Punjab Assembly Elections 2027: ਭਾਜਪਾ ਨੇ ਚੋਣ ਵਾਅਦਾ ਪੱਤਰ ਲਈ ਲੋਕਾਂ ਤੋਂ ਮੰਗੇ ਸੁਝਾਅ

ਹੈਲਪਲਾਈਨ ਨੰਬਰ ਤੇ ਕਿਊਆਰ ਕੋਡ ਜਾਰੀ, ਪਿੰਡਾਂ ਤੇ ਸ਼ਹਿਰਾਂ ’ਚ ਜਾਣਗੀਆਂ ਸੁਝਾਅ ਇਕੱਠੇ ਕਰਨ ਵਾਲੀਆਂ ਵੈਨਾਂ

Khushdeep Singh Picture
Published On

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਲੜੀ ਤਹਿਤ ਪਾਰਟੀ ਨੇ ਚੋਣ ਵਾਅਦਾ ਪੱਤਰ ਦੀ ਥਾਂ ‘ਵਿਜ਼ਨ ਡਾਕਿਊਮੈਂਟ’ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਦਿਆਂ ਸੂਬੇ ਦੇ ਲੋਕਾਂ ਤੋਂ ਸਿੱਧੇ ਸੁਝਾਅ ਲੈਣ ਲਈ ਵਿਸ਼ੇਸ਼ ਮੁਹਿੰਮ ਦਾ ਆਗਾਜ਼ ਕੀਤਾ ਹੈ। ਇਸ ਲਈ ਤਿੰਨ ਹੈਲਪਲਾਈਨ ਨੰਬਰ ਤੇ ਇੱਕ ਕਿਊਆਰ ਕੋਡ ਜਾਰੀ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਪਾਰਟੀ ਵੱਲੋਂ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ’ਚ ਵੈਨਾਂ ਭੇਜ ਕੇ ਵੀ ਲੋਕਾਂ ਦੇ ਵਿਚਾਰ ਇਕੱਠੇ ਕੀਤੇ ਜਾਣਗੇ। ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਡਾ. ਸਤੀਸ਼ ਪੂਨੀਆ, ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਅਵਿਨਾਸ਼ ਰਾਏ ਖੰਨਾ ਤੇ ਕਮੇਟੀ ਦੇ ਹੋਰ ਮੈਂਬਰਾਂ ਦੀ ਮੌਜ਼ੂਦਗੀ ’ਚ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਚੋਣ ਵਾਅਦਾ ਪੱਤਰ ਕਮੇਟੀ ਦੇ ਚੇਅਰਮੈਨ ਅਵਿਨਾਸ਼ ਰਾਏ ਖੰਨਾ ਨੇ ਦੱਸਿਆ ਕਿ ਲੋਕਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਤਿੰਨ ਵੱਖ-ਵੱਖ ਫੋਨ ਨੰਬਰ ਜਾਰੀ ਕੀਤੇ ਗਏ ਹਨ।

ਇਨ੍ਹਾਂ ਰਾਹੀਂ ਲੋਕ ਆਪਣੀਆਂ ਸਮੱਸਿਆਵਾਂ, ਲੋੜਾਂ ਤੇ ਪੰਜਾਬ ਦੇ ਵਿਕਾਸ ਸਬੰਧੀ ਸੁਝਾਅ ਸਿੱਧੇ ਪਾਰਟੀ ਤੱਕ ਪਹੁੰਚਾ ਸਕਣਗੇ। ਉਨ੍ਹਾਂ ਦੱਸਿਆ ਕਿ 0797-194-3333 ਨੰਬਰ ’ਤੇ ਫੋਨ ਕਰਕੇ ਸੁਝਾਅ ਦਿੱਤੇ ਜਾ ਸਕਦੇ ਹਨ। 9913-002-027 ਨੰਬਰ ’ਤੇ ਮਿਸਡ ਕਾਲ ਦੇਣ ਤੋਂ ਬਾਅਦ ਪਾਰਟੀ ਵੱਲੋਂ ਸੰਪਰਕ ਕਰਕੇ ਸੁਝਾਅ ਲਏ ਜਾਣਗੇ, ਜਦਕਿ 7508-560-065 ਨੰਬਰ ’ਤੇ ਵਟਸਐਪ ਰਾਹੀਂ ਆਪਣੇ ਵਿਚਾਰ ਭੇਜੇ ਜਾ ਸਕਦੇ ਹਨ।

