Gangster : ਪੰਜਾਬੀ ਗੈਂਗਸਟਰਾਂ ਨੇ ਕੈਨੇਡਾ ’ਚ ਵੀ ਕਰ ਦਿੱਤੀ ਫਿਰੌਤੀਆਂ ਦੀ ਉਗਰਾਹੀ ਸ਼ੁਰੂ

Gangster

ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਗੈਂਗ ਨਸ਼ਿਆਂ ਦੀ ਤਸਕਰੀ ਤੇ ਆਪਸੀ ਕਤਲੋਗਾਰਤ ਕਾਰਨ ਸਾਰੇ ਕੈਨੇਡਾ ਵਿੱਚ ਬਦਨਾਮ ਹਨ। ਇਨ੍ਹਾਂ ਦੀਆਂ ਕਰਤੂਤਾਂ ਕਾਰਨ ਸਾਰੇ ਭਾਈਚਾਰੇ ਨੂੰ ਨਮੋਸ਼ੀ ਝੱਲਣੀ ਪੈਂਦੀ ਹੈ। ਇੰਗਲਿਸ਼ ਮੀਡੀਆ ਇੰਡੋ ਕੈਨੇਡੀਅਨ ਗੈਂਗ ਦੱਸ ਕੇ ਪ੍ਰਮੁੱਖਤਾ ਨਾਲ ਇਨ੍ਹਾਂ ਬਾਰੇ ਨੈਗੇਟਿਵ ਖਬਰਾਂ ਲਾਉਂਦਾ ਹੈ। ਇਨ੍ਹਾਂ ਦੇ ਕਾਲੇ ਕਾਰਨਾਮਿਆਂ ਦਾ ਖਮਿਆਜ਼ਾ ਅਮਰੀਕਾ-ਕੈਨੇਡਾ ਬਾਰਡਰ ’ਤੇ ਸ਼ਰੀਫ ਪੰਜਾਬੀ ਟਰੱਕ ਡਰਾਈਵਰਾਂ ਨੂੰ ਭੁਗਤਣਾ ਪੈ ਰਿਹਾ ਹੈ। ਬਾਰਡਰ ਪੁਲਿਸ ਵੱਲੋਂ ਖੋਜੀ ਕੁੱਤਿਆਂ ਤੇ ਸਪੈਸ਼ਲ ਸਕੈਨਰਾਂ ਦੁਆਰਾ ਚੈਕਿੰਗ ਕਰਕੇ ਕਈ-ਕਈ ਘੰਟੇ ਖੱਜਲ-ਖੁਆਰ ਕੀਤਾ ਜਾਂਦਾ ਹੈ। ਨਸ਼ਿਆਂ ਦੇ ਵਪਾਰ ਤੋਂ ਇਲਾਵਾ ਹੁਣ ਤਿੰਨ-ਚਾਰ ਮਹੀਨਿਆਂ ਤੋਂ ਗੈਂਗਸਟਰਾਂ ਨੇ ਫਿਰੌਤੀਆਂ ਮੰਗਣ ਦਾ ਨਵਾਂ ਧੰਦਾ ਸ਼ੁਰੂ ਕਰ ਲਿਆ ਹੈ। (Gangster)

ਫਿਰੌਤੀ ਨਾ ਮਿਲਣ ’ਤੇ ਸ਼ਿਕਾਰ ਦੇ ਘਰ ’ਤੇ ਫਾਇਰਿੰਗ ਕੀਤੀ ਜਾਂਦੀ ਹੈ ਅਤੇ ਕਾਰੋਬਾਰੀ ਥਾਵਾਂ ਨੂੰ ਅੱਗ ਲਾ ਦਿੱਤੀ ਜਾਂਦੀ ਹੈ। ਫਿਰੌਤੀਆਂ ਮੰਗਣ ਦੀ ਬੁਰਾਈ ਵੈਨਕੂਵਰ ਸਰੀ ਖੇਤਰ ਤੋਂ ਸ਼ੁਰੂ ਹੋਈ ਸੀ ਤੇ ਹੁਣ ਐਬਸਫੋਰਡ, ਕੈਲਗਰੀ, ਐਡਮਿੰਟਨ, ਟਰਾਂਟੋ ਅਤੇ ਬਰੈਂਪਟਨ ਆਦਿ ਤੋਂ ਹੁੰਦੀ ਹੋਈ ਛੋਟੇ ਸ਼ਹਿਰਾਂ ਤੱਕ ਵੀ ਪਹੁੰਚ ਗਈ ਹੈ। 31 ਦਸੰਬਰ ਤੱਕ ਪੁਲਿਸ ਕੋਲ 28 ਤੋਂ ਵੱਧ ਸ਼ਿਕਾਇਤਾਂ ਪਹੁੰਚ ਚੁੱਕੀਆਂ ਹਨ ਜਿਨ੍ਹਾਂ ਦੀ ਤਫਤੀਸ਼ ਚੱਲ ਰਹੀ ਹੈ। ਜਿਨ੍ਹਾਂ ਵਿਚਾਰਿਆਂ ਨੇ ਡਰਦੇ ਮਾਰੇ ਚੁੱਪ-ਚੁਪੀਤੇ ਫਿਰੌਤੀਆਂ ਭਰ ਦਿੱਤੀਆਂ ਹਨ, ਉਨ੍ਹਾਂ ਦੀ ਗਿਣਤੀ ਫਿਲਹਾਲ ਪਤਾ ਨਹੀਂ ਲੱਗ ਸਕੀ। 27 ਦਸੰਬਰ ਨੂੰ ਪ੍ਰਸਿੱਧ ਲਕਸ਼ਮੀ ਨਰਾਇਣ ਮੰਦਿਰ ਦੇ ਪ੍ਰਧਾਨ ਸਤੀਸ਼ ਕੁਮਾਰ ਦੇ ਬੇਟੇ ਦੇ ਘਰ ’ਤੇ ਸਰੀ ਵਿਖੇ ਹੋਈ ਫਾਇਰਿੰਗ ਨੇ ਤਾਂ ਸਾਰੇ ਇੰਡੋ-ਕੈਨੇਡੀਅਨ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ। (Gangster)

ਇਹ ਵੀ ਪੜ੍ਹੋ : School Holiday : ਸਕੂਲਾਂ ’ਚ ਫਿਰ ਵਧੀਆਂ ਛੁੱਟੀਆਂ, ਜਾਣੋ ਕਦੋਂ ਲੱਗਣਗੇ ਸਕੂਲ

ਕੁਝ ਦਿਨ ਪਹਿਲਾਂ ਐਡਮਿੰਟਨ ਪੁਲਿਸ ਨੇ ਫਿਰੌਤੀ ਦੇ ਮਾਮਲਿਆਂ ਕਾਰਨ ਲਾਈਆਂ ਗਈਆਂ ਦਰਜ਼ਨ ਦੇ ਕਰੀਬ ਅੱਗਾਂ ਦੀਆਂ ਵਾਰਦਾਤਾਂ ਬਾਰੇ ਪ੍ਰੈੱਸ ਰਿਲੀਜ਼ ਜਾਰੀ ਕੀਤਾ ਹੈ। ਇਸ ਵਿੱਚ ਦੱਸਿਆ ਗਿਆ ਕਿ ਜਿਆਦਾਤਰ ਧਮਕੀਆਂ ਭਾਰਤੀ ਤੇ ਖਾਸ ਤੌਰ ’ਤੇ ਪੰਜਾਬੀ ਬਿਲਡਰਾਂ ਨੂੰ ਆ ਰਹੀਆਂ ਹਨ। ਹੁਣ ਤੱਕ ਅਨੇਕਾਂ ਉਸਾਰੀ ਅਧੀਨ ਘਰ, ਸ਼ੋਅਰੂਮ ਅਤੇ ਸ਼ੋਅਹਾਊਸ ਅੱਗ ਲਾ ਕੇ ਸਾੜ ਦਿੱਤੇ ਗਏ ਹਨ। ਅੱਗ ਲਾਉਣ ਤੋਂ ਬਾਅਦ ਫਿਰੌਤੀ ਦੀ ਮੰਗ ਦੁੱਗਣੀ ਹੋ ਜਾਂਦੀ ਹੈ ਤੇ ਪੂਰੀ ਨਾ ਹੋਣ ’ਤੇ ਸ਼ਿਕਾਰ ਦੇ ਰਿਹਾਇਸ਼ੀ ਘਰ ਉੱਪਰ ਗੋਲੀਬਾਰੀ ਕੀਤੀ ਜਾਂਦੀ ਹੈ। ਸ਼ੁਕਰ ਹੈ ਕਿ ਅਜੇ ਤੱਕ ਕੋਈ ਜ਼ਖਮੀ ਜਾਂ ਹਲਾਕ ਨਹੀਂ ਹੋਇਆ। ਇਨ੍ਹਾਂ ਵਾਰਦਾਤਾਂ ਵਿੱਚ ਛੋਟੀ ਉਮਰ ਦੇ ਤੇ ਜਲਦੀ ਅਮੀਰ ਹੋਣ ਦੀ ਚਾਹ ਰੱਖਣ ਵਾਲੇ ਨੌਜਵਾਨ ਸ਼ਾਮਲ ਹਨ। (Gangster)

ਪੁਲਿਸ ਖਾਸ ਤੌਰ ’ਤੇ ਅਜਿਹੇ ਨੌਜਵਾਨਾਂ ’ਤੇ ਨਿਗ੍ਹਾ ਰੱਖ ਰਹੀ ਹੈ ਜਿਨ੍ਹਾਂ ਦੀਆਂ ਗੱਡੀਆਂ ਵਿੱਚ ਪੈਟਰੌਲ ਨਾਲ ਭਰੇ ਹੋਏ ਜੈਰੀਕੈਨ ਹੋਣ। ਪੁਲਿਸ ਨੇ ਫਿਰੌਤੀਆਂ ਮੰਗਣ, ਅੱਗਾਂ ਲਾਉਣ ਤੇ ਫਾਇਰਿੰਗ ਕਰਨ ਦੇ ਮਾਮਲਿਆਂ ਵਿੱਚ ਹੁਣ ਤੱਕ 5 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੀ ਉਮਰ ਬਾਰੇ ਜਾਣ ਕੇ ਹੈਰਾਨੀ ਹੁੰਦੀ ਹੈ। ਪਰਮਿੰਦਰ ਸਿੰਘ ਉਮਰ 20 ਸਾਲ, ਹਸਨ ਡੈਂਬਲੀ ਉਮਰ 18 ਸਾਲ, ਮਾਨਵ ਹੀਰ ਉਮਰ 18 ਸਾਲ, ਰਵਿੰਦਰ ਸੰਧੂ 19 ਸਾਲ ਅਤੇ ਅਰਜੁਨ ਸਾਹਨਨ 19 ਸਾਲ। ਇਨ੍ਹਾਂ ਵਿੱਚੋਂ ਪਰਮਿੰਦਰ ਸਿੰਘ ’ਤੇ ਧਮਕੀਆਂ, ਅੱਗਜ਼ਨੀ ਤੇ ਗੋਲੀਬਾਰੀ ਦੇ 12 ਕੇਸ ਦਰਜ਼ ਹਨ। ਕੈਨੇਡਾ ਦੇ ਨਰਮ ਕਾਨੂੰਨਾਂ ਕਾਰਨ ਉਸ ਨੂੰ ਛੱਡ ਕੇ ਬਾਕੀ ਚਾਰ ਮੁਜ਼ਰਮਾਂ ਦੀ ਕੁਝ ਦਿਨਾਂ ਬਾਅਦ ਹੀ ਜ਼ਮਾਨਤ ਹੋ ਗਈ ਹੈ। ਇਸ ਕਾਰਨ ਹੋਰ ਕਈ ਗੈਂਗਸਟਰਾਂ ਨੂੰ ਉਤਸ਼ਾਹ ਮਿਲਿਆ ਹੈ ਤੇ ਫਿਰੌਤੀ ਲਈ ਧਮਕੀਆਂ ਵਿੱਚ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : ਸੇਵਾ ਸਿਮਰਨ ਨਾਲ ਮਿਲਦੀਆਂ ਹਨ ਬਰਕਤਾਂ : ਪੂਜਨੀਕ ਗੁਰੂ ਜੀ

9 ਦਸੰਬਰ ਨੂੰ ਉਂਟਾਰੀਓ ਪੁਲਿਸ ਨੇ ਐਬਸਫੋਰਡ ਦੇ 23 ਸਾਲਾ ਤਨਮਨਜੋਤ ਗਿੱਲ ਨਾਮਕ ਇੱਕ ਗੈਂਗਸਟਰ ਨੂੰ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਬਰੈਂਪਟਨ ਵਿਖੇ ਇੱਕ ਵਪਾਰਕ ਅਦਾਰੇ ’ਤੇ ਗੋਲੀਆਂ ਚਲਾਉਣ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਸੀ। ਉਸ ਦੀ ਪੁੱਛਗਿੱਛ ਤੋਂ ਫਿਰੌਤੀਆਂ ਵਸੂਲਣ ਵਾਲੇ ਸੰਗਠਿਤ ਗਰੋਹਾਂ ਬਾਰੇ ਅਜਿਹੇ ਹੈਰਾਨੀਜਨਕ ਇੰਕਸ਼ਾਫ ਹੋਏ ਹਨ ਕਿ ਉਂਟਾਰੀਓ ਪੁਲਿਸ ਨੂੰ ਇੱਕ ਟਾਸਕ ਫੋਰਸ ਦਾ ਗਠਨ ਕਰਨਾ ਪਿਆ ਹੈ ਜੋ ਸਿਰਫ ਫਿਰੌਤੀਆਂ ਦੇ ਕੇਸਾਂ ਨੂੰ ਨਜਿੱਠੇਗੀ। ਕੈਨੇਡਾ ਵਿੱਚ ਜਿੱਥੇ ਇੱਕ ਪਾਸੇ ਮਹਿੰਗਾਈ ਤੇ ਆਰਥਿਕ ਮੰਦੀ ਕਾਰਨ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ, ਉੱਥੇ ਦੂਸਰੇ ਪਾਸੇ ਕਾਰੋਬਾਰੀ ਲੋਕਾਂ ਨੂੰ ਜਬਰੀ ਵਸੂਲੀ, ਧਮਕੀਆਂ, ਗੋਲੀਬਾਰੀ ਤੇ ਅੱਗਜ਼ਨੀ ਦੀਆਂ ਘਟਨਾਵਾਂ ਨੇ ਦਹਿਲਾ ਦਿੱਤਾ ਹੈ। (Gangster)

ਕੈਨੇਡਾ ਪੁਲਿਸ ਹੁਣ ਤੱਕ ਪੰਜਾਬੀ ਗੈਂਗਸਟਰਾਂ ਵੱਲੋਂ ਕੀਤੇ ਜਾ ਰਹੇ ਨਸ਼ਿਆਂ ਦੇ ਕਾਰੋਬਾਰ ਤੇ ਆਪਸੀ ਕਤਲੇਆਮ ਦੇ ਕੇਸਾਂ ਨੂੰ ਹੱਲ ਕਰਨ ਵਿੱਚ ਅਸਫਲ ਰਹੀ ਹੈ, ਲੱਗਦਾ ਹੈ ਕਿ ਇਸ ਮਾਮਲੇ ਵਿੱਚ ਉਸ ਨੂੰ ਜਿਆਦਾ ਸਫਲਤਾ ਹਾਸਲ ਨਹੀਂ ਹੋਵੇਗੀ। ਉਂਜ ਵੀ ਕੈਨੇਡਾ ਪੁਲਿਸ ਪੰਜਾਬੀਆਂ ਦੇ ਕਤਲਾਂ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈਂਦੀ। ਜਦੋਂ ਕੋਈ ਗੈਂਗਸਟਰ ਜਿਆਦਾ ਅੱਤ ਚੁੱਕ ਲੈਂਦਾ ਹੈ ਤਾਂ ਪੁਲਿਸ ਵੱਧ ਤੋਂ ਵੱਧ ਇੱਕ ਘੋਸ਼ਣਾ ਜਾਰੀ ਕਰ ਦਿੰਦੀ ਹੈ ਕਿ ਇਸ ’ਤੇ ਖੂਨੀ ਹਮਲਾ ਹੋਣ ਦੀ ਉਮੀਦ ਹੈ। ਜਿਹੜਾ ਵੀ ਵਿਅਕਤੀ ਇਸ ਨਾਲ ਸਬੰਧ ਰੱਖੇਗਾ, ਉਸ ਦਾ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। ਇਸੇ ਕਾਰਨ ਨਿਰਦੋਸ਼ ਪੰਜਾਬੀਆਂ ਤੇ ਗੈਂਗਸਟਰਾਂ ਦੀਆਂ ਹੱਤਿਆਵਾਂ ਦੇ 85% ਤੋਂ ਵੱਧ ਕੇਸ ਅੱਜ ਤੱਕ ਅਣਸੁਲਝੇ ਪਏ ਹਨ। (Gangster)

ਇਹ ਵੀ ਪੜ੍ਹੋ : ਪੰਜਾਬ ਨੂੰ ਸਿੱਖਿਆ ਤੇ ਖੇਡਾਂ ਦੇ ਖੇਤਰ ’ਚ ਮੋਹਰੀ ਸੂਬਾ ਬਣਾਵਾਂਗੇ : ਚੀਮਾ

ਗੈਂਗ ਹਿੰਸਾ ਕਾਰਨ ਕੈਨੇਡਾ ਵਿੱਚ ਹੁਣ ਤੱਕ 400 ਤੋਂ ਵੱਧ ਪੰਜਾਬੀ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ ਤੇ ਇਹ ਮੌਤਾਂ ਕੈਨੇਡਾ ਵਿੱਚ ਗੈਂਗ ਹਿੰਸਾ ਕਾਰਨ ਹੋਣ ਵਾਲੀਆਂ ਕੁੱਲ ਮੌਤਾਂ ਦਾ 27% ਬਣਦੀਆਂ ਹਨ। ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਉਹ ਇਨ੍ਹਾਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ। ਪਰ ਕੈਨੇਡਾ ਦੇ ਨਰਮ ਕਾਨੂੰਨਾਂ ਵਿੱਚ ਬੱਝੇ ਹੋਣ ਕਾਰਨ ਤਫਤੀਸ਼ ਜੂੰ ਦੀ ਤੋਰ ਚੱਲ ਰਹੀ ਹੈ। ਤਨਮਨਜੋਤ ਗਿੱਲ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਦੇ ਗੈਂਗ ਕੋਲ ਸ਼ਿਕਾਰ ਬਣਾਏ ਜਾਣ ਵਾਲੇ ਕਾਰੋਬਾਰੀਆਂ ਦੀ ਪੂਰੀ ਜਨਮ ਪੱਤਰੀ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਂਅ, ਬੱਚਿਆਂ ਦੇ ਸਕੂਲ, ਕਾਰਾਂ ਦੇ ਨੰਬਰ, ਪਸੰਦੀਦਾ ਰੈਸਟੋਰੈਂਟ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੇ ਪੰਜਾਬ ਵਿਚਲੇ ਐਡਰੈੱਸ ਤੱਕ ਦੀ ਜਾਣਕਾਰੀ ਉਨ੍ਹਾਂ ਕੋਲ ਸੀ। (Gangster)

ਪੁਲਿਸ ਤਫਤੀਸ਼ ਦੌਰਾਨ ਇੱਕ ਗੈਂਗ ਮੈਂਬਰ ਨੇ ਮੰਨਿਆ ਹੈ ਕਿ ਉਹ ਫਿਰੌਤੀਆਂ ਉਗਰਾਹੁਣ ਦੇ ਧੰਦੇ ਵਿੱਚ ਇਸ ਕਾਰਨ ਪਏ ਹਨ ਕਿਉਂਕਿ ਪਕੜੇ ਜਾਣ ’ਤੇ ਨਸ਼ਿਆਂ ਦੇ ਕੇਸਾਂ ਨਾਲੋਂ ਬਹੁਤ ਘੱਟ ਸਜ਼ਾ ਮਿਲਦੀ ਹੈ, ਜ਼ਮਾਨਤ ਜਲਦੀ ਹੋ ਜਾਂਦੀ ਹੈ ਤੇ ਪੈਸਾ ਜਿਆਦਾ ਬਣਦਾ ਹੈ। ਵੈਨਕੁਵਰ ਸਰੀ ਇਲਾਕੇ ਵਿੱਚ ਤਾਂ ਇਸ ਮੁਸੀਬਤ ਨੇ ਕਾਰੋਬਾਰੀਆਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਹਾਲਾਤ ਐਨੇ ਵਿਗੜ ਗਏ ਹਨ ਕਿ 6 ਜਨਵਰੀ ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ (ਬੀ.ਸੀ.) ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੂੰ ਭਾਰਤੀਆਂ ਦੇ ਇੱਕ ਵੱਡੇ ਇਕੱਠ ਵਿੱਚ ਆ ਕੇ ਇਹ ਭਰੋਸਾ ਦੇਣਾ ਪਿਆ ਕਿ ਸਰਕਾਰ ਇਸ ਨਵੀਂ ਮੁਸੀਬਤ ਪ੍ਰਤੀ ਬੇਹੱਦ ਗੰਭੀਰ ਹੈ। (Gangster)

ਇਹ ਵੀ ਪੜ੍ਹੋ : ਯਸ਼ਸਵੀ-ਦੁਬੇ ਦੇ ਤੂਫਾਨੀ ਅਰਧਸੈਂਕੜੇ, ਭਾਰਤ ਦਾ ਲੜੀ ’ਤੇ ਕਬਜ਼ਾ

ਭਾਰਤੀ ਕੈਨੇਡੀਅਨ ਭਾਈਚਾਰੇ ਨੇ ਅਟਾਰਨੀ ਜਨਰਲ ਨੂੰ ਬੀ.ਸੀ. ਦੇ ਮੁੱਖ ਮੰਤਰੀ ਡੇਵਿਡ ਐਬੀ, ਸਰੀ ਦੀ ਮੇਅਰ ਬਰੈਂਡਾ ਲਾਕ ਅਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐਮਪੀ) ਵਾਸਤੇ ਮੈਮੋਰੈਂਡਮ ਦਿੱਤੇ ਤੇ ਮੰਗ ਕੀਤੀ ਕਿ ਹੋਰ ਕਾਨੂੰਨੀ ਕਾਰਵਾਈਆਂ ਦੇ ਨਾਲ ਜਿਆਦਾ ਪ੍ਰਭਾਵਿਤ ਇਲਾਕਿਆਂ ਵਿੱਚ ਪੁਲਿਸ ਗਸ਼ਤ ਅਤੇ ਚੈਕਿੰਗ ਵਧਾਈ ਜਾਵੇ ਤਾਂ ਜੋ ਬਦਮਾਸ਼ਾਂ ਦੇ ਦਿਲਾਂ ਵਿੱਚ ਕਾਨੂੰਨ ਪ੍ਰਤੀ ਡਰ ਪੈਦਾ ਹੋਵੇ। ਇਸ ਤੋਂ ਇਲਾਵਾ ਪਹਿਲਾਂ ਹੋਈਆਂ ਵਾਰਦਾਤਾਂ ਨੂੰ ਵੀ ਹੱਲ ਕੀਤਾ ਜਾਵੇ। ਫਿਰੌਤੀਆਂ ਉਗਰਾਹੁਣ ਵਾਲੇ ਇਨ੍ਹਾਂ ਗੈਂਗਾਂ ਨੂੰ ਸ਼ਾਇਦ ਪਤਾ ਨਹੀਂ ਕਿ ਪੰਜਾਬ ਅਤੇ ਕੈਨੇਡਾ ਦੇ ਹਾਲਾਤ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। (Gangster)

ਕੈਨੇਡਾ ਵਿੱਚ ਪੁਲਿਸ ਕੋਲੋਂ ਇਨਸਾਫ ਲੈਣ ਲਈ ਕਿਸੇ ਸੱਤਾਧਾਰੀ ਲੀਡਰ ਦਾ ਫੋਨ ਕਰਵਾਉਣ ਜਾਂ ਕੋਈ ਹੋਰ ਸੱਜਾ-ਖੱਬਾ ਕਰਨ ਦੀ ਜਰੂਰਤ ਨਹੀਂ ਪੈਂਦੀ। ਇੰਡੋ-ਕੈਨੇਡੀਅਨ ਲੋਕ ਆਪਣੇ ਹੱਕਾਂ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਹਨ ਜਿਸ ਕਾਰਨ ਪੁਲਿਸ ਕੋਲ ਧੜਾਧੜ ਸ਼ਿਕਾਇਤਾਂ ਪਹੁੰਚ ਰਹੀਆਂ ਹਨ। ਇਹ ਗੈਂਗਸਟਰ ਪੰਜਾਬੀਆਂ ਦੇ ਨਾਂਅ ’ਤੇ ਕਾਲਾ ਧੱਬਾ ਹਨ ਤੇ ਆਪਣੇ ਭਾਈਚਾਰੇ ਦੀ ਬਦਨਾਮੀ ਤੇ ਦੁੱਖਾਂ ਦਾ ਕਾਰਨ ਬਣ ਰਹੇ ਹਨ। ਜੇ ਅੱਜ ਇਹ ਲੋਕ ਕੈਨੇਡਾ ਦੇ ਨਰਮ ਕਾਨੂੰਨਾਂ ਦਾ ਫਾਇਦਾ ਉਠਾ ਰਹੇ ਹਨ ਤਾਂ ਕੱਲ੍ਹ ਨੂੰ ਇਹ ਕਾਨੂੰਨ ਬਦਲ ਵੀ ਸਕਦੇ ਹਨ।