ਇਨਾਮੀ ਰਾਸ਼ੀ ਨੂੰ ਦੋ ਸਾਲਾਂ ਤੋਂ ਤਰਸ ਰਹੇ ਨੇ ਪੰਜਾਬ ਦੇ ਪੁਰਸਕਾਰ ਪ੍ਰਾਪਤ ਅਧਿਆਪਕ

Prize Money, Two Years, Received, Punjab, Award, Winning, Teacher

ਹੁਣ ਪੰਜਾਬ ਸਰਕਾਰ ਨੇ ਰਾਸ਼ੀ ਕੀਤੀ ਬੰਦ, ਹਰਿਆਣਾ ਨੇ ਨਾਲ ਦੀ ਨਾਲ ਫੜਾਏ ਚੈੱਕ

ਹਰਿਆਣਾ ਸਰਕਾਰ ਦੇ ਰਹੀ ਹੈ 21000 ਰੁਪਏ ਦਾ ਇਨਾਮ ਤੇ ਹੋਰ ਸਹੂਲਤਾਂ

ਮਾਨਸਾ, ਸੁਖਜੀਤ ਮਾਨ/ਸੱਚ ਕਹੂੰ ਨਿਊਜ਼

ਪੰਜਾਬ ਸਰਕਾਰ ਦਾ ਖ਼ਜਾਨਾ ਸਿਰਫ ਮੰਤਰੀਆਂ ਤੇ ਵਿਧਾਇਕਾਂ ਲਈ ਹੀ ਖੁੱਲ੍ਹਦਾ ਹੈ। ਇਨ੍ਹਾਂ ਦੀਆਂ ਬਿਮਾਰੀਆਂ ਅਤੇ ਸਫਰੀ ਭੱਤਿਆਂ ਆਦਿ ਦੇ ਬਿੱਲ ਝੱਟ ਪਾਸ ਹੋ ਜਾਂਦੇ ਨੇ ਮੁੱਖ ਮੰਤਰੀ ਦਾ ਹੈਲੀਕਾਪਟਰ ਵੀ ਸ਼ਿਮਲੇ ਦੀਆਂ ਵਾਦੀਆਂ ‘ਚ ਖਜ਼ਾਨੇ ਸਹਾਰੇ ਚੱਕਰ ਕੱਟ ਆਉਂਦਾ ਹੈ ਪਰ ਜਦੋਂ ਆਮ ਲੋਕਾਂ ਦੇ ਮਸਲਿਆਂ ਦੀ ਗੱਲ ਹੁੰਦੀ ਹੈ ਤਾਂ ਖਜ਼ਾਨਾ ਖਾਲੀ ਹੋਣ ਦੀ ਦੁਹਾਈ ਪਾਈ ਜਾਂਦੀ ਹੈ। ਸਮਾਜ ਨੂੰ ਸੇਧ ਦੇਣ ਵਾਲੇ ਮਿਹਨਤੀ ਅਧਿਆਪਕਾਂ ਨੂੰ ਸਟੇਟ ਐਵਾਰਡ ਮੌਕੇ ਦਿੱਤੀ ਜਾਣ ਵਾਲੀ ਦੋ ਸਾਲ ਪੁਰਾਣੀ ਰਾਸ਼ੀ ਬਕਾਇਆ ਪਈ ਹੈ ਇਸ ਵਾਰ ਤੋਂ ਤਾਂ ਇਸ ਰਾਸ਼ੀ ਦਾ ਐਲਾਨ ਕਰਨਾ ਹੀ ਬੰਦ ਕਰ ਦਿੱਤਾ ।

‘ਸੱਚ ਕਹੂੰ’ ਨਾਲ ਗੱਲਬਾਤ ਦੌਰਾਨ ਕੁਝ ਸਟੇਟ ਐਵਾਰਡੀ ਅਧਿਆਪਕਾਂ ਨੇ ਕਿਹਾ ਕਿ ਅਧਿਆਪਕਾਂ ਪ੍ਰਤੀ ਸਰਕਾਰ ਦੀ ਨੀਤੀ ਕਦੇ ਵੀ ਸਹੀ ਨਹੀਂ ਰਹੀ ਜਦੋਂਕਿ ਚਾਹੀਦਾ ਇਹ ਹੈ ਕਿ ਇਸ ਵਰਗ ਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ ‘ਤੇ ਹੱਲ ਹੋਣ ਸਾਲ 2016 ‘ਚ  ਮੋਹਾਲੀ ਵਿਖੇ ਹੋਏ ਸੂਬਾ ਪੱਧਰੀ ਸਮਾਗਮ ਦੌਰਾਨ ਸਟੇਟ ਐਵਾਰਡ  ਹਾਸਲ ਕਰਨ ਵਾਲੇ ਕਈ ਅਧਿਆਪਕਾਂ ਨੇ ਦੱਸਿਆ ਕਿ ਭਾਵੇਂ ਹੀ ਉਨ੍ਹਾਂ ਨੂੰ ਇਹ ਐਵਾਰਡ ਮਿਲਣਾ ਹੀ ਮਾਣ ਵਾਲੀ ਗੱਲ ਹੈ ਪਰ ਸਰਕਾਰੀ ਵਾਅਦੇ ਮੁਤਾਬਿਕ ਉਨ੍ਹਾਂ ਨੂੰ ਹਾਲੇ ਇਨਾਮੀ ਰਾਸ਼ੀ ਨਹੀਂ ਮਿਲੀ।