ਇਸ ਤੋਂ ਇਲਾਵਾ ਜਾਰੀ ਕੀਤੇ ਗਏ ਕਿਊਆਰ ਕੋਡ ਰਾਹੀਂ ਵੀ ਲੋਕ ਆਪਣੇ ਸੁਝਾਅ ਸਾਂਝੇ ਕਰ ਸਕਣਗੇ। ਅਵਿਨਾਸ਼ ਖੰਨਾ ਨੇ ਕਿਹਾ ਕਿ ਪਾਰਟੀ ਵੱਲੋਂ ਵਿਸ਼ੇਸ਼ ਵੈਨਾਂ ਵੀ ਪੰਜਾਬ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ’ਚ ਭੇਜੀਆਂ ਜਾਣਗੀਆਂ। ਇਨ੍ਹਾਂ ਵੈਨਾਂ ਵਿੱਚ ਸੁਝਾਅ ਬਾਕਸ ਲਾਏ ਜਾਣਗੇ, ਜਿਨ੍ਹਾਂ ਰਾਹੀਂ ਲੋਕ ਆਪਣੇ ਵਿਚਾਰ ਦਰਜ ਕਰਵਾ ਸਕਣਗੇ। ਇਨ੍ਹਾਂ ਸਾਰੇ ਸੁਝਾਵਾਂ ਦਾ ਅਧਿਐਨ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੀ ਮੈਨੀਫੈਸਟੋ ਕਮੇਟੀ ਕਰੇਗੀ ਤੇ ਢੁਕਵੇਂ ਸੁਝਾਵਾਂ ਨੂੰ ਵਿਜ਼ਨ ਡਾਕਿਊਮੈਂਟ ’ਚ ਸ਼ਾਮਲ ਕੀਤਾ ਜਾਵੇਗਾ।

ਲੋਕਾਂ ਦੀਆਂ ਆਸਾਂ ਤੇ ਉਮੀਦਾਂ ’ਤੇ ਆਧਾਰਿਤ ਹੋਵੇਗਾ ਵਿਜ਼ਨ ਡਾਕਿਊਮੈਂਟ : ਖੰਨਾ

ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਭਾਜਪਾ ਦਾ ਵਿਜ਼ਨ ਡਾਕਿਊਮੈਂਟ ਸਿਰਫ਼ ਚੋਣਾਂ ਦੌਰਾਨ ਜਾਰੀ ਕੀਤਾ ਜਾਣ ਵਾਲਾ ਦਸਤਾਵੇਜ਼ ਨਹੀਂ ਹੋਵੇਗਾ, ਸਗੋਂ ਇਹ ਪੰਜਾਬ ਦੇ ਲੋਕਾਂ ਦੀਆਂ ਆਸਾਂ, ਉਮੀਦਾਂ ਤੇ ਸੁਝਾਵਾਂ ਦਾ ਪ੍ਰਤੀਕ ਹੋਵੇਗਾ। ਪਾਰਟੀ ਦਾ ਯਤਨ ਹੈ ਕਿ ਇਸ ਵਿੱਚ ਹਰ ਵਰਗ ਦੀਆਂ ਸਮੱਸਿਆਵਾਂ ਤੇ ਲੋੜਾਂ ਨੂੰ ਥਾਂ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਹੇਠਲੀ ਕਮੇਟੀ ਲੋਕਾਂ ਤੋਂ ਪ੍ਰਾਪਤ ਸੁਝਾਵਾਂ ਦੀ ਸਮੀਖਿਆ ਕਰੇਗੀ।

ਇਸ ਤੋਂ ਬਾਅਦ ਪੰਜਾਬ ਦੇ ਵਿਕਾਸ ਲਈ ਇੱਕ ਠੋਸ ਰੋਡਮੈਪ ਤਿਆਰ ਕੀਤਾ ਜਾਵੇਗਾ। ਇਸ ਮੌਕੇ ਮੈਨੀਫੈਸਟੋ ਕਮੇਟੀ ਦੇ ਮੈਂਬਰ ਤੇ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ, ਐਡਵੋਕੇਟ ਐੱਚ. ਐੱਸ. ਫੂਲਕਾ, ਰਾਜ ਸਭਾ ਮੈਂਬਰ ਰਜਿੰਦਰ ਗੁਪਤਾ, ਸਾਬਕਾ ਸੂਬਾ ਪ੍ਰਧਾਨ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਅਸ਼ਵਨੀ ਸੇਖੜੀ, ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਰਾਣਾ ਗੁਰਮੀਤ ਸਿੰਘ ਸੋਢੀ, ਪਰਮਪਾਲ ਕੌਰ ਤੇ ਸਟੇਟ ਮੀਡੀਆ ਮੁਖੀ ਵਿਨੀਤ ਜੋਸ਼ੀ ਸਮੇਤ ਹੋਰ ਆਗੂ ਮੌਜ਼ੂਦ ਸਨ।

ਇਹ ਵੀ ਪੜ੍ਹੋ : CM Bhagwant Mann: ਧੂਰੀ ਨੂੰ ਮਿਲੇਗਾ 39.20 ਕਰੋੜ ਦਾ ਅਤਿ-ਆਧੁਨਿਕ ਸਪੋਰਟਸ ਕੰਪਲੈਕਸ, ਮੁੱਖ ਮੰਤਰੀ ਮਾਨ ਨੇ ਰੱਖਿਆ ਨੀਂਹ ਪੱਥਰ

Comments

Post Your Comment

About The Author

Related Posts