ਪਰਨੀਤ ਕੌਰ ਕਾਂਗਰਸ ਦਾ ਹਿੱਸਾ ਨਹੀਂ, ਰਾਜਾ ਵੜਿੰਗ ਨੇ ਕੀਤਾ ਸਪੱਸ਼ਟ

Preneet Kaur Sachkahoon

ਕਿਹਾ, ਪਰਨੀਤ ਕੌਰ ਨੇ ਪਿਛਲੇ ਕਾਫ਼ੀ ਸਮੇਂ ਤੋਂ ਕਾਂਗਰਸ ਤੋਂ ਬਣਾਈ ਹੋਈ ਐ ਦੂਰੀ

ਕਾਂਗਰਸ ਦੀ ਥਾਂ, ਕਾਂਗਰਸ ਦੇ ਵਿਰੁੱਧ ਕੀਤਾ ਗਿਆ ਸੀ ਚੋਣਾਂ ਮੌਕੇ ਪ੍ਰਚਾਰ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ (Preneet Kaur) ਹੁਣ ਕਾਂਗਰਸ ਦਾ ਹਿੱਸਾ ਨਹੀਂ ਹਨ। ਭਾਵੇਂ ਕਿ ਉਹ ਪਟਿਆਲਾ ਤੋਂ ਕਾਂਗਰਸ ਪਾਰਟੀ ਦੀ ਤਰਫ਼ੋਂ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤੇ ਹੋਏ ਹਨ। ਪਰਨੀਤ ਕੌਰ ਪਿਛਲੇ ਕਾਫ਼ੀ ਸਮੇਂ ਤੋਂ ਕਾਂਗਰਸ ਤੋਂ ਦੂਰੀ ਬਣਾਈ ਬੈਠੇ ਹਨ। ਉਂਜ ਕਾਂਗਰਸ ਵੱਲੋਂ ਸਿੱਧੇ ਤੌਰ ’ਤੇ ਉਨ੍ਹਾਂ ਖਿਲਾਫ਼ ਕਾਰਵਾਈ ਤੋਂ ਬਚਿਆ ਗਿਆ ਹੈ।

ਦੱਸਣਯੋਗ ਹੈ ਕਿ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਵੱਲੋਂ ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਲਈ ਚੋਣ ਪ੍ਰਚਾਰ ਕਰਨ ਦੀ ਬਜਾਏ ਪਾਰਟੀ ਦੇ ਵਿਰੁੱਧ ਚੋਣ ਪ੍ਰਚਾਰ ਕੀਤਾ ਗਿਆ ਸੀ, ਇਸ ਦੇ ਬਾਵਜੂਦ ਹਾਈਕਮਾਂਡ ਵੱਲੋਂ ਸਿੱਧੇ ਤੌਰ ’ਤੇ ਪ੍ਰਨੀਤ ਕੌਰ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਇੱਧਰ ਅੱਜ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਸਾਫ਼ ਸ਼ਬਦਾਂ ਵਿੱਚ ਆਖ ਦਿੱਤਾ ਹੈ ਕਿ ਪ੍ਰਨੀਤ ਕੌਰ ਕਾਂਗਰਸ ਪਾਰਟੀ ਦਾ ਹਿੱਸਾ ਨਹੀਂ ਹਨ। ਉਨ੍ਹਾਂ ਕਿਹਾ ਕਿ ਉਹ ਬਤੌਰ ਪਾਰਟੀ ਪ੍ਰਧਾਨ ਪੂਰੀ ਜਿੰਮੇਵਾਰੀ ਨਾਲ ਆਪਣਾ ਬਿਆਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਭਾਵੇਂ ਮੈਂਬਰ ਪਾਰਲੀਮੈਂਟ ਹਨ, ਪਰ ਕਾਂਗਰਸ ਦਾ ਹਿੱਸਾ ਨਹੀਂ ਹਨ। ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਵੱਲੋਂ ਪਰਨੀਤ ਕੌਰ ਨੂੰ ਬਾਹਰ ਦਾ ਰਸਤਾ ਦਿਖਾਇਆ ਹੋਇਆ ਹੈ ਅਤੇ ਸਿਰਫ਼ ਲੋਕ ਸਭਾ ’ਚ ਆਪਣੇ ਮੈਂਬਰਾਂ ਦੀ ਗਿਣਤੀ ਘਟਣ ਕਰਕੇ ਇਸ ਮਾਮਲੇ ’ਤੇ ਚੁੱਪੀ ਧਾਰੀ ਹੋਈ ਸੀ। ਪਰਨੀਤ ਕੌਰ ਵੱਲੋਂ ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਕਾਂਗਰਸ ਪਾਰਟੀ ਲਈ ਕੋਈ ਪ੍ਰਚਾਰ ਨਹੀਂ ਕੀਤਾ ਗਿਆ। ਇੱਥੋਂ ਤੱਕ ਕਿ ਕਾਂਗਰਸ ਦੇ ਕਿਸੇ ਵੀ ਸਮਾਗਮ ਜਾਂ ਮੀਟਿੰਗ ਵਿੱਚ ਆਪਣੀ ਹਾਜਰੀ ਨਹੀਂ ਲਵਾਈ ਗਈ।

ਦੱਸਣਯੋਗ ਹੈ ਕਿ ਭਾਵੇਂ ਪਰਨੀਤ ਕੌਰ ਨੂੰ ਪਾਰਟੀ ਵੱਲੋਂ ਨੋਟਿਸ ਵੀ ਜਾਰੀ ਕੀਤਾ ਗਿਆ ਸੀ, ਪਰ ਉਸ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ। ਪਰਨੀਤ ਕੌਰ ਵੱਲੋਂ ਤਾਂ ਇੱਥੋਂ ਤੱਕ ਆਖ ਦਿੱਤਾ ਗਿਆ ਸੀ ਕਿ ਉਨ੍ਹਾਂ ਨੂੰ ਕੋਈ ਨੋਟਿਸ ਮਿਲਿਆ ਹੀ ਨਹੀਂ। ਇਸ ਲਈ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ। ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਆਪਣੀ ਪਾਰਟੀ ਬਣਾਉਣ ਤੋਂ ਬਾਅਦ ਹੀ ਪਰਨੀਤ ਕੌਰ ਵੱਲੋਂ ਪਹਿਲੇ ਦਿਨ ਤੋਂ ਆਖਿਆ ਗਿਆ ਸੀ ਕਿ ਉਹ ਆਪਣੇ ਪਰਿਵਾਰ ਅਤੇ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਨਾਲ ਹੀ ਖੜ੍ਹਨਗੇ। ਇੱਥੋਂ ਤੱਕ ਕਿ ਵਿਧਾਨ ਸਭਾ ਚੋਣਾਂ ਮੌਕੇ ਪਰਨੀਤ ਕੌਰ ਦੀਆਂ ਭਾਜਪਾ ਨਾਲ ਨਜ਼ਦੀਕੀਆਂ ਸਾਹਮਣੇ ਆਈਆਂ ਸਨ। ਹੁਣ ਸਪੱਸ਼ਟ ਹੋ ਗਿਆ ਹੈ ਕਿ ਪਰਨੀਤ ਕੌਰ ਅਗਲੀ ਚੋਣ ਜੇਕਰ ਲੜੇ ਤਾਂ ਭਾਜਪਾ ਦੀ ਤਰਫ਼ੋਂ ਹੀ ਲੜਨਗੇ। ਇਸ ਸਬੰਧੀ ਜਦੋਂ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਆਪਣਾ ਫੋਨ ਨਹੀਂ ਉਠਾਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