ਪੰਜਾਬੀ ‘ਵਰਸਿਟੀ ਬਣੀ ਉੱਤਰ ਭਾਰਤੀ ਅੰਤਰਵਰਸਿਟੀ ਮਹਿਲਾ ਹਾਕੀ ਚੈਂਪੀਅਨ

Sports

ਟੀਮ ਦੀ ਗੋਲ ਕੀਪਰ ਕਰਮਜੀਤ ਕੌਰ ਨੇ ਜਿੱਤਿਆ ਸਰਵੋਤਮ ਖਿਡਾਰਨ ਦਾ ਖਿਤਾਬ

ਖੁਸ਼ਵੀਰ ਸਿੰਘ ਤੂਰ/ਪਟਿਆਲਾ। ਖੇਡ ਵਿਭਾਗ ਪੰਜਾਬੀ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਪੰਜ ਰੋਜ਼ਾ ਉੱਤਰ ਭਾਰਤੀ ਅੰਤਰਵਰਸਿਟੀ ਮਹਿਲਾ ਹਾਕੀ ਖੇਡ ਮੁਕਾਬਲੇ ਅੱਜ ਸਫਲਤਾਪੂਰਵਕ ਮੁਕੰਮਲ ਹੋ ਗਏ ਹਨ। ਡਾ. ਗੁਰਦੀਪ ਕੌਰ ਰੰਧਾਵਾ ਨਿਰਦੇਸ਼ਕਾ ਖੇਡ ਵਿਭਾਗ ਦੀ ਅਗਵਾਈ ‘ਚ 15 ਨਵੰਬਰ ਤੋਂ ਸ਼ੁਰੂ ਹੋਏ ਇਨ੍ਹਾਂ ਖੇਡ ਮੁਕਾਬਲਿਆਂ ‘ਚ ਕੁੱਲ 25 ਯੂਨੀਵਰਸਿਟੀਆਂ ਦੀਆਂ ਮਹਿਲਾਂ ਟੀਮਾਂ ਨੇ ਭਾਗ ਲਿਆ।
ਡਾ. ਬੀ.ਐਸ. ਘੁੰਮਣ ਪੰਜਾਬੀ ਯੂਨੀਵਰਸਿਟੀ ਨੇ ਖੇਡ ਮੁਕਾਬਲਿਆਂ ਦੇ ਅੰਤਿਮ ਦਿਨ ਸਮਾਪਤ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਜੇਤੂ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ, ਜਦੋਂਕਿ ਇਨਾਮ ਵੰਡਣ ਦੀ ਰਸਮ ਓਲੰਪੀਅਨ ਅਤੇ ਅਰਜੁਨ ਐਵਾਰਡੀ ਦੀਪਕ ਠਾਕੁਰ ਨੇ ਬਤੌਰ ਮੁੱਖ ਮਹਿਮਾਨ ਅਦਾ ਕੀਤੀ। ਇਸ ਤੋਂ ਇਲਾਵਾ ਡਾ. ਖੁਸ਼ਵਿੰਦਰ ਕੁਮਾਰ, ਪ੍ਰਿੰ. ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵੀ ਬਤੌਰ ਵਿਸ਼ੇਸ਼ ਮਹਿਮਾਨ ਉਚੇਚੇ ਤੌਰ ‘ਤੇ ਇਸ ਸਮਾਰੋਹ ਵਿਚ ਸ਼ਾਮਲ ਹੋਏੇ। Punjabi ‘Varsity 

ਇਸ ਮੌਕੇ ਬੋਲਦਿਆਂ ਦੀਪਕ ਠਾਕੁਰ ਨੇ ਕਿਹਾ ਕਿ ਹਰ ਖਿਡਾਰੀ ਨੂੰ ਕਿਸੇ ਤਰ੍ਹਾਂ ਦੀ ਸਥਿਤੀ ਮੈਦਾਨ ਵਿੱਚ ਸੰਭਾਲਣੀ ਆਉਣੀ ਚਾਹੀਦੀ ਹੈ, ਜਦੋਂਕਿ ਇਹੋ ਜਿਹੀਆਂ ਪਰਿਪੱਕ ਸਥਿਤੀਆਂ ਵਿਚੋਂ ਦੀ ਲੰਘਦਾ ਹੋਇਆ ਖਿਡਾਰੀ ਹੀ ਅੰਤਰ ਰਾਸ਼ਟਰੀ ਪੱਧਰ ‘ਤੇ ਦੇਸ਼ ਦਾ ਨਾਂਅ ਰੌਸ਼ਨ ਕਰਨ ਦੇ ਯੋਗ ਬਣਦਾ ਹੈ। ਉਨ੍ਹਾਂ ਕਿਹਾ ਕਿ ਅੱਜ ਜਿਸ ਸਥਿਤੀ ਵਿੱਚ ਉਹ ਪਹੁੰਚੇ ਹਨ, ਉਹ ਸਿਰਫ ਤੇ ਸਿਰਫ ਮਿਹਨਤ ਸਦਕਾ ਹੀ ਸੰਭਵ ਹੋ ਸਕਿਆ ਹੈ। ਇਸ ਤੋਂ ਇਲਾਵਾ ਡਾ. ਬੀ.ਐਸ.ਘੁੰਮਣ ਨੇ ਪੰਜਾਬੀ ਯੂਨੀਵਰਸਿਟੀ ਦੀਆਂ ਹਾਕੀ ਮਹਿਲਾ ਟੀਮ ਨੂੰ ਉਨ੍ਹਾਂ ਦੀ ਇਸ ਮਾਣਮੱਤੀ ਜਿੱਤ ‘ਤੇ ਮੁਬਾਰਕਾਂ ਦਿੱਤੀਆਂ ਅਤੇ ਸਰਬ ਭਾਰਤੀ ਅੰਤਰਵਰਸਿਟੀ ਖੇਡ ਮੁਕਾਬਲਿਆਂ ਵਿਚ ਹੋਰ ਵਧੀਆ ਖੇਡ ਦਾ ਪ੍ਰਦਰਸ਼ਨ ਕਰਨ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।

ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਵਿਚਾਲੇ ਹੋਏ ਮੈਚ ਵਿੱਚ ਸ਼੍ਰੀਮਤੀ ਮੀਨਾਕਸ਼ੀ ਰੰਧਾਵਾ ਹਾਕੀ ਕੋਚ ਦੀਆਂ ਚੰਡੀਆਂ ਹੋਈਆਂ ਪੰਜਾਬੀ ਯੂਨੀਵਰਸਿਟੀ ਦੀਆਂ ਖਿਡਾਰਨਾਂ ਨੇ 2-1 ਨਾਲ ਜਿੱਤ ਦਰਜ ਕਰਦੇ ਹੋਏ ਇਸ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂਅ ਕੀਤਾ। ਪੰਜਾਬੀ ਯੂਨੀਵਰਸਿਟੀ ਲਈ ਕਪਤਾਨ ਰਾਜਵਿੰਦਰ ਕੌਰ ਅਤੇ ਪੂਜਾ ਵੱਲੋਂ 1-1 ਗੋਲ ਕੀਤੇ ਗਏ, ਜਦੋਂਕਿ ਅੱਜ ਦੇ ਦੂਜੇ ਹੋਏ ਮੈਚ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਐਮ. ਡੀ. ਯੂ. ਰੋਹਤਕ ਨੂੰ 2-1 ਨਾਲ ਹਰਾਇਆ, ਜੀ.ਐਨ.ਡੀ.ਯੂ. ਲਈ ਬੇਬੀ ਅਤੇ ਸਿਮਰਨ ਨੇ 1-1 ਗੋਲ ਬਣਾਇਆ ਜਦੋਂਕਿ ਰੋਹਤਕ ਲਈ ਮਨੀਸ਼ਾ ਨੇ ਏਕਲ ਗੋਲ ਬਣਾਇਆ। ਇਨ੍ਹਾਂ ਮੁਕਾਬਲਿਆਂ ਦੇ ਅੰਤਿਮ ਦਿਨ ਪੰਜਾਬੀ ਯੂਨੀਵਰਸਿਟੀ ਦੀ ਗੋਲ ਕੀਪਰ ਕਰਮਜੀਤ ਕੌਰ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੀ ਨਿਸ਼ਾ ਯਾਦਵ ਨੂੰ ਫਾਈਨਲ ਮੈਚ ਲਈ ਸਰਵੋਤਮ ਖਿਡਾਰਨਾਂ ਦਾ ਇਨਾਮ ਮਿਲਿਆ ਜਦੋਂਕਿ ਦੂਜੇ ਮੈਚ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਗੁਰਲੀਨ ਕੌਰ ਅਤੇ ਰੋਹਤਕ ਯੂਨੀਵਰਸਿਟੀ ਦੀ ਰਮੱਈਆ ਨੂੰ ਵੀ ਫਾਈਨਲ ਮੈਚ ਲਈ ਸਰਵੋਤਮ ਖਿਡਾਰਨਾਂ ਦਾ ਇਨਾਮ ਮਿਲਿਆ।

ਇਸ ਮੌਕੇ ਸ਼੍ਰੀਮਤੀ ਮਹਿੰਦਰਪਾਲ ਕੌਰ ਸਹਾਇਕ ਖੇਡ ਨਿਰਦੇਸ਼ਕਾ, ਡਾ. ਦਲਬੀਰ ਸਿੰਘ ਰੰਧਾਵਾ ਸਹਾਇਕ ਖੇਡ ਨਿਰਦੇਸ਼ਕ, ਡਾ. ਨਿਸ਼ਾਨ ਸਿੰਘ ਮੋਦੀ ਕਾਲਜ, ਹਰਦੀਪ ਸਿੰਘ ਡੀ.ਐਮ.ਡਬਲਿਯੂ., ਗੁਰਵਿੰਦਰ ਸਿੰਘ ਹਾਕੀ ਕੋਚ ਖੇਡ ਵਿਭਾਗ ਪੰਜਾਬ, ਮਨਪ੍ਰੀਤ ਸਿੰਘ ਰੰਧਾਵਾ ਮੈਨੇਜਰ ਪੰਜਾਬੀ ਯੂਨੀਵਰਸਿਟੀ ਮਹਿਲਾ ਹਾਕੀ ਟੀਮ ਆਦਿ ਉਚੇਚੇ ਤੌਰ ‘ਤੇ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।