ਰਾਜੋਆਣਾ ਦੀ ਸਜਾ ਮੁਆਫ਼ੀ ਤੋਂ ਇਨਕਾਰ, ਪੰਜਾਬ ‘ਚ ਭਖੀ ਸਿਆਸਤ

Rajoana

ਪਿਛਲੇ ਮਹੀਨੇ ਬਲਵੰਤ ਸਿੰਘ ਰਾਜੋਆਣਾ ਦੀ ਫਾਸੀ ਦੀ ਸਜਾ ਨੂੰ ਮੁਆਫ਼ ਕਰਨ ਦੀ ਆਈ ਸੀ ਖ਼ਬਰ, ਅਮਿਤ ਸ਼ਾਹ ਨੇ ਦਿੱਤਾ ਗਲਤ ਕਰਾਰ

 ਕਾਂਗਰਸ ਪਾਰਟੀ ਨੇ ਵੱਟੀ ਚੁੱਪ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਕੇਂਦਰ ਸਰਕਾਰ ਨੂੰ ਅਪੀਲ ਕਰਨ ਦਾ ਐਲਾਨ

ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਵਿੱਚ ਫਾਸੀ ਦੀ ਸਜਾ ਮਿਲੀ ਹੋਈ ਐ ਬਲਵੰਤ ਸਿੰਘ ਰਾਜੋਆਣਾ ਨੂੰ

ਚੰਡੀਗੜ(ਅਸ਼ਵਨੀ ਚਾਵਲਾ)। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਕਤਲ ਕਰਨ ਵਾਲੇ ਬਲਵੰਤ ਸਿੰਘ ਰਾਜੋਆਣਾ ਨੂੰ ਸਜ਼ਾ ਮੁਆਫ਼ੀ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸਾਫ਼ ਇਨਕਾਰ ਕਰਨ ਤੋਂ ਬਾਅਦ ਪੰਜਾਬ ਵਿੱਚ ਸਿਆਸਤ ਭਖ ਗਈ ਹੈ। ਇਸ ਮੁੱਦੇ ਨੂੰ ਲੈ ਕੇ ਜਿੱਥੇ ਕਾਂਗਰਸ ਪਾਰਟੀ ਨੇ ਮੁਕੰਮਲ ਤੌਰ ‘ਤੇ ਚੁੱਪ ਵੱਟ ਲਈ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਜਲਦ ਹੀ ਇਸ ਸਬੰਧੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਦੇ ਮਿਲ ਕੇ ਮੁੜ ਵਿਚਾਰ ਕਰਨ ਦੀ ਅਪੀਲ ਕਰਨਗੇ। ਇਸ ਮਾਮਲੇ ਵਿੱਚ ਹੋਰ ਵਿਰੋਧੀ ਪਾਰਟੀਆਂ ਵੀ ਜਿਆਦਾ ਕੁਝ ਬੋਲਣ ਤੋਂ ਸਾਫ਼ ਇਨਕਾਰ ਕਰ ਰਹੀਆਂ ਹਨ ਕਿਉਂਕਿ ਬਲਵੰਤ ਸਿੰਘ ਰਾਜੋਆਣਾ ਦੀ ਸਜਾ ਮੁਆਫ਼ੀ ਨੂੰ ਵੋਟ ਬੈਂਕ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਵੀ ਇਸ ਮੁੱਦੇ ਪੂਰੀ ਤਰਾਂ ਚੁੱਪ ਹੈ।

