ਕਿਸਾਨਾਂ ਦਾ ਜਨਤਕ ਦਬਾਓ: ਮੀਟਿੰਗ ਬੁਲਾਉਣ ਲਈ ਮਜ਼ਬੂਰ ਹੋਏ ਮੁੱਖ ਮੰਤਰੀ ਚੰਨੀ

Farmers Sachkahoon

ਖੇਤੀਬਾੜੀ ਡਾਇਰੈਕਟਰ ਰਾਹੀਂ ਕਿਸਾਨਾਂ ਨੂੰ ਭੇਜਿਆ ਲਿਖਤੀ ਸੱਦਾ

(ਜਸਵੀਰ ਸਿੰਘ ਗਹਿਲ/ਰਜਿੰਦਰ ਸ਼ਰਮਾ) ਬਰਨਾਲਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੂਬੇ ਦੇ ਦਰਜਨ ਭਰ ਜ਼ਿਲ੍ਹਿਆਂ ’ਚ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਪੱਕੇ ਮੋਰਚਿਆਂ ਪਿੱਛੋਂ ਕੁਝ ਦਿਨਾਂ ਤੋਂ ਵੱਖ-ਵੱਖ ਦਫ਼ਤਰਾਂ ਦਾ ਮੁਕੰਮਲ ਘਿਰਾਓ ਕਰਦਿਆਂ ਪੰਜਾਬ ਸਰਕਾਰ ਤੇ ਜਨਤਕ ਦਬਾਓ ਬਣਾਇਆ ਜਾ ਰਿਹਾ ਸੀ, ਜਿਸ ਕਾਰਨ ਮੁੱਖ ਮੰਤਰੀ ਪੰਜਾਬ ਨੂੰ ਕਿਸਾਨ ਆਗੂਆਂ ਨਾਲ ਮੀਟਿੰਗ ਕਰਨ ਲਈ ਮਜ਼ਬੂਰ ਹੋਣਾ ਪੈ ਗਿਆ ਹੈ। ਕਿਸਾਨਾਂ ਆਗੂਆਂ ਮੁਤਾਬਕ ਮੁੱਖ ਮੰਤਰੀ ਵੱਲੋਂ ਉਨ੍ਹਾਂ ਨੂੰ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਰਾਹੀਂ ਲਿਖਤੀ ਰੂਪ ’ਚ ਮੀਟਿੰਗ ਦਾ ਸੱਦਾ ਭੇਜਿਆ ਹੈ।

ਇਸ ਮੌਕੇ ਸੰਬੋਧਨ ਕਰਦਿਆਂ ਜਥੇਬੰਧੀ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਨੇ ਕਿਹਾ ਕਿ ਭਾਕਿਯੂ ਏਕਤਾ ਉਗਰਾਹਾਂ ਦੇ ਸੂਬਾ ਆਗੂਆਂ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਗੱਲਬਾਤ ਰਾਮਪੁਰਾ ਵਿਖੇ ਵਾਅਦੇ ਮੁਤਾਬਿਕ ਹੋਣੀ ਸੀ। ਇਸ ਦੌਰਾਨ 2 ਕਿਸਾਨ ਆਗੂਆਂ ਨਾਲ ਗੱਲਬਾਤ ਸਮੇਂ ਮੁੱਖ ਮੰਤਰੀ ਚੰਨੀ ਨੇ 5 ਏਕੜ ਵਾਲੀ ਕੋਈ ਚਿੱਠੀ ਜਾਰੀ ਨਹੀਂ ਕੀਤੀ। ਜਿਸ ਪਿੱਛੋਂ ਆਗੂਆਂ ਵੱਲੋਂ ਚਿੱਠੀ ਦੀ ਨਕਲ ਪੇਸ ਕਰਕੇ ਅਲਟੀਮੇਟਮ ਦਿੱਤਾ ਗਿਆ ਸੀ ਇੱਕ ਘੰਟੇ ਦੇ ਅੰਦਰ-ਅੰਦਰ ਇਹ 5 ਏਕੜ ਵਾਲੀ ਸ਼ਰਤ ਰੱਦ ਕਰਨ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲਣੀ ਚਾਹੀਦੀ ਹੈ। ਪਰ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਵੱਲੋਂ ਕੋਈ ਠੋਸ ਸਬੂਤ ਨਾ ਦੇਣ ਦੀ ਸੂਰਤ ’ਚ ਇਹ ਘਿਰਾਓ ਕੀਤਾ ਗਿਆ ਹੈ।

