ਰਿਕਾਰਡ ਛੋਟਾ ਹੋਵੇਗਾ ਪੰਜਾਬ ਦਾ ਮਾਨਸੂਨ ਸੈਸ਼ਨ, ਦੋ ਦਿਨਾਂ ’ਚ ਖ਼ਤਮ ਹੋ ਜਾਵੇਗੀ ਸਦਨ ਦੀ ਕਾਰਵਾਈ

Monsoon Session

ਪਹਿਲੀ ਬੈਠਕ ਵਿੱਚ ਸ਼ਰਧਾਂਜਲੀ ਅਤੇ ਅਗਲੀ ਬੈਠਕ ਵਿੱਚ ਹੀ ਹੋਵੇਗਾ ਕੰਮਕਾਜ | Monsoon Session

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ 20 ਅਤੇ 21 ਅਕਤੂਬਰ ਨੂੰ ਰਿਕਾਰਡ ਛੋਟਾ ਮਾਨਸੂਨ ਸੈਸ਼ਨ ਸੱਦ ਲਿਆ ਗਿਆ ਹੈ, ਜਿਹੜਾ ਕਿ ਸਿਰਫ਼ 2 ਦਿਨਾਂ ਵਿੱਚ ਹੀ ਖ਼ਤਮ ਹੋ ਜਾਵੇਗਾ। ਪਹਿਲੀ ਬੈਠਕ ਵਿੱਚ ਸ਼ਰਧਾਂਜਲੀ ਨਾਲ ਸਮਾਪਤੀ ਹੋ ਜਾਵੇਗੀ ਅਤੇ ਅਗਲੀ ਬੈਠਕ ਵਿੱਚ ਹੀ ਵਿਧਾਇਕਾਂ ਵੱਲੋਂ ਕੰਮਕਾਜ ਕੀਤਾ ਜਾਵੇਗਾ। ਇਸ ਰਿਕਾਰਡ ਛੋਟੇ ਵਿਧਾਨ ਸਭਾ ਦੇ ਸੈਸ਼ਨ ਨੂੰ ਮਾਨਸੂਨ ਸੈਸ਼ਨ ਵੀ ਕਿਹਾ ਨਹੀਂ ਜਾ ਸਕਦਾ ਹੈ, ਕਿਉਂਕਿ ਇਹ ਪਿੱਛਲੇ ਵਿਧਾਨ ਸਭਾ ਬਜਟ ਸੈਸ਼ਨ ਦਾ ਹੀ ਹਿੱਸਾ ਹੋਵੇਗਾ। (Monsoon Session)

ਇਸ ਛੋਟੇ ਸੈਸ਼ਨ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਸੱਤਾ ਧਿਰ ਅਤੇ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਹੋਣ ਜਾ ਰਿਹਾ ਹੈ, ਕਿਉਂਕਿ ਉਹ ਆਪਣੇ ਵਿਧਾਨ ਸਭਾ ਹਲਕੇ ਦੇ ਮਸਲੇ ਹੀ ਨਹੀਂ ਚੁੱਕ ਸਕਣਗੇ, ਕਿਉਂਕਿ ਇਸ ਦੋ ਦਿਨਾਂ ਸੈਸ਼ਨ ਵਿੱਚ ਜੇਕਰ ਸ਼ਰਧਾਂਜਲੀ ਤੋਂ ਕੁਝ ਬਾਅਦ ਅਗਲੀ ਬੈਠਕ ਸੱਦੀ ਗਈ ਤਾਂ ਸ਼ੱੁਕਰਵਾਰ ਬਾਅਦ ਦੁਪਹਿਰ ਤੇ ਸ਼ਨਿੱਚਰਵਾਰ ਸਵੇਰੇ ਦੀ ਬੈਠਕ ਵਿੱਚ ਸਿਰਫ਼ 40 ਸੁਆਲ ਹੀ ਲੱਗ ਸਕਣਗੇ ਜਿਸ ਕਾਰਨ ਕੈਬਨਿਟ ਮੰਤਰੀਆਂ ਨੂੰ ਛੱਡ ਕੇ 100 ਵਿਧਾਇਕਾਂ ਵਾਲੀ ਵਿਧਾਨ ਸਭਾ ਵਿੱਚ 40 ਤੋਂ ਘੱਟ ਵਿਧਾਇਕਾਂ ਨੂੰ ਹੀ ਸੁਆਲ ਪੁੱਛਣ ਦਾ ਮੌਕਾ ਮਿਲੇਗਾ, ਬਾਕੀ ਹੱਥ ਮਲਦੇ ਹੀ ਰਹਿ ਜਾਣਗੇ, ਕਿਉਂਕਿ ਉਨ੍ਹਾਂ ਦੇ ਸੁਆਲ ਦਾ ਇਸ ਛੋਟੇ ਵਿਧਾਨ ਸਭਾ ਦੇ ਸੈਸ਼ਨ ਵਿੱਚ ਨੰਬਰ ਨਹੀਂ ਆਵੇਗਾ।