ਕੇਂਦਰ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਮੌਕੇ ਸਿੱਖ ਕੈਦੀਆ ਨੂੰ ਰਿਹਾਈ ਕਰਨ ਦਾ ਐਲਾਨ ਕੀਤਾ ਗਿਆ ਸੀ ਅਤੇ ਪੰਜਾਬ ਸਰਕਾਰ ਤੋਂ ਸਿੱਖ ਕੈਦੀਆ ਸਬੰਧੀ ਸੂਚੀ ਵੀ ਮੰਗੀ ਗਈ ਸੀ। ਕੇਂਦਰ ਦੀ ਇਸ ਮੰਗ ਨੂੰ ਦੇਖਦੇ ਹੋਏ ਜਿਹੜੀ ਸੂਚੀ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਵਲੋਂ ਭੇਜੀ ਗਈ ਸੀ, ਉਸ ਵਿੱਚ ਬਲਵੰਤ ਸਿੰਘ ਰਾਜੋਆਣਾ ਦਾ ਵੀ ਨਾਅ ਸ਼ਾਮਲ ਕੀਤਾ ਗਿਆ ਸੀ। ਨਵੰਬਰ ਮਹੀਨੇ ਵਿੱਚ ਜਦੋਂ ਸਿੱਖ ਕੈਦੀਆ ਨੂੰ ਰਿਹਾਈ ਕਰਨ ਸਬੰਧੀ ਕੇਂਦਰ ਸਰਕਾਰ ਵਲੋਂ ਆਦੇਸ਼ ਜਾਰੀ ਕੀਤੇ ਗਏ ਤਾਂ ਪੰਜਾਬ ਵਿੱਚ ਇਹ ਖ਼ਬਰ ਵੀ ਨਸ਼ਰ ਹੋ ਗਈ ਕਿ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਸਜ਼ਾ ਨੂੰ ਘਟਾਉਂਦੇ ਹੋਏ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

ਰਵਨੀਤ ਬਿੱਟੂ ਵਲੋਂ ਸਜਾ ਮੁਆਫ਼ੀ ਖ਼ਿਲਾਫ਼ ਲਾਇਆ ਸੀ ਲੋਕ ਸਭਾ ਵਿੱਚ ਸੁਆਲ

ਖ਼ਬਰ ਦੇ ਆਉਣ ਤੋਂ ਬਾਅਦ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਤੋਂ ਲੈ ਕੇ ਕੁਝ ਹੋਰ ਕਾਂਗਰਸੀ ਲੀਡਰਾਂ ਨੇ ਵਿਰੋਧ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਇਸ ਫੈਸਲੇ ਦਾ ਸੁਆਗਤ ਕੀਤਾ ਸੀ। ਜਿਸ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਇਸ ਬਾਰੇ ਸਪਸ਼ਟੀਕਰਨ ਦਿੱਤਾ ਸੀ ਕਿ ਉਨਾਂ ਨੇ ਕਦੇ ਵੀ ਬਲਵੰਤ ਸਿੰਘ ਰਾਜੋਆਣਾ ਦੀ ਸਜਾ ਮੁਆਫ਼ੀ ਬਾਰੇ ਕੇਂਦਰ ਸਰਕਾਰ ਨੂੰ ਨਹੀਂ ਕਿਹਾ ਅਤੇ ਕੇਂਦਰ ਸਰਕਾਰ ਵੱਲੋਂ ਸੂਚੀ ਮੰਗੇ ਜਾਣ ‘ਤੇ ਸਿਰਫ਼ ਸੂਚੀ ਭੇਜੀ ਸੀ ਜਿਸ ਵਿੱਚ ਰਾਜੋਆਣਾ ਦਾ ਵੀ ਨਾਅ ਸੀ।

ਇਸ ਮਾਮਲੇ ਦੇ ਕਾਫ਼ੀ ਜਿਆਦਾ ਭਖਣ ਤੋਂ ਬਾਅਦ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵਲੋਂ ਸਜਾ ਮੁਆਫ਼ੀ ਖ਼ਿਲਾਫ਼ ਲੋਕ ਸਭਾ ਵਿੱਚ ਸੁਆਲ ਲਾਇਆ ਸੀ ਕਿ ਆਖ਼ਰਕਾਰ ਬਲਵੰਤ ਸਿੰਘ ਰਾਜੋਆਣਾ ਨੂੰ ਸਜਾ ਮੁਆਫ਼ੀ ਕਿਉਂ ਦਿੱਤੀ ਗਈ ਹੈ ਤਾਂ ਇਸ ਮਾਮਲੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੁਆਬ ਦਿੰਦੇ ਹੋਏ ਸਿਰਫ਼ ਇੱਕ ਹੀ ਸਤਰ ਬੋਲੀ ਕਿ ਕਿਸੇ ਵੀ ਤਰਾਂ ਦੀ ਸਜਾ ਮੁਆਫ਼ੀ ਨਹੀਂ ਕੀਤੀ ਗਈ ਹੈ ਅਤੇ ਅਖ਼ਬਾਰੀ ਗੱਲਾ ‘ਤੇ ਵਿਸ਼ਵਾਸ ਨਾ ਕੀਤਾ ਜਾਵੇ। ਇਸ ਇੱਕ ਲਾਈਨ ਦੇ ਜੁਆਬ ਤੋਂ ਬਾਅਦ ਪੰਜਾਬ ਵਿੱਚ ਸਿਆਸਤ ਕਾਫ਼ੀ ਜਿਆਦਾ ਭਖ ਗਈ ਹੈ। ਕਾਂਗਰਸ ਪਾਰਟੀ ਸਣੇ ਆਮ ਆਦਮੀ ਪਾਰਟੀ ਵਲੋਂ ਇਸ ਸਜਾ ਮੁਆਫ਼ੀ ਦੇ ਸਬੰਧ ਵਿੱਚ ਆਏ ਨਵੇਂ ਬਿਆਨ ਨੂੰ ਲੈ ਕੇ ਕੋਈ ਵੀ ਬਿਆਨਬਾਜ਼ੀ ਨਹੀਂ ਕੀਤੀ ਜਾ ਰਹੀਂ ਹੈ ਪਰ ਸ਼੍ਰੋਮਣੀ ਅਕਾਲੀ ਦਲ ਵਲੋਂ ਇਸ ਖ਼ਿਲਾਫ਼ ਜਲਦ ਹੀ ਅਮਿਤ ਸ਼ਾਹ ਨੂੰ ਮਿਲਣ ਦਾ ਐਲਾਨ ਕਰ ਦਿੱਤਾ ਗਿਆ ਹੈ।

