ਅਮਰੀਕਾ ’ਚ ਨਸਲੀ ਹਿੰਸਾ

America

ਸ਼ਿਕਾਗੋ ’ਚ ਟੈ੍ਰਫ਼ਿਕ ਪੁਲਿਸ ਦੇ ਅਫ਼ਸਰਾਂ ਨੇ ਇੱਕ ਕਾਰ ਸਵਾਰ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਇਸ ਘਟਨਾ ਨਾਲ ਅਮਰੀਕਾ ਇੱਕ ਵਾਰ ਫਿਰ ਨਸਲੀ ਹਿੰਸਾ ਲਈ ਚਰਚਾ ’ਚ ਆ ਗਿਆ ਹੈ। ਮ੍ਰਿਤਕ ਗੈਰ-ਗੋਰਾ ਦੱਸਿਆ ਜਾ ਰਿਹਾ ਹੈ। ਟੈ੍ਰਫਿਕ ਅਫ਼ਸਰ ਦਾ ਦਾਅਵਾ ਹੈ ਕਿ ਕਾਰ ਸਵਾਰ ਨੇ ਟੈ੍ਰਫਿਕ ਨਿਯਮਾਂ ਦਾ ਉਲੰਘਣ ਕਰਨ ਦੇ ਨਾਲ-ਨਾਲ ਪੁਲਿਸ ’ਤੇ ਗੋਲੀ ਵੀ ਚਲਾਈ ਸੀ ਜਿਸ ਦੇ ਜਵਾਬ ’ਚ ਉਨ੍ਹਾਂ ਗੋਲੀ ਚਲਾਈ। ਉਂਜ ਇਹ ਵੀ ਕਿਹਾ ਜਾ ਰਿਹਾ ਹੈ ਕਿ ਵੀਡੀਓ ’ਚ ਕਾਰ ਸਵਾਰ ਗੋਲੀ ਚਲਾਉਂਦਾ ਨਜ਼ਰ ਨਹੀਂ ਆ ਰਿਹਾ। (America)

ਇਸ ਘਟਨਾ ਦੀ ਸੱਚਾਈ ਸਾਹਮਣੇ ਆਉਣੀ ਜ਼ਰੂਰੀ ਹੈ। ਜੇਕਰ ਇਹ ਸਾਬਤ ਹੋ ਜਾਂਦਾ ਹੈ ਕਿ ਪੁਲਿਸ ਨੇ ਬਿਨਾਂ ਕਿਸੇ ਉਕਸਾਵੇ ਦੇ ਗੋਲੀ ਚਲਾਈ ਹੈ ਤਾਂ ਇਹ ਬਹੁਤ ਵੱਡੀ ਸਮੱਸਿਆ ਹੋਵੇਗੀ, ਜੋ ਅਮਰੀਕਾ ’ਚ ਵਧ ਰਹੇ ਨਸਲਵਾਦ ਵੱਲ ਇਸ਼ਾਰਾ ਕਰਦਾ ਹੈ। ਇਸ ਤੋਂ ਪਹਿਲਾਂ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ’ਚ ਪੁਲਿਸ ਨੇ ਗੈਰ-ਗੋਰੇ ਡਰਾਇਵਰਾਂ ’ਤੇ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਨਸਲੀ ਨਫ਼ਰਤ ਦਾ ਅਸਰ ਅਮਰੀਕਾ ਦੇ ਸਮਾਜਿਕ ਤੇ ਰਾਜਨੀਤਿਕ ਪਰਿਵੇਸ਼ ’ਚ ਵੀ ਦੇਖਿਆ ਜਾਂਦਾ ਹੈ। (America)

Also Read : Mohali News: ਅੱਗ ਲੱਗਣ ਕਾਰਨ 70 ਤੋਂ ਵੱਧ ਝੁੱਗੀਆਂ ਸੜ ਕੇ ਸੁਆਹ

ਦੂਜੇ ਪਾਸੇ ਅਮਰੀਕਾ ਆਪਣੇ-ਆਪ ਨੂੰ ਪੂਰੀ ਦੁਨੀਆ ’ਚ ਮਨੁੱਖੀ ਅਧਿਕਾਰਾਂ ਦਾ ਮੁੱਦਈ ਹੋਣ ਦਾ ਦਾਅਵਾ ਕਰਦਾ ਹੈ। ਪਰ ਨਸਲੀ ਹਿੰਸਾ ਦੀਆਂ ਘਟਨਾਵਾਂ ਅਮਰੀਕੀ ਦਾਅਵਿਆਂ ’ਤੇ ਸਵਾਲ ਖੜ੍ਹੇ ਕਰਦੀਆਂ ਹਨ। ਅਮਰੀਕੀ ਪ੍ਰਸ਼ਾਸਨ ਨੂੰ ਵਿਸ਼ਵ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਸਭ ਤੋਂ ਪਹਿਲਾਂ ਆਪਣੇ ਅੰਦਰੂਨੀ ਢਾਂਚੇ ਨੂੰ ਜ਼ਰੂਰ ਦਰੁਸਤ ਕਰਨਾ ਚਾਹੀਦਾ ਹੈ। ਅੱਜ ਵਿਸ਼ਵ ਭਾਈਚਾਰੇ ਦਾ ਯੁੱਗ ਹੈ। ਵਿਸ਼ਵ ਸੁੰਗੜ ਰਿਹਾ ਹੈ। ਅਮਰੀਕੀਆਂ ਨੂੰ ਸਹਿ-ਹੋਂਦ ਦੇ ਸਿਧਾਂਤ ਦੀ ਅਹਿਮੀਅਤ ਨੂੰ ਸਮਝਣਾ ਤੇ ਜ਼ਿੰਦਗੀ ’ਚ ਅਪਣਾਉਣਾ ਚਾਹੀਦਾ ਹੈ। ਇਨਸਾਨੀਅਤ ਦੀ ਸਾਂਝ ਦੇ ਸੰਕਲਪ ਨਾਲ ਅਮਰੀਕਾ ਦੀ ਪਛਾਣ ਬਣੇਗੀ।