੰਚਾਇਤੀ ਨੁਮਾਇੰਦਿਆਂ ਵੱਲੋਂ ਬਿਨਾ ਵਿਤਕਰੇ ਕੀਤੇ ਕਾਰਜ਼ ਜਿੱਥੇ ਪਿੰਡਾਂ ਦੀ ਕਾਇਆ ਕਲਪ ਕਰਨਗੇ, ਉੱਥੇ ਵੋਟਰਾਂ ਦੇ ਮਨਾਂ ਵਿੱਚ ਉਨ੍ਹਾਂ ਦੀ ਹਰਮਨ ਪਿਆਰਤਾ ਦੇ ਗ੍ਰਾਫ ਨੂੰ ਵੀ ਕਈ ਗੁਣਾ ਉੱਚਾ ਕਰ ਦੇਣਗੇ। ਆਪਸੀ ਸਹਿਯੋਗ ਨਾਲ ਪਿੰਡ ਦੇ ਵਿਕਾਸ ਲਈ ਯਤਨਸ਼ੀਲ਼ ਹੋਣ ਦੀ ਉਮੀਦ ਨਾਲ ਸੂਬੇ ਦੇ ਸਮੂਹ ਪੰਚਾਇਤੀ ਨੁਮਾਇੰਦਿਆਂ ਨੂੰ ਲੱਖ-ਲੱਖ ਮੁਬਾਰਕਾਂ!

ਸ਼ਕਤੀ ਨਗਰ, ਬਰਨਾਲਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।