ਉਨ੍ਹਾਂ ਆਖਿਆ ਕਿ  ਇਹ ਐਵਾਰਡ ਮਿਲਣ ‘ਤੇ ਚਹੁੰ ਪਾਸਿਓਂ ਵਧਾਈਆਂ ਤਾਂ ਮਿਲੀਆਂ ਪਰ ਉਨ੍ਹਾਂ ਦੇ ਪੱਲੇ ਸਿਰਫ ਇੱਕ ਪ੍ਰਸੰਸਾ ਪੱਤਰ ਹੀ ਪਿਆ ਅੱਜ ਅਧਿਆਪਕ ਦਿਵਸ ਮੌਕੇ ਉਸ ਦਿਨ ਨੂੰ ਚੇਤੇ ਕਰਦਿਆਂ ਉਨ੍ਹਾਂ ਦੱਸਿਆ ਕਿ ਉਸ ਵੇਲੇ ਅਧਿਆਪਕਾਂ ਤੋਂ ਕੈਂਸਲ ਚੈੱਕ ਇਹ ਕਹਿ ਕੇ ਲੈ ਲਏ ਸੀ ਕਿ 25 ਹਜ਼ਾਰ ਰੁਪਏ ਰਾਸ਼ੀ ਤੁਹਾਡੀ ਖਾਤਿਆਂ ‘ਚ ਪਾ ਦਿੱਤੀ ਜਾਵੇਗੀ ਪਰ ਹਾਲੇ ਤੱਕ ਅਜਿਹਾ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਉਹ ਤਾਂ ਹਮੇਸ਼ਾ ਹੀ ਸਕੂਲ ਦੀ ਬਿਹਤਰੀ ਲਈ ਆਪਣੇ ਪੱਲਿਓ ਵੀ ਪੈਸੇ ਖਰਚਦੇ ਰਹਿੰਦੇ ਨੇ ਜੇ ਸਰਕਾਰ ਇਨਾਮੀ ਰਾਸ਼ੀ ਦੇ ਦਿੰਦੀ ਤਾਂ ਉਸ ਨੂੰ ਵੀ ਬੱਚਿਆਂ ਦੀ ਭਲਾਈ ‘ਤੇ ਹੀ ਲਾਉਣਾ ਸੀ।

ਇੱਕ ਹੋਰ ਅਧਿਆਪਕ ਨੇ ਆਖਿਆ ਕਿ ਕੁੱਝ ਅਧਿਆਪਕਾਂ ਨੇ ਇਸ ਸਬੰਧੀ ਵਿਭਾਗ ਦੇ ਮੁੱਖ ਦਫ਼ਤਰ ‘ਚ ਸੰਪਰਕ ਵੀ ਕੀਤਾ ਸੀ ਪਰ ਉੱਥੋਂ ਇਹ ਕਹਿ ਕੇ ਮੋੜ ਦਿੱਤਾ ਕਿ ਤੁਹਾਡੀ ਰਾਸ਼ੀ ਲਈ ਵਿੱਤ ਵਿਭਾਗ ਨੂੰ ਲਿਖਿਆ ਹੋਇਆ ਹੈ। ਇਸ ਅਧਿਆਪਕ ਨੇ ਆਖਿਆ ਕਿ ਉਸ ਵੇਲੇ ਸਕੂਲ ਅਧਿਆਪਕਾਂ ਤੇ ਪ੍ਰਿੰਸੀਪਲ ਨੇ ਉਨ੍ਹਾਂ ਤੋਂ ਬੱਚਿਆਂ ਨੂੰ ਵਰਦੀਆਂ ਆਦਿ ਵੰਡਵਾ ਦਿੱਤੀਆਂ ਕਿ ਤੁਹਾਨੂੰ ਤਾਂ ਇਨਾਮੀ ਰਾਸ਼ੀ ਮਿਲ ਹੀ ਜਾਵੇਗੀ ਪਰ ਉਹ ਹਾਲੇ ਤੱਕ ਨਹੀਂ ਮਿਲੀ।