2 ਬੈਠਕਾਂ ਦੇ ਸੈਸ਼ਨ ’ਚ 40 ਤੋਂ ਜ਼ਿਆਦਾ ਨਹੀਂ ਲੱਗ ਪਾਉਣਗੇ ਸੁਆਲ, 100 ਵਿਧਾਇਕਾਂ ਵਿੱਚੋਂ ਮਿਲੇਗਾ ਸਿਰਫ਼ 40 ਨੂੰ ਮੌਕਾ | Monsoon Session

ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਹਫ਼ਤੇ ਹੀ ਐਲਾਨ ਕੀਤਾ ਗਿਆ ਸੀ ਕਿ ਜਲਦ ਹੀ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਜਾਵੇਗਾ, ਜਿਸ ਵਿੱਚ ਐੱਸਵਾਈਐੱਲ ਨਹਿਰ ਦੇ ਨਾਲ ਹੀ ਪੰਜਾਬ ਦੇ ਕਈ ਹੋਰ ਮੁੱਦਿਆ ’ਤੇ ਚਰਚਾ ਕੀਤੀ ਜਾਵੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਦੋਂ ਇਹ ਐਲਾਨ ਕੀਤਾ ਗਿਆ ਸੀ ਤਾਂ ਉਸ ਸਮੇਂ ਇਹ ਜਾਣਕਾਰੀ ਨਹੀਂ ਦਿੱਤੀ ਗਈ ਸੀ ਕਿ ਇਹ ਵਿਧਾਨ ਸਭਾ ਦਾ ਸੈਸ਼ਨ ਕਿੰਨੇ ਦਿਨ ਦਾ ਹੋਵੇਗਾ ਪਰ ਹੁਣ ਵਿਧਾਨ ਸਭਾ ਦੇ ਸਕੱਤਰ ਵਲੋਂ ਜਾਰੀ ਕੀਤੇ ਗਏ ਨੋਟਿਸ ਰਾਹੀਂ ਇਹ ਸਪਸ਼ਟ ਹੋ ਗਿਆ ਹੈ ਕਿ ਵਿਧਾਨ ਸਭਾ ਦਾ ਸੈਸ਼ਨ 20 ਅਕਤੂਬਰ ਨੂੰ 11 ਵਜੇ ਸ਼ੁਰੂ ਹੋਵੇਗਾ, ਜਦੋਂ ਕਿ ਇਸ ਨੋਟਿਸ ਵਿੱਚ 21 ਅਕਤੂਬਰ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਦੱਸਿਆ ਜਾ ਰਿਹਾ ਹੈ ਕਿ ਇਹ ਸਿਰਫ਼ 2 ਦਿਨ ਦਾ ਹੀ ਵਿਧਾਨ ਸਭਾ ਦਾ ਸੈਸ਼ਨ ਹੋਵੇਗਾ।

ਵਿਧਾਨ ਸਭਾ ਦੇ ਇਸ ਛੋਟੇ ਜਿਹੇ ਸੈਸ਼ਨ ਵਿੱਚ ਸੱਤਾਧਿਰ ਅਤੇ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਆਪਣੀ ਗੱਲ ਰੱਖਣ ਦਾ ਵੀ ਜ਼ਿਆਦਾ ਸਮਾਂ ਨਹੀਂ ਮਿਲੇਗਾ। ਵਿਧਾਨ ਸਭਾ ਦੇ ਨਿਯਮਾਂ ਅਨੁਸਾਰ ਇੱਕ ਬੈਠਕ ਵਿੱਚ ਸਾਰੇ ਵਿਧਾਇਕਾਂ ਵੱਲੋਂ ਆਏ ਸੁਆਲਾਂ ਵਿੱਚੋਂ 20 ਸੁਆਲਾਂ ਨੂੰ ਹੀ ਲਾਇਆ ਜਾਂਦਾ ਹੈ, ਇਸ ਵਿੱਚ ਵੀ ਕੁਝ ਵਿਧਾਇਕਾਂ ਦੇ ਇੱਕ ਤੋਂ ਜ਼ਿਆਦਾ ਸੁਆਲ ਲੱਗ ਜਾਂਦੇ ਹਨ। ਜੇਕਰ ਇੱਕ ਵਿਧਾਇਕ ਦਾ ਇੱਕ ਸੁਆਲ ਹੀ ਲਾਇਆ ਗਿਆ ਤਾਂ ਵੀ ਇੱਕ ਬੈਠਕ ਵਿੱਚ 20 ਵਿਧਾਇਕਾਂ ਦੇ ਹੀ ਸੁਆਲ ਲੱਗਣਗੇ ਤਾਂ ਅਗਲੇ ਬੈਠਕ ਵਿੱਚ ਵੀ 20 ਵਿਧਾਇਕਾਂ ਨੂੰ ਹੀ ਮੌਕਾ ਮਿਲੇਗਾ।