ਆਗੂਆਂ ਦਾਅਵਾ ਕੀਤਾ ਕਿ ਭਾਰੀ ਗਿਣਤੀ ’ਚ ਜੂਝ ਰਹੇ ਪੀੜਤ ਕਿਸਾਨਾਂ ਦੇ ਜਨਤਕ ਦਬਾਓ ਤਹਿਤ ਮੁੱਖ ਮੰਤਰੀ ਵੱਲੋਂ 3 ਜਨਵਰੀ ਨੂੰ 10 ਵਜੇ ਆਪਣੀ ਸਰਕਾਰੀ ਰਿਹਾਇਸ਼ ਚੰਡੀਗੜ੍ਹ ਵਿਖੇ ਸਾਰੀਆਂ ਭਖਦੀਆਂ ਮੰਗਾਂ ਦੇ ਹੱਲ ਲਈ ਗੱਲਬਾਤ ਦਾ ਲਿਖਤੀ ਸੱਦਾ ਅੱਜ ਮੁੜ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਰਾਹੀਂ ਭੇਜਿਆ ਗਿਆ ਹੈ। ਜਿੱਥੇ ਕਿਸਾਨ ਆਗੂਆਂ ਵੱਲੋਂ ਗੱਲਬਾਤ ਦੀ ਮੇਜ ’ਤੇ ਵੀ ਕਿਸਾਨ ਮੰਗਾਂ ਦੀ ਜ਼ੋਰਦਾਰ ਪੈਰਵੀ ਕੀਤੀ ਜਾਵੇਗੀ। ਆਗੂਆਂ ਚੇਤਾਵਨੀ ਦਿਤੀ ਕਿ ਕਿਸਾਨੀ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਤੱਕ ਨਿਰਵਿਘਨ ਜਾਰੀ ਰਹੇਗਾ। ਇਸ ਮੌਕੇ ਜਥੇਬੰਦੀ ਦੇ ਜਰਨੈਲ ਸਿੰਘ ਬਦਰਾ, ਭਗਤ ਸਿੰਘ ਛੰਨਾ, ਦਰਸ਼ਨ ਸਿੰਘ ਭੈਣੀ ਮਹਿਰਾਜ, ਬਲਵਿੰਦਰ ਸਿੰਘ ਛੰਨਾ, ਮੇਘਰਾਜ ਹਰੀਗੜ੍ਹ, ਨਾਜ਼ਰ ਸਿੰਘ, ਚਰਨਾ ਸਿੰਘ ਟਿੱਬਾ, ਗੁਰਚਰਨ ਸਿੰਘ ਭਦੌੜ, ਹਰਜੀਤ ਸਿੰਘ, ਮਾਨ ਸਿੰਘ, ਗੁਰਮੇਲ ਸਿੰਘ, ਮੱਖਣ ਸਿੰਘ, ਜ਼ਿਲ੍ਹਾ ਆਗੂ ਕਮਲਜੀਤ ਕੌਰ ਬਰਨਾਲਾ, ਕੁਲਵੰਤ ਕੌਰ, ਲਖਵੀਰ ਕੌਰ, ਰਾਜ ਕੌਰ, ਕਰਨੈਲ ਕੌਰ, ਅਮਰਜੀਤ ਕੌਰ, ਸੁਖਦੇਵ ਕੌਰ ਠੁੱਲ੍ਹੀਵਾਲ ਤੇ ਕੁਲਵਿੰਦਰ ਕੌਰ ਮਹਿਲ ਕਲਾਂ ਆਦਿ ਆਗੂ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