ਅਜਿਹੇ ਹੀ ਕਈ ਹੋਰ ਸਟੇਟ ਐਵਾਰਡੀ ਅਧਿਆਪਕਾਂ ਨਾਲ ‘ਸੱਚ ਕਹੂੰ’ ਨੇ ਜਦੋਂ ਸੰਪਰਕ ਕੀਤਾ ਤਾਂ ਉਨ੍ਹਾ ਨਾਂਅ ਨਾ ਲਿਖੇ ਜਾਣ ‘ਤੇ ਆਖਿਆ ਕਿ ਚਾਹੀਦਾ ਤਾਂ ਇਹ ਹੈ ਕਿ ਰਾਸ਼ੀ ਮੌਕੇ ‘ਤੇ ਹੀ ਪ੍ਰਦਾਨ ਕੀਤੀ ਜਾਵੇ ਪਰ ਇਹ ਤਾਂ ਦੋ ਸਾਲ ਬੀਤਣ ‘ਤੇ ਵੀ ਨਹੀਂ ਆਈ। ਦੱਸਣਯੋਗ ਹੈ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਇਸ ਸਟੇਟ ਐਵਾਰਡ ਦੀ ਰਾਸ਼ੀ ਨੂੰ 10 ਹਜ਼ਾਰ ਤੋਂ ਵਧਾ ਕੇ 25 ਹਜ਼ਾਰ ਰੁਪਏ ਕੀਤਾ ਸੀ ਪਰ ਉਸ ਤੋਂ ਬਾਅਦ ਹਾਲੇ ਤੱਕ ਕਿਸੇ ਵੀ ਅਧਿਆਪਕ ਦੇ ਪੱਲੇ ਇਹ ਰਾਸ਼ੀ ਨਹੀਂ ਪਈ।

ਤੁਸੀਂ ਸੈਕਟਰੀ ਨਾਲ ਗੱਲ ਕਰ ਲਓ : ਸਿੱਖਿਆ ਮੰਤਰੀ

ਇਸ ਸਬੰਧੀ ਜਦੋਂ ਸਿੱਖਿਆ ਮੰਤਰੀ ਓਪੀ ਸੋਨੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਆਖਿਆ ਕਿ ਉਹਨੂੰ ਤਾਂ ਹਾਲੇ ਮਹਿਕਮੇ ‘ਚ ਆਏ ਨੂੰ ਹੀ ਚਾਰ ਮਹੀਨੇ ਹੋਏ ਨੇ ਪਰ ਇਸ ਸਬੰਧੀ ਉਹ ਹੁਣੇ ਗੱਲ ਕਰਦੇ ਹਨ। ਉਨ੍ਹਾਂ ਇਹ ਵੀ ਆਖਿਆ ਕਿ ਤੁਸੀਂ ਸੈਕਟਰੀ ਨਾਲ ਗੱਲ ਕਰ ਲਓ ਪਰ ਸੈਕਟਰੀ ਨੇ ਫੋਨ ਨਹੀਂ ਚੁੱਕਿਆ।

ਹਰਿਆਣਾ ਅੱਗੇ ਨਿਕਲਿਆ

ਹਰਿਆਣਾ ਸਰਕਾਰ ਪੁਰਸਕਾਰ ਪ੍ਰਾਪਤ ਅਧਿਆਪਕਾਂ ਨੂੰ ਇਨਾਮੀ ਰਾਸ਼ੀ ਤੋਂ ਇਲਾਵਾ ਜਿੱਥੇ ਸੇਵਾ ਕਾਰਜ ‘ਚ ਦੋ ਸਾਲਾਂ ਦਾ ਵਾਧਾ ਕਰ ਰਹੀ ਹੈ ਉੱਥੇ ਤਨਖਾਹ ‘ਚ ਦੋ ਇੰਕਰੀਮੈਂਟ ਵੀ ਦਿੱਤੇ ਹਨ। ਇਸੇ ਤਰ੍ਹਾਂ ਰੇਲ ਯਾਤਰਾ ‘ਚ 25 ਫੀਸਦੀ ਕਿਰਾਏ ‘ਚ ਛੋਟ ਦਿੱਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।