15 ਦਿਨਾਂ ਦਾ ਨੋਟਿਸ ਜ਼ਰੂਰੀ, ਸੈਸ਼ਨ ਲਈ ਮਿਲੇ ਸਿਰਫ਼ 10 ਦਿਨ, ਕਿਵੇਂ ਲੱਗਣਗੇ ਸੁਆਲ

ਵਿਧਾਨ ਸਭਾ ਦੇ ਨਿਯਮਾਂ ਅਨੁਸਾਰ ਕਿਸੇ ਵੀ ਵਿਧਾਨ ਸਭਾ ਦੀ ਬੈਠਕ ਵਿੱਚ ਸੁਆਲ ਨੂੰ ਲੱਗਾਉਣ ਲਈ ਘੱਟ ਤੋਂ ਘੱਟ 15 ਦਿਨ ਪਹਿਲਾਂ ਸੁਆਲ ਨੂੰ ਵਿਧਾਇਕ ਵੱਲੋਂ ਭੇਜਣਾ ਜ਼ਰੂਰੀ ਹੁੰਦਾ ਹੈ, ਜਿਸ ਤੋਂ ਬਾਅਦ ਹੀ ਵਿਧਾਇਕ ਦਾ ਸੁਆਲ ਵਿਧਾਨ ਸਭਾ ਵਿੱਚ ਲੱਗ ਸਕਦਾ ਹੈ ਪਰ 20 ਅਕਤੂਬਰ ਨੂੰ ਸ਼ੁਰੂ ਹੋ ਰਹੇ ਵਿਧਾਨ ਸਭਾ ਦੇ ਇਸ ਸੈਸ਼ਨ ਵਿੱਚ ਜੇਕਰ ਕੋਈ ਵਿਧਾਇਕ ਹੁਣ ਸੁਆਲ ਭੇਜੇਗਾ ਤਾਂ ਉਸ ਦੇ ਸੁਆਲ ਨੂੰ ਨਹੀਂ ਲਗਾਇਆ ਜਾਵੇਗਾ, ਕਿਉਂਕਿ ਵਿਧਾਨ ਸਭਾ ਸੈਸ਼ਨ ਨੂੰ ਸ਼ੁਰੂ ਹੋਣ ਵਿੱਚ ਹੀ ਸਿਰਫ਼ 10 ਦਿਨਾਂ ਦਾ ਸਮਾਂ ਰਹਿ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਦਾ ਸੱਦਿਆ ਵਿਸ਼ੇਸ਼ ਸੈਸ਼ਨ

ਜਿਸ ਕਰਕੇ ਕਿਸੇ ਵੀ ਵਿਧਾਇਕ ਨੂੰ ਨਵਾਂ ਸੁਆਲ ਲਗਾਉਣ ਦਾ ਫਾਇਦਾ ਹੀ ਨਹੀਂ ਹੋਵੇਗਾ, ਕਿਉਂਕਿ ਉਸ ਦੇ ਸੁਆਲ ਨੂੰ ਵਿਧਾਨ ਸਭਾ ਵਿੱਚ ਲਗਾਉਣ ਦੀ ਇਜ਼ਾਜਤ ਨਹੀਂ ਮਿਲੇਗੀ। ਜੇਕਰ ਵਿਧਾਨ ਸਭਾ ਦੇ ਸਪੀਕਰ ਆਪਣੀ ਸ਼ਕਤੀ ਦੀ ਵਰਤੋਂ ਕਰਦੇ ਹੋਏ ਕਿਸੇ ਵਿਧਾਇਕ ਨੂੰ ਖ਼ਾਸ ਇਜ਼ਾਜਤ ਦੇ ਦੇਣ ਤਾਂ ਹੀ ਉਸ ਵਿਧਾਇਕ ਦਾ ਸੁਆਲ ਲੱਗ ਸਕਦਾ ਹੈ ਪਰ ਇਹ ਇੱਕਾ- ਦੁਕਾ ਨਾਲ ਹੁੰਦਾ ਹੈ, ਇਸ ਵਿੱਚ ਸਾਰਿਆਂ ਨੂੰ ਫਾਇਦਾ ਨਹੀਂ ਮਿਲਣ ਵਾਲਾ ਹੈ।