ਸਜਾ ਮੁਆਫ਼ੀ ਬਰਕਰਾਰ ਕਰਨ ਲਈ ਅਮਿਤ ਸ਼ਾਹ ਨੂੰ ਮਿਲਾਂਗੇ : ਸੁਖਬੀਰ ਬਾਦਲ

ਸੁਖਬੀਰ ਬਾਦਲ ਨੇ ਬਲਵੰਤ ਸਿੰਘ ਰਾਜੋਆਣਾ ਦੀ ਸਜਾ ਮੁਆਫ਼ੀ ਨੂੰ ਲੈ ਕੇ ਜਲਦ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਰਾਜੋਆਣਾ ਦੀ ਸਜਾ ਮੁਆਫ਼ੀ ਨਾਲ ਸਿੱਖ ਸੰਗਤ ਵਿੱਚ ਕਾਫ਼ੀ ਜਿਆਦਾ ਖ਼ੁਸ਼ੀ ਦਾ ਮਾਹੌਲ ਸੀ ਪਰ ਅੱਜ ਆਏ ਨਵੇਂ ਬਿਆਨ ਤੋਂ ਬਾਅਦ ਵੱਡਾ ਧੱਕਾ ਲੱਗਿਆ ਹੈ ਅਤੇ ਇਸ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਚੁੱਪ ਨਹੀਂ ਬੈਠੇਗਾ ਅਤੇ ਹਰ ਸੰਭਵ ਕੋਸ਼ਿਸ਼ ਕਰਕੇ ਬਲਵੰਤ ਸਿੰਘ ਰਾਜੋਆਣਾ ਦੀ ਸਜਾ ਮੁਆਫ਼ ਕਰਵਾਈ ਜਾਏਗੀ। ਉਨਾਂ ਕਿਹਾ ਕਿ ਇਸ ਨਾਲ ਕਾਂਗਰਸ ਸਰਕਾਰ ਦਾ ਦੂਹਰਾ ਚਿਹਰਾ ਵੀ ਸਾਹਮਣੇ ਆ ਗਿਆ ਹੈ। ਬਲਵੰਤ ਸਿੰਘ ਰਾਜੋਆਣਾ ਦੀ ਸਜਾ ਮੁਆਫ਼ੀ ਤੋਂ ਕਦੇ ਵੀ ਕਾਂਗਰਸ ਪਾਰਟੀ ਖੁਸ਼ ਨਹੀਂ ਸੀ। ਜਿਸ ਕਾਰਨ ਹੀ ਉਨਾਂ ਦੇ ਸੰਸਦ ਮੈਂਬਰ ਨੇ ਇਸ ਤਰਾਂ ਦਾ ਸੁਆਲ ਪੁੱਛਦੇ ਹੋਏ ਸਜ਼ਾ ਮੁਆਫ਼ੀ ਦਾ ਵਿਰੋਧ ਤੱਕ ਕੀਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।