ਪੰਜਾਬ ਸਰਕਾਰ ਜਲਦ ਕਰੇਗੀ 10500 ਅਧਿਆਪਕਾਂ ਦੀ ਭਰਤੀ : ਮੀਤ ਹੇਅਰ

Recruitment Sachkahoon

ਪੰਜਾਬ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਬਣੇਗਾ ਦੇਸ਼ ਦਾ ਮੋਹਰੀ ਸੂਬਾ

ਸਿੱਖਿਆ ਮੰਤਰੀ ਨੇ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਚਾਣਨ ਵਾਲਾ ਦੇ ਸਲਾਨਾ ਸਮਾਗਮ ਵਿੱਚ ਕੀਤੀ ਸ਼ਿਰਕਤ

(ਰਜਨੀਸ਼ ਰਵੀ) ਫਾਜ਼ਿਲਕਾ। ਸੂਬਾ ਸਰਕਾਰ ਰਾਜ ਵਿੱਚ 10500 ਅਧਿਆਪਕਾਂ ਦੀ ਭਰਤੀ ਜਲਦ ਕਰਨ ਜਾ ਰਹੀ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸਕੂਲੀ ਸਿੱਖਿਆ, ਉਚੇਰੀ ਸਿੱਖਿਆ, ਖੇਡ ਤੇ ਯੁਵਕ ਸੇਵਾਵਾਂ ਮੰਤਰੀ ਸ: ਗੁਰਮੀਤ ਸਿੰਘ ਮੀਤ ਹੇਅਰ ਨੇ ਜਿਲ੍ਹੇ ਦੇ ਪਿੰਡ ਚਾਣਨ ਵਾਲਾ ਵਿਖੇ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਦੇ ਸਲਾਨਾ ਸਮਾਗਮ ‘ਸਾਂਝ 2022’ ’ਚ ਸ਼ਿਰਕਤ ਕਰਦਿਆਂ ਕੀਤਾ ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਸਰਕਾਰ ਦੀ ਸਿੱਖਿਆ ਅਤੇ ਖੇਡਾਂ ਪ੍ਰਤੀ ਆਉਣ ਵਾਲੀ ਨੀਤੀ ਦੀ ਰੂਪ ਰੇਖਾ ਬਿਆਨ ਕਰਦਿਆਂ ਕਿਹਾ ਕਿ ਰਾਜ ਨੂੰ ਸਿੱਖਿਆ ਅਤੇ ਖੇਡਾਂ ਦੋਹਾਂ ਖੇਤਰਾਂ ਵਿੱਚ ਦੇਸ਼ ਦਾ ਅਵੱਲ ਸੂਬਾ ਬਣਾਇਆ ਜਾਵੇਗਾ। ਸਿੱਖਿਆ ਮੰਤਰੀ ਨੇ ਚਾਣਨ ਵਾਲਾ ਦੇ ਮੁੱਖ ਅਧਿਆਪਕ ਲਵਜੀਤ ਗਰੇਵਾਲ ਸਮੇਤ ਸਟਾਫ ਵੱਲੋਂ ਇਸ ਸਕੂਲ ਨੂੰ ਇੱਕ ਸ਼ਾਨਦਾਰ ਸਕੂਲ ਬਣਾਉਣ ਲਈ ਵਧਾਈ ਦਿੰਦਿਆਂ ਕਿਹਾ ਕਿ ਅਧਿਆਪਕਾਂ ਦੇ ਸਮਰਪਨ ਵਿੱਚ ਕੋਈ ਕਮੀ ਨਹੀਂ ਹੈ, ਬਲਕਿ ਰਾਸ਼ਟਰ ਨਿਰਮਾਤਾ ਅਧਿਆਪਕ ਹੀ ਪੰਜਾਬ ਸਰਕਾਰ ਦੀ ਸੂਬੇ ਦੇ ਸਕੂਲਾਂ ਨੂੰ ਸਭ ਤੋਂ ਬਿਹਰਤ ਬਣਾਉਣ ਵਿਚ ਸਰਕਾਰ ਲਈ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਉਨ੍ਹਾਂ ਕਿਹਾ ਕਿ ਨਵੀਂ ਭਰਤੀ ਕਰਕੇ ਅਧਿਆਪਕਾਂ ਦੀ ਘਾਟ ਪੂਰੀ ਕੀਤੀ ਜਾਵੇਗੀ ਅਤੇ ਇਸ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵੀ ਵਧਣਗੇ। ਸਿੱਖਿਆ ਮੰਤਰੀ ਨੇ ਉਚੇਰੀ ਸਿੱਖਿਆ ਦਾ ਜਿਕਰ ਕਰਦਿਆਂ ਕਿਹਾ ਕਿ ਫਾਜ਼ਿਲਕਾ ਦੇ ਐਮ ਆਰ ਕਾਲਜ ਸਮੇਤ ਸਾਰੇ ਸਰਕਾਰੀ ਕਾਲਜਾਂ ਵਿੱਚ ਨਵੇਂ-ਨਵੇਂ ਕੋਰਸ ਸ਼ੁਰੂ ਕੀਤੇ ਜਾਣਗੇ ਤਾਂ ਜੋ ਸਾਡੇ ਨੌਜਵਾਨ ਸਮੇਂ ਦੇ ਹਾਣ ਦੀ ਸਿੱਖਿਆ ਲੈ ਸਕਣ।

ਖੇਡਾਂ ਦੀ ਗੱਲ ਕਰਦਿਆਂ ਸ੍ਰੀ ਮੀਤ ਹੇਅਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਾ ਕੇਵਲ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਮੈਡਲ ਲਿਆਉਣ ਵਾਲਿਆਂ ਦਾ ਮਾਣ ਸਨਮਾਨ ਕਰੇਗੀ ਸਗੋਂ ਨਾਲ ਦੀ ਨਾਲ ਅਜਿਹਾ ਖੇਡ ਮਹੌਲ ਸਿਰਜਿਆ ਜਾਵੇਗਾ ਕਿ ਸਾਡੇ ਨੌਜਵਾਨ ਮੈਡਲ ਜਿੱਤ ਸਕਣ ਉਨ੍ਹਾਂ ਕਿਹਾ ਕਿ ਮੁੜ ਤੋਂ ਖੇਡਾਂ ਵਿੱਚ ਪੰਜਾਬ ਦੀ ਸਰਦਾਰੀ ਕਾਇਮ ਕੀਤੀ ਜਾਵੇਗੀ ਉਨ੍ਹਾਂ ਐਲਾਨ ਕੀਤਾ ਕਿ ਸਰਕਾਰ ਜਿੰਨ੍ਹਾਂ ਵੀ ਪਿੰਡਾਂ ਵਿਚ ਜ਼ਮੀਨ ਉਪਲਬੱਧ ਹੋਵੇਗੀ ਘਾਹ ਵਾਲੇ ਖੇਡ ਮੈਦਾਨ ਆਉਣ ਵਾਲੇ 2-3 ਸਾਲ ਵਿੱਚ ਬਣਾਏਗੀ। ਇਸ ਮੌਕੇ ਉਨ੍ਹਾਂ ਨੇ ਚਾਣਨ ਵਾਲਾ ਦੇ ਪ੍ਰਾਇਮਰੀ ਸਕੂਲ ਨੂੰ ਮਿਡਲ ਕਰਨ ਅਤੇ ਸਕੂਲ ਦੀ ਟਰਾਂਸਪੋਰਟ ਸੇਵਾ ਜਾਰੀ ਰੱਖਣ ਦਾ ਐਲਾਣ ਵੀ ਕੀਤਾ।

ਇਸ ਤੋਂ ਪਹਿਲਾਂ ਬੋਲਦਿਆਂ ਫਾਜ਼ਿਲਕਾ ਦੇ ਵਿਧਾਇਕ ਸ: ਨਰਿੰਦਰ ਪਾਲ ਸਿੰਘ ਸਵਨਾ ਨੇ ਮੁੱਖ ਅਧਿਆਪਕ ਲਵਜੀਤ ਗਰੇਵਾਲ ਦੀ ਸਲਾਹੁਤਾ ਕਰਦਿਆਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੁੜੀਆਂ ਨੂੰ ਵੀ ਪੜ੍ਹਾਈ ਦੇ ਬਰਾਬਰ ਮੌਕੇ ਦੇਣ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ਼ ਨੇ ਸਕੂਲਾਂ ਵਿੱਚ ਸਾਰਥਕ ਮੁਕਾਬਲੇਬਾਜੀ ਦੀ ਲੋੜ ’ਤੇ ਜ਼ੋਰ ਦਿੱਤਾ ਜਦ ਕਿ ਬੱਲੂਆਣਾ ਦੇ ਵਿਧਾਇਕ ਸ: ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਪੂਰੇ ਪੰਜਾਬ ਦੇ ਸਕੂਲਾਂ ਵਿੱਚ ਸਿੱਖਿਆ ਸੁਧਾਰ ਕੀਤੇ ਜਾਣਗੇ ਇਸ ਮੌਕੇ ਕੁਲਦੀਪ ਕੁਮਾਰ ਦੀਪ ਕੰਬੋਜ਼ ਨੇ ਵੀ ਸੰਬੋਧਨ